ਗੱਗ ਕੇਸ ਦੀ ਬਾਰੀਕੀ ਨਾਲ ਜਾਂਚ ਹੋਵੇ : ਪ੍ਰਿੰ. ਸੁਰਿੰਦਰ ਸਿੰਘ
ਸ੍ਰੀ ਅਨੰਦਪੁਰ ਸਾਹਿਬ, 10 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)- ਬੀਤੇ ਕੱਲ ਨਜਦੀਕੀ ਪਿੰਡ ਗੱਗ ਦੇ ਨਿਵਾਸੀ ਸੁਰਜੀਤ ਗੱਗ ਵਲੋਂ ਆਪਣੀ ਫੇਸਬੁਕ ਤੇ ਗੁਰੂ ਸਾਹਿਬਾਨ ਖਿਲਾਫ ਵਰਤੀ ਘਟੀਆ ਸ਼ਬਦਾਵਲੀ ਦੇ ਮੱਦੇਨਜਰ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਇਲਾਕੇ ਦੀਆਂ ਸਿੱਖ ਜਥੇਬੰਦੀਆਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਇਸ ਵਰਤਾਰੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ ਨੇ ਕਿਹਾ ਕਿ ਕੇਸ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਇਹ ਪਤਾ ਲਗ ਸਕੇ ਕਿ ਇਸ ਪਿਛੇ ਕੀ ਸਾਜਿਸ਼ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਇਸ ਇਲਾਕੇ ਦੇ ਸ਼ਾਂਤਮਈ ਵਾਤਾਵਰਣ ਨੂੰ ਗੰਧਲਾ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਜੋ ਬ੍ਰਦਾਸ਼ਿਤ ਨਹੀ ਕੀਤੀ ਜਾਵੇਗੀ। ਉਘੇ ਸਿੱਖ ਵਿਦਵਾਨ ਭਾਈ ਹਰਸਿਮਰਨ ਸਿੰਘ ਨੇ ਕਿਹਾ ਕਿ ਸਾਨੂੰ ਅਦਾਲਤ ਤੇ ਵਿਸ਼ਵਾਸ਼ ਹੈ ਤੇ ਆਸ ਹੈ ਕਿ ਉਹ ਧਰਮ ਦੇ ਨਾਮ ਤੇ ਹਾਲਾਤ ਖਰਾਬ ਕਰਨ ਵਾਲੇ ਇਸ ਕਥਿਤ ਦੋਸ਼ੀ ਨੂੰ ਸਖਤ ਸਜਾ ਦੇਵੇਗੀ। ਮੀਟਿੰਗ ਵਿਚ ਸਮੂੰਹ ਆਗੂਆਂ ਨੇ ਪ੍ਰਸ਼ਾਸ਼ਨ ਦੇ ਵਤੀਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ ਨੇ ਸਮੇ ਸਿਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਤੇ ਮਾਮਲਾ ਦਰਜ ਕਰਕੇ ਆਪਣਾ ਫਰਜ ਬਾਖੂਬੀ ਨਿਭਾਇਆ ਹੈ। ਇਸ ਮੋਕੇ ਹੈਡ ਗੰ੍ਰਥੀ ਗਿ:ਫੂਲਾ ਸਿੰਘ, ਮੈਨੇਜਰ ਰਣਜੀਤ ਸਿੰਘ, ਕੌਂਸਲ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਮੋਹਣ ਸਿੰਘ ਡੂਮੇਵਾਲ, ਹਰਜੀਤ ਸਿੰਘ ਅਚਿੰਤ, ਸੰਦੀਪ ਸਿੰਘ ਕਲੌਤਾ, ਪ੍ਰਿੰ:ਗੁਰਮਿੰਦਰ ਸਿੰਘ ਭੁੱਲਰ, ਦਲਬੀਰ ਸਿੰਘ ਧੂੜੀਆ, ਪ੍ਰਿੰ:ਨਰਿੰਜਣ ਸਿੰਘ ਰਾਣਾ, ਹਰਦੇਵ ਸਿੰਘ ਕੁੱਕੂ, ਭਗਤ ਸਿੰਘ ਚਨੋਲੀ, ਭੁਪਿੰਦਰ ਸਿੰਘ , ਬਾਬਾ ਸਰੂਪ ਸਿੰਘ ਡੂਮੇਵਾਲ, ਅਰਜਨ ਸਿੰਘ ਆਦਿ ਹਾਜ਼ਰ ਸਨ।



