ਇਸ ਸੈਸ਼ਨ ਤੋਂ ਤਿੰਨ ਨਵੇਂ ਅਹਿਮ ਕੋਰਸ ਆਰੰਭ
ਜਲੰਧਰ, 6 ਜੁਲਾਈ-ਲਾਇਲਪੁਰ ਖਾਲਸਾ ਕਾਲਜ ਜਲੰਧਰ ਉਤਰੀ ਭਾਰਤ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮੰਨਿਆਂ ਜਾਂਦਾ ਹੈ। ਇਸ ਇਤਿਹਾਸਕ ਵਿੱਦਿਅਕ ਸੰਸਥਾ ਨੂੰ 2016 ਵਿੱਚ ਯੂ.ਜੀ.ਸੀ. ਨੇ ਦੇਸ਼ ਦੀਆਂ ਮੋਹਰੀ ਵਿੱਦਿਅਕ ਸੰਸਥਾਵਾਂ ਵਿੱਚ ਸ਼ੁਮਾਰ ਕਰਦਿਆਂ ‘ਪੋਟੈਂਸ਼ੀਅਲ ਵਿਦ ਐਕਸੀਲੈਂਸ’ ਦਾ ਦਰਜ਼ਾ ਦਿੱਤਾ ਹੈ। ਇਹ ਸੰਸਥਾ 1908 ਤੋਂ ਮਾਨਵਤਾ ਦੀ ਮਹਾਨ ਨਿਸ਼ਕਾਮ ਸੇਵਾ ਕਰ ਰਹੀ ਹੈ। ਪਾਕਿਸਤਾਨ ਦੇ ਲਾਇਲਪੁਰ (ਹੁਣ ਫੈਸਲਾਬਾਦ) ਵਿਖੇ ਖਾਲਸਾ ਸਕੂਲ ਵਜੋਂ ਸ਼ੁਰੂ ਹੋਈ ਇਹ ਸੰਸਥਾ 1926 ਵਿੱਚ ਕਾਲਜ ਬਣ ਗਈ। ਦੇਸ਼ ਦੀ ਵੰਡ ਤੋਂ ਬਾਅਦ 1948 ਵਿੱਚ ਇਸ ਸੰਸਥਾ ਨੂੰ ਜਲੰਧਰ ਵਿਖੇ ਮੁੜ ਸਥਾਪਿਤ ਕੀਤਾ ਗਿਆ। ਪਿਛਲੇ ਲਗਭਗ ਸੱਤ ਦਹਾਕਿਆਂ ਵਿੱਚ ਇਸ ਸੰਸਥਾ ਨੇ ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਦੇ ਖੇਤਰ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਮੁਜ਼ਾਹਰਾ ਕੀਤਾ ਹੈ। ਇਸ ਸਮੇਂ ਇਹ ਉਤਰੀ ਭਾਰਤ ਦੀ ਇਕ ਵੱਡੀ ਵਿੱਦਿਅਕ ਸੰਸਥਾ ਬਣ ਗਈ ਹੈ। ਕਾਲਜ ਵਿੱਚ 3000 ਤੋਂ ਵੱਧ ਲੜਕੀਆਂ ਸਮੇਤ 7500 ਵਿਦਿਆਰਥੀ ਵੱਖ-ਵੱਖ ਕੋਰਸਾਂ ਵਿੱਚ ਪੜ੍ਹਾਈ ਕਰ ਰਹੇ ਹਨ। ਕਾਲਜ ਦੀ ਗਵਰਨਿੰਗ ਕੌਂਸਲ ਅਤੇ ਮੈਨੇਜ਼ਮੈਂਟ ਕਮੇਟੀ ਵਿੱਚ ਬਹੁਤ ਹੀ ਵੱਡੀਆਂ ਅਤੇ ਮਾਣਯੋਗ ਸ਼ਖਸੀਅਤਾਂ ਸ਼ਾਮਿਲ ਹਨ। ਮੈਨੇਜ਼ਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਸ. ਬਲਬੀਰ ਸਿੰਘ ਐਮ.ਪੀ. ਨੇ 1973 ਤੋਂ 2008 ਤੱਕ ਇਸ ਸੰਸਥਾ ਦੀ ਸ਼ਾਨਦਾਰ ਸੇਵਾ ਕੀਤੀ। ਉਨ੍ਹਾਂ ਦੀ ਅਗਵਾਈ ਹੇਠ ਇਸ ਸੰਸਥਾ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ। ਹੁਣ ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਬਲਬੀਰ ਕੌਰ ਗਵਰਨਿੰਗ ਕੌਂਸਲ ਦੇ ਪ੍ਰਧਾਨ ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਲਾਇਲਪੁਰ ਖਾਲਸਾ ਕਾਲਜ ਦੀ ਮੈਨੇਜ਼ਮੈਂਟ ਵੱਲੋਂ ਚਾਰ ਹੋਰ ਸੰਸਥਾਵਾਂ ਕਾਇਮ ਕੀਤੀਆਂ ਗਈਆਂ ਹਨ। ਬੀਬੀ ਉਰਮਲਜੀਤ ਕੌਰ ਮੈਨੇਜ਼ਮੈਂਟ ਕਮੇਟੀ ਦੇ ਆਨਰੇਰੀ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ। 28 ਏਕੜ ਦੇ ਕੈਂਪਸ ਵਿੱਚ ਫੈਲੇ ਇਸ ਕਾਲਜ ਕੋਲ 117 ਕਲਾਸਰੂਮ ਅਤੇ 26 ਲੈਬ ਅਤੇ ਇੰਸਟਰੂਮੈਂਟ ਰੂਮ ਹਨ। ਕਾਲਜ ਵਿੱਚ ਆਰਟਸ, ਕਾਮਰਸ, ਕੰਪਿਊਟਰ ਸਾਇੰਸ, ਆਈ.ਟੀ. , ਸਾਇੰਸ ਅਤੇ ਫਿਜ਼ੀਓਥੈਰੇਪੀ ਦੇ ਕਈ ਦਰਜਨਾਂ ਕੋਰਸ ਉਪਲੱਬਧ ਹਨ। ਕਾਲਜ ਵੱਲੋਂ ਇਸ ਸੈਸ਼ਨ ਤੋਂ ਤਿੰਨ ਬਹੁਤ ਹੀ ਅਹਿਮ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨਾਂ ਵਿਚ ਬੀ.ਏ.ਮਿਊਜ਼ਿਕ, ਬੀ.ਏ. ਜਰਨਲਿਸਮ ਐਂਡ ਮਾਸ ਕਮਿਊਨਿਕੇਸ਼ਨ ਅਤੇ ਡਿਪਲੋਮਾ ਇਨ ਕੰਪਿਊਟਰ ਐਨੀਮੇਸ਼ਨ ਸ਼ਾਮਿਲ ਹਨ। ਕਾਲਜ ਦੇ ਬਹੁਤ ਹੀ ਪ੍ਰਤਿਭਾਸ਼ਾਲੀ ਪਿੰ੍ਰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਮੰਨੇ-ਪ੍ਰਮੰਨੇ ਸਿੱਖਿਆ ਸ਼ਾਸਤਰੀ ਅਤੇ ਯੋਗ ਪ੍ਰਬੰਧਕ ਹਨ। ਉਨ੍ਹਾਂ ਦੀ ਅਗਵਾਈ ਹੇਠ ਕਾਲਜ ਨੇ ਪੜ੍ਹਾਈ ਖੇਡਾਂ ਅਤੇ ਦੂਸਰੀਆਂ ਸਰਗਰਮੀਆਂ ਵਿੱਚ ਵੱਡੇ ਕੀਰਤੀਮਾਨ ਕਾਇਮ ਕੀਤੇ ਹਨ। ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤੇਜਾ ਸਿੰਘ ਸਮੁੰਦਰੀ ਓਵਰਆਲ ਸਪੋਰਟਸ ਚੈਂਪੀਅਨਸ਼ਿਪ ਟਰਾਫ਼ੀ 22 ਵਾਰ ਜਿੱਤ ਕੇ ਰਿਕਾਰਡ ਬਣਾਇਆ ਹੈ। ਇਹ ਟਰਾਫ਼ੀ ਕਾਲਜ ਨੇ 11 ਵਾਰ ਲਗਾਤਾਰ ਜਿੱਤੀ ਹੈ। ਕਾਲਜ ਦਾ ਵਿੱਦਿਅਕ ਮਾਹੌਲ ਬਹੁਤ ਹੀ ਸ਼ਾਨਦਾਰ ਹੈ। ਇਸ ਕਾਰਨ ਹੀ ਪ੍ਰਤਿਭਾਸ਼ਾਲੀ ਵਿਦਿਆਰਥੀ ਇਸ ਕਾਲਜ ਨੂੰ ਤਰਜੀਹ ਦੇ ਰਹੇ ਹਨ। ਕਾਲਜ ਵਿੱਚ ਦਾਖ਼ਲਿਆਂ ਦਾ ਜ਼ੋਰ ਹੈ।