ਬਰਨਾਲਾ, 5 ਜੁਲਾਈ (ਨਿਰਮਲ ਸਿੰਘ ਪੰਡੋਰੀ)- ਜ਼ਿਲ੍ਹਾ ਬਰਨਾਲਾ ਦੇ ਪੁਲਿਸ ਮੁਖੀ ਬਲਜੋਤ ਸਿੰਘ ਰਾਠੌਰ ਦੀ ਪਦ ੳੁਨਤੀ ਤੋਂ ਬਾਅਦ ਨਵੇਂ ਆਏ ਜ਼ਿਲ੍ਹਾ ਪੁਲਿਸ ਮੁਖੀ ਸ.ਹਰਜੀਤ ਸਿੰਘ ਆਈ.ਪੀ.ਐਸ. ਨੇ ਆਪਣੀ ਪਲੇਠੀ ਪ੍ਰੈਸ ਮਿਲਣੀ ਵਿਚ ਇਸ ਗਲ ਉਪਰ ਵਿਸ਼ੇਸ਼ ਜ਼ੋਰ ਦਿਤਾ ਕਿ ਸਮਾਜ ਵਿਚ ਦਿਨੋਂ ਦਿਨ ਵਧ ਰਹੇ ਜੁਰਮ ਨੂੰ ਘਟਾਉਣ ਅਤੇ ਅਪਰਾਧੀਆਂ ਨੂੰ ਕੀਤੇ ਜੁਰਮ ਬਦਲੇ ਸਜ਼ਾ ਦਿਵਾਉਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕ ਪੁਲਿਸ ਦੀਆ ਅਖਾਂ ਤੇ ਕੰਨ ਹੁੰਦੇ ਹਨ ਜਿਥੋਂ ਪੁਲਿਸ ਨੂੰ ਜ਼ਰਾਇਮ ਪੇਸ਼ਾ ਲੋਕਾਂ ਬਾਰੇ ਸਹੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬਤੌਰ ਜ਼ਿਲ੍ਹਾ ਪੁਲਿਸ ਮੁਖੀ ਉਨ੍ਹਾਂ ਦੀ ਪਹਿਲ ਲੁਟ ਖੋਹ ਦੀਆਂ ਘਟਨਾਵਾਂ ਤੇ ਚੋਰੀ ਦੀਆਂ ਵਾਰਦਾਤਾਂ ਰੋਕਣਾ ਅਤੇ ਲੋਕਾਂ ਨੂੰ ਜੁਰਮ ਰਹਿਤ ਮਾਹੌਲ ਮੁਹਈਆ ਕਰਵਾਉਣ ਦੀ ਹੋਵੇਗੀ। ਉਨ੍ਹਾਂ ਦਸਿਆ ਕਿ ਸ਼ਹਿਰ ਅੰਦਰ ਪੀਸੀਆਰ ਗਸ਼ਤ ਹੋਰ ਤੇਜ਼ ਕੀਤੀ ਜਾਵੇਗੀ। ਲੁਧਿਆਣਾ ਵਰਗੇ ਮਹਾਂਨਗਰ ਵਿਚ ਬਤੌਰ ਏਸੀਪੀ (ਟ੍ਰੈਫ਼ਿਕ) ਦੀ ਡਿਊਟੀ ਨਿਭਾ ਚੁਕੇ ਸ. ਹਰਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਵਲ ਵਿਸ਼ੇਸ਼ ਧਿਆਨ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਨ-ਵੇ ਸਿਸਟਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗ। ਸ. ਹਰਜੀਤ ਸਿੰਘ ਤਰਨਤਾਰਨ ਤੋਂ ਬਦਲ ਕੇ ਇਥੇ ਆਏ ਹਨ। ਇਸ ਮੌਕੇ ਸਵਰਨ ਸਿੰਘ ਖੰਨਾ ਐਸਪੀ (ਡੀ), ਸੁਰਿੰਦਰਪਾਲ ਸਿੰਘ ਐਸਪੀ (ਐਚ), ਕੁਲਦੀਪ ਸਿੰਘ ਵਿਰਕ ਡੀਐਸਪੀ ਵੀ ਹਾਜ਼ਰ ਸਨ।