ਧੂਰੀ/ਸੰਗਰੂਰ, 5 ਜੁਲਾਈ (ਹਰਜੀਤ ਸਿੰਘ ਹਸਨਪੁਰੀ)- ਪੰਜਾਬ ਸਰਕਾਰ ਵਲੋਂ ਮੌਜੂਦਾ ਵਿਤੀ ਵਰ੍ਹੇ ’ਚ ਰਾਜ ਵਿਚ ਸਿਖਿਆ ਦਾ ਮਿਆਰ ਉਚਾ ਚੁਕਣ ਲਈ ਸਾਲਾਨਾ ਬਜਟ ਵਿਚ 60 ਕਰੋੜ 52 ਲਖ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਰਾਜ ਦੇ ਵਿਦਿਆਰਥੀ ਭਵਿਖ ’ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਭਾਗ ਲੈ ਕੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪਧਰ ’ਤੇ ਵਡੀਆਂ ਮਲਾਂ ਮਾਰਨ ਦੇ ਸਮਰਥ ਹੋ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਧੂਰੀ ਸ਼੍ਰੀ ਦਲਵੀਰ ਸਿੰਘ ਗੋਲਡੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮੁਢਲੀ ਸਿਖਿਆ ਦੇ ਆਧਾਰ ਨੂੰ ਮਜ਼ਬੂਤ ਕਰਨ ਲਈ ਸਰਕਾਰ ਵਲੋਂ ਪ੍ਰਾਇਮਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਫਰਨੀਚਰ ਮੁਹਈਆ ਕਰਵਾਉਣ ਲਈ 21 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸ੍ਰੀ ਗੋਲਡੀ ਨੇ ਕਿਹਾ ਕਿ ਪ੍ਰਾਇਮਰੀ ਪਧਰ ’ਤੇ ਹੀ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਕੰਪਿਊਟਰ ਸਿਖਿਆ ਮੁਹਈਆ ਕਰਵਾਉਣ ਲਈ ਇਸ ਵਰ੍ਹੇ 10 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਸਾਰੇ ਸਰਕਾਰੀ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਇੰਟਰਨੈਟ ਨਾਲ ਜੋੜਨ ਲਈ ਵਾਈ ਫਾਈ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਲਾਕ ਪਧਰ ’ਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਵਿਸ਼ੇਸ਼ ਪੁਰਸਕਾਰ ਦਿਤੇ ਜਾਣਗੇ ਜੋ ਕਿ ਹੋਰਨਾਂ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰਨਗੇ ਅਤੇ ਸਰਕਾਰ ਵਲੋਂ ਇਸ ਕਾਰਜ ਲਈ 9.27 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਅਤੇ ਵਰਦੀਆਂ ਵੀ ਮੁਹਈਆ ਕਰਵਾਈਆਂ ਜਾਣਗੀਆਂ। ਵਿਧਾਇਕ ਸ਼੍ਰੀ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਚੇਰੀ ਸਿਖਿਆ ਦੇ ਮਿਆਰਾਂ ਨੂੰ ੳੁਚਾ ਚੁਕਣ ਲਈ ਵੀ ਵਡੀ ਪਹਿਲਕਦਮੀ ਕੀਤੀ ਜਾ ਰਹੀ ਹੈ ਅਤੇ ਪਛੜੇ ਖੇਤਰਾਂ ਵਿਚ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਨਵੇਂ ਡਿਗਰੀ ਕਾਲਜ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।