ਫਰੀਦਕੋਟ ਡਵੀਜ਼ਨ ਦੇ ਨਵੇਂ ਕਮਿਸ਼ਨਰ ਸ਼੍ਰੀ ਸੁਮੇਰ ਕੁਮਾਰ ਗੁਰਜਰ ਨੇ ਅਹੁਦੇ ਦਾ ਚਾਰਜ ਸੰਭਾਲਿਆ

image ਫਰੀਦਕੋਟ, 3 ਜੁਲਾਈ (ਗੁਰਜੀਤ ਰੋਮਾਣਾ)- ਪੰਜਾਬ ਸਰਕਾਰ ਵਲੋਂ ਫਰੀਦਕੋਟ ਡਵੀਜਨ ਲਈ ਤਾਇਨਾਤ ਕੀਤੇ ਨਵੇਂ ਡਵੀਜਨਲ ਕਮਿਸ਼ਨਰ ਸ਼੍ਰੀ ਸੁਮੇਰ ਕੁਮਾਰ ਗੁਰਜਰ ਆਈ.ਏ.ਐਸ ਨੇ ਅਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ। ਉਹ 1998 ਬੈਚ ਦੇ ਆਈ. ਏ. ਐਸ. ਅਧਿਕਾਰੀ ਹਨ। ਸ਼੍ਰੀ ਸੁਮੇਰ ਕੁਮਾਰ ਇਸ ਤੋਂ ਪਹਿਲਾ ਸਕਤਰ ਪੰਜਾਬ ਬਾਲ ਸੁਰਖਿਆ ਕਮਿਸ਼ਨ ਦੇ ਅਹੁਦੇ ’ਤੇ ਤਾਇਨਾਤ ਸਨ। ਉਨ੍ਹਾਂ ਨੂੰ ਸਕਤਰ ਬਾਲ ਅਧਿਕਾਰ ਪੰਜਾਬ ਰਾਜ  ਕਮਿਸ਼ਨ ਦਾ ਵੀ ਵਾਧੂ ਚਾਰਜ ਦਿਤਾ ਗਿਆ ਹੈ ਅਤੇ ਉਹ ਡਵੀਜਨਲ ਕਮਿਸ਼ਨਰ ਪਟਿਆਲਾ, ਡਿਪਟੀ ਕਮਿਸ਼ਨਰ ਲੁਧਿਆਣਾ ਦੇ ਅਹੁਦੇ ਤੇ ਤਾਇਨਾਤ ਰਹੇ ਹਨ। ਜ਼ਿਕਰਯੋਗ ਹੈ ਕਿ ਆਪ ਇਸ ਜ਼ਿਲ੍ਹੇ ਵਿਚ ਬਤੌਰ ਐਸ.ਡੀ.ਐਮ ਜੈਤੋ ਸੇਵਾਵਾਂ ਨਿਭਾਅ ਚੁਕੇ ਹਨ ਜੋ ਕਿ ਇੰਨ੍ਹਾਂ ਦੀ ਪਹਿਲੀ ਨਿਯੁਕਤੀ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਜੀਵ ਪਰਾਸ਼ਰ ਆਈ.ਏ.ਐਸ ਅਤੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਆਈ.ਪੀ.ਐਸ ਨੇ ਉਨ੍ਹਾਂ ਨੂੰ ਜੀ ਆਇਆ ਕਿਹਾ ਅਤੇ ਗੁਲਦਸਤੇ ਭੇਂਟ ਕੀਤੇ ਅਤੇ ਉਨ੍ਹਾਂ ਦੀ ਫਰੀਦਕੋਟ ਜ਼ਿਲ੍ਹੇ ‘ਚ ਨਿਯੁਕਤੀ ਲਈ ਮੁਬਾਰਕਬਾਦ ਪੇਸ਼ ਕੀਤੀ।ਆਪਣਾ ਅਹੁਦਾ ਸੰਭਾਲਣ ਉਪਰੰਤ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਸਾਫ ਸੁਥਰੀਆਂ ਤੇ ਸਮਾਬਧ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਪ੍ਰਸ਼ਾਸ਼ਨ ਵੱਲੋਂ ਪਹਿਲਾ ਤੋਂ ਆਰੰਭੇ ਗਏ ਕਾਰਜਾਂ ਨੂੰ ਵੀ ਸਮੇਂ ਸਿਰ ਨੇਪਰੇ ਚਾੜਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਸਮੇਂ ਸਿਰ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਡਿਉਟੀ ਵਿਚ ਕੋਤਾਹੀ ਤੇ ਭ੍ਰਿਸ਼ਟਾਚਾਰ ਬਰਦਾਸਤ ਨਹੀਂ ਕੀਤਾ ਜਾਵੇਗਾ। ਉਹਨਾਂ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਦਫ਼ਤਰਾਂ ਵਿਚ ਰੋਜਮਰਾ ਦੇ ਕੰਮ ਕਰਾਉਣ ਆਉਂਦੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣ। ਅਹੁਦਾ ਸੰਭਾਲਣ ਤੋਂ ਪਹਿਲਾ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਨਵੇਂ ਡਵੀਜਨਲ ਕਮਿਸ਼ਨਰ ਸ਼੍ਰੀ ਸੁਮੇਰ ਕੁਮਾਰ ਨੂੰ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ ਫਰੀਦਕੋਟ ਸ. ਗੁਰਜੀਤ ਸਿੰਘ, ਤਹਿਸੀਲਦਾਰ ਆਰ. ਕੇ.ਜੈਨ, ਡੀ.ਐਸ.ਪੀ ਜਸਤਿੰਦਰ ਸਿੰਘ, ਐਸ.ਐਚ.ਓ ਕੋਤਵਾਲੀ ਸ੍ਰੀ ਰਾਜੇਸ਼ ਕੁਮਾਰ, ਮਾਲ ਅਧਿਕਾਰੀ ਅਤੇ ਜ਼ਿਲ੍ਹੇ ਦੇ ਹੋਰ ਕਈ ਸੀਨੀਅਰ ਅਧਿਕਾਰੀ ਵੀ ਹਾਜਰ ਸਨ।ਇਸ ਤੋਂ ਪਹਿਲਾਂ ਸ੍ਰੀ ਸੁਮੇਰ ਕੁਮਾਰ ਟਿਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਏ ਅਤੇ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ।

Send this to a friend