ਬਠਿੰਡਾ ’ਚ ਕੰਮ ਕਰ ਰਹੇ ਅਣ-ਅਧਿਕਾਰਤ ਟਰੈਵਲ ਏਜੰਟਾਂ/ਆਈਲਟਸ ਕੇਂਦਰਾਂ ’ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ

image ਬਠਿੰਡਾ, 3 ਜੁਲਾਈ (ਇੰਦਰਜੀਤ ਨਥਾਣਾ ) -ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਅੱਜ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣਾ ਭਵਿੱਖ ਸੁਰੱਖਿਅਤ ਰੱਖਣ ਲਈ ਅਤੇ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਲਈ ਉਹ ਪੰਜਾਬ ਸਰਕਾਰ ਵਲੋਂ ਮਾਨਤਾ ਪ੍ਰਾਪਤ ਟ੍ਰੈਵਲ ਏਜੰਟ, ਆਈਲਟਸ ਕੋਚਿੰਗ ਸੈਂਟਰ, ਕੰਸਲਟੈਂਸੀ, ਟਿਕਟਿੰਗ ਏਜੰਟਸ ਆਦਿ ਦੀ ਹੀ ਸੇਵਾਵਾਂ ਲੈਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਠਿੰਡਾ ’ਚ 14 ਵਿਅਕਤੀਆਂ ਨੂੰ ਹੀ ਪੰਜਾਬ ਮਨੁੱਖ ਤਸਕਰੀ ਰੋਕਥਾਮ ਐਕਟ 2012 ਤਹਿਤ ਲਾਇਸੈਂਸ ਜਾਰੀ ਕੀਤੇ ਗਏ ਹਨ। ਇਨ੍ਹਾਂ 14 ਮਾਨਤਾ ਪ੍ਰਾਪਤ ਵਿਅਕਤੀਆਂ ਤੋਂ ਇਲਾਵਾ ਜੇਕਰ ਕੋਈ ਹੋਰ ਟ੍ਰੈਵਲ ਏਜੰਟ, ਆਈਲਟਸ ਕੋਚਿੰਗ, ਕੰਸਲਟੈਂਸੀ, ਟਿਕਟਿੰਗ ਏਜੰਟ ਆਦਿ ਦਾ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਸਬੰਧੀ ਲਾਇਸੈਂਸ ਲੈਣ ਲਈ ਆਪਣੀ ਅਰਜ਼ੀ ਦਫ਼ਤਰ ਡਿਪਟੀ ਕਮਿਸ਼ਨਰ ਬਠਿੰਡਾ ਵਿਖੇ ਦੇ ਸਕਦਾ ਹੈ। ਉਨ੍ਹਾਂ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਲਾਇਸੈਂਸ ਲੈਣ ਅਤੇ ਸੁਰੱਖਿਅਤ ਤਰੀਕੇ ਨਾਲ ਕੰਮ ਕਰਨ। ਸ਼੍ਰੀ ਲਾਕਰਾ ਨੇ ਦੱਸਿਆ ਕਿ ਗੈਰ ਕਾਨੂੰਨੀ ਤਰੀਕੇ ਨਾਲ ਬਿਨ੍ਹਾਂ ਲਾਇਸੈਂਸ ਦੇ ਕੰਮ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ’ਤੇ ਜੁਰਮਾਨਾਂ ਲਗਾਇਆ ਜਾਵੇਗਾ।

Send this to a friend