ਜ਼ਿਲ੍ਹਾ ਫ਼ਿਰੋਜ਼ਪੁਰ ਦੇ 1074 ਉਸਾਰੀ ਕਿਰਤੀਆਂ ਨੂੰ ਦਿੱਤੀ ਜਾਵੇਗੀ ਮਾਲੀ ਸਹਾਇਤਾ : ਰਾਮਵੀਰ

image ਫਿਰੋਜ਼ਪੁਰ, 23 ਜੂਨ (ਸਤਬੀਰ ਬਰਾੜ)-ਪੰਜਾਬ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਉਸਾਰੀ ਕਿਰਤੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਵੱਡੇ ਪੱਧਰ ਤੇ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਰਾਮਵੀਰ ਆਈਏਐਸ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਸਾਰੀ ਕਿਰਤੀ ਮਜ਼ਦੂਰਾਂ ਲਈ ਪੰਜਾਬ ਕੰਸਟਰੱਕਸ਼ਨ ਬੋਰਡ ਵੱਲੋਂ ਖ਼ਤਰਨਾਕ ਬਿਮਾਰੀਆਂ ਦੇ ਇਲਾਜ ਤੋਂ ਇਲਾਵਾ ਵਜ਼ੀਫ਼ਾ ਸਕੀਮ, ਸ਼ਗਨ ਸਕੀਮ, ਐਲਟੀਸੀ, ਐਕਸਗ੍ਰੇਸ਼ੀਆ ਸਕੀਮ ਅਤੇ ਦਾਹ ਸੰਸਕਾਰ ਸਕੀਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ 1074 ਦੇ ਕਰੀਬ ਲਾਭਪਾਤਰੀਆਂ ਨੂੰ 1, 26, 18,440 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵੈਲਫੇਅਰ ਬੋਰਡ ਵੱਲੋਂ ਉਸਾਰੀ ਕਿਰਤੀਆਂ ਦੇ 983 ਬੱਚਿਆਂ ਲਈ 84 ਲੱਖ 82 ਹਜ਼ਾਰ ਰੁਪਏ ਵਜ਼ੀਫ਼ਾ ਸਕੀਮ, ਸ਼ਗਨ ਸਕੀਮ ਤਹਿਤ 57 ਲਾਭਪਾਤਰੀਆਂ ਨੂੰ 17 ਲੱਖ 67 ਹਜ਼ਾਰ ਰੁਪਏ, ਐਲ.ਟੀ.ਸੀ ਤਹਿਤ 14 ਲਾਭਪਾਤਰੀਆਂ ਨੂੰ 28 ਹਜ਼ਾਰ ਰੁਪਏ, ਐਕਸਗ੍ਰੇਸ਼ੀਆ ਸਕੀਮ ਤਹਿਤ 7 ਲਾਭਪਾਤਰੀਆਂ ਨੂੰ 21 ਲੱਖ ਰੁਪਏ, ਦਾਹ ਸੰਸਕਾਰ ਲਈ 8 ਵਿਅਕਤੀਆਂ ਨੂੰ 1 ਲੱਖ 60 ਹਜ਼ਾਰ ਰੁਪਏ, ਜਨਰਲ ਸਰਜਰੀ ਦੇ 1 ਲਾਭਪਾਤਰੀ ਨੂੰ 16 ਹਜ਼ਾਰ 440 ਰੁਪਏ, ਅਪੰਗਤਾ ਦੇ 3 ਲਾਭਪਾਤਰੀਆਂ ਨੂੰ 60 ਹਜ਼ਾਰ ਰੁਪਏ ਅਤੇ ਪ੍ਰਸੂਤਾ (ਜਣੇਪਾ) ਸਕੀਮ ਤਹਿਤ 1 ਲਾਭਪਾਤਰੀ ਨੂੰ 5 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਲਾਭਪਾਤਰੀਆਂ ਦੇ ਖਾਤਿਆਂ ਵਿਚ ਭੇਜੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਹਾਇਕ ਕਿਰਤ ਕਮਿਸ਼ਨਰ ਐਸਕੇ ਭੋਰੀਵਾਲ ਨੇ ਦੱਸਿਆ ਕਿ ਪੰਜਾਬ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਭਲਾਈ ਕਿਰਤੀਆਂ ਲਈ ਵੱਡੇ ਉਪਰਾਲੇ ਕਰ ਰਹੀ ਹੈ ਅਤੇ ਇਸ ਤੋਂ ਇਲਾਵਾ ਉਸਾਰੀ ਕਿਰਤੀਆਂ ਨੂੰ ਵਿਸ਼ੇਸ਼ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਜਿਵੇਂ ਕਿ ਜੇਕਰ ਕਿਸੇ ਵਿਅਕਤੀ ਦੀ ਉਮਰ 18 ਸਾਲ ਤੋਂ 60 ਸਾਲ ਦੇ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੌਰਾਨ ਪੰਜਾਬ ਵਿਚ 90 ਦਿਨ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ ਤਾਂ ਉਹ ਬੋਰਡ ਦਾ ਮੈਂਬਰ ਬਣ ਸਕਦਾ ਹੈ।

Send this to a friend