ਸਰਕਾਰ ਦੇ ਬਜਟ ਨਾਲ ਪੰਜਾਬ ’ਚ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ : ਢਿੱਲੋਂ

image ਡੇਰਾਬੱਸੀ, 23 ਜੂਨ (ਜਸਬੀਰ ਸਿੰਘ ਜੱਸੀ)-ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਬਜਟ ਨਾਲ ਪੰਜਾਬ ਵਿੱਚ ਨਵੇਂ ਯੁੱਗ ਦੀ ਸੁਰੂਆਤ ਹੋਵੇਗੀ ਅਤੇ ਇਹ ਬਜਟ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਪਾਉਣ ਲਈ ਬੇਹੱਦ ਸਹਾਈ ਹੋਵੇਗਾ। ਇਸ ਗੱਲ ਦੀ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਅਤੇ ਜਨਰਲ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਸ੍ਰ: ਦੀਪਇੰਦਰ ਸਿੰਘ ਢਿੱਲੋਂ ਨੇ  ਡੇਰਾਬਸੀ ਵਿਖੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਦਿੱਤੀ।  ਉਨ੍ਹਾਂ ਪੇਸ਼ ਕੀਤੇ ਬਜਟ ਨੂੰ ਵਿਕਾਸ ਮੁਖੀ, ਗਰੀਬ ਪੱਖੀ ਅਤੇ ਤਰੱਕੀ ਪਸੰਦ ਦੱਸਦਿਆਂ ਕਿਹਾ ਕਿ ਇਸ ਬਜਟ ਰਾਂਹੀ ਹਰ ਵਰਗ ਦੀ ਭਲਾਈ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ  ਲਈ ਬਜਟ ਵਿੱਚ 10 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਵੇਗਾ ਅਤੇ ਸਾਰੇ ਖੇਤਰਾਂ ਵਿੱਚ ਤਰੱਕੀ ਲਈ ਇੱਕ ਨਵਾਂ ਰਾਹ ਖੋਲੇਗਾ। ਉਨ੍ਹਾਂ ਆਖਿਆ ਕਿ ਮੁਹਾਲੀ ਵਿਖੇ ਪੰਜਾਬ ਸਰਕਾਰ ਵੱਲੋਂ ਨਵਾਂ ਮੈਡੀਕਲ ਕਾਲਜ ਖੋਲਣ ਨਾਲ ਇਸ ਖਿੱਤੇ ਵਿੱਚ ਲੋਕਾਂ ਨੂੰ ਵਿਸ਼ਵ ਪੱਧਰੀ ਬਿਹਤਰ ਸਿਹਤ ਸੇਵਾਵਾਂ ਮਿਲ ਸਕਣਗੀਆਂ ਅਤੇ ਇਹ ਕਾਲਜ ਮੈਡੀਕਲ ਖੇਤਰ ਵਿੱਚ ਇੱਕ ਮੀਂਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਜਟ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤਾਂ ਲਈ ਚਾਲੂ ਮਾਲੀ ਸਾਲ ਦੌਰਾਨ 686 ਕਰੋੜ 83 ਲੱਖ ਦੀ ਕੀਤੀ ਵਿਵਸਥਾ ਨਾਲ ਪਿੰਡਾਂ ਦੀ ਨੁਹਾਰ ਬਦਲੇਗੀ। ਉਨ੍ਹਾਂ ਬਜਟ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਕਰਜਾ ਮੁਕਤ ਕਰਨ ਲਈ 1500 ਕਰੋੜ ਰੁਪਏ ਰਾਖਵੇ ਰੱਖਣ ਦੀ ਤਜਵੀਜ ਦੀ ਵੀ ਭਰਪੂਰ ਪ੍ਰਸੰਸਾ ਕੀਤੀ।

Send this to a friend