ਫਿਰੋਜ਼ਪੁਰ, 22 ਜੂਨ (ਕਪੂਰ, ਗੁਰਮੇਜ)-ਪੰਜਾਬ ਰੋਡਵੇਜ਼ ਡਿਪੂ ਫਿਰੋਜ਼ਪੁਰ ਦੇ ਗੇਟ ਤੇ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਤੇ ਸਮੂਹ ਜਥੇਬੰਦੀਆਂ ਵੱਲੋਂ ਗੇਟ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆ ਬਲਵੰਤ ਸਿੰਘ ਭੁੱਲਰ ਪ੍ਰਧਾਨ ਇੰਟਕ ਨੇ ਦੱਸਿਆ ਕਿ 6ਵੇਂ ਪੇ ਕਮਿਸ਼ਨ ਨੂੰ ਲਾਗੂ ਕੀਤਾ ਜਾਵੇ, ਪੰਜਾਬ ਰੋਡਵੇਜ਼ ਦੇ ਟਾਇਮ ਟੇਬਲਾਂ ਵਿਚ ਕੀਤੀ ਜਾ ਰਹੀ ਘਪਲੇਬਾਜ਼ੀ ਬੰਦ ਕੀਤੀ ਜਾਵੇ ਅਤੇ ਪੰਜਾਬ ਰੋਡਵੇਜ਼ ਦੇ ਡਰਾਈਵਰਾਂ, ਕੰਡਕਟਰਾਂ ਨੂੰ ਬਣਦਾ ਓਵਰ ਟਾਇਮ ਦਿੱਤਾ ਜਾਵੇ ਅਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਅਤੇ ਸਾਰੇ ਵਿਭਾਗਾਂ ਵਿਚ ਠੇਕੇਦਾਰੀ ਸਿਸਟਮ ਤੇ ਕੰਮ ਕਰ ਰਹੇ ਵਰਕਰਾਂ ਨੂੰ ਵਿਭਾਗਾਂ ਵਿਚ ਪੱਕਾ ਕੀਤਾ ਜਾਵੇ। ਪੰਜਾਬ ਰੋਡਵੇਜ਼ ਵਿਚ 2407 ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ ਅਤੇ ਵਿਭਾਗ ਵਿਚ ਬਣਦੀਆਂ ਪ੍ਰਮੋਸ਼ਨਾਂ ਜਲਦੀ ਕੀਤੀਆਂ ਜਾਣ। ਵਿਭਾਗ ਵਿਚ ਰਹਿੰਦੀਆਂ ਖਾਲੀ ਆਸਾਮੀਆਂ ਜਲਦੀ ਭਰੀਆਂ ਜਾਣ। ਪੰਜਾਬ ਰੋਡਵੇਜ਼ ਦੇ ਸਾਰੇ ਡਿਪੂਆਂ ਵਿਚ ਮੈਨੇਜਮੈਂਟ ਵੱਲੋਂ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ ਅਤੇ ਫਿਰੋਜ਼ਪੁਰ ਡਿਪੂ ਵਿਖੇ ਮੈਨੇਜਮੈਂਟ ਵੱਲੋਂ ਰੋਡਵੇਜ਼ ਦੀ ਜਗ੍ਹਾ ਤੇ ਨਾਜਾਇਜ਼ ਕਬਜ਼ਾ ਕਰਵਾਇਆ ਜਾ ਰਿਹਾ ਹੈ। ਇਸ ਨੂੰ ਤੁਰੰਤ ਰੋਕਿਆ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ। ਜੇਕਰ ਫਿਰੋਜ਼ਪੁਰ ਡਿਪੂ ਦੇ ਮੁਲਾਜ਼ਮ ਜਥੇਬੰਦੀਆਂ ਨੇ ਖੁਦ ਆਪਣੇ ਖਰਚੇ ਤੇ ਵਰਕਰਾਂ ਲਈ ਰੈਸਟ ਰੂਮ ਬਨਾਉਣ ਦੀ ਇਜ਼ਾਜਤ ਮੰਗੀ ਤਾਂ ਮੈਨੇਜਮੈਂਟ ਵੱਲੋਂ ਸਾਫ ਇਨਕਾਰ ਕਰ ਦਿੱਤਾ ਗਿਆ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਫਿਰੋਜ਼ਪੁਰ ਡਿਪੂ ਵਿਚ ਵਰਕਰਾਂ ਲਈ ਰੈਸਟ ਰੂਮ ਨਹੀਂ ਹੈ। ਡਿਪੂ ਦੀ ਖਾਲੀ ਪਈ ਜਗ੍ਹਾ ਤੇ ਰੈਸਟ ਰੂਮ ਬਨਾਉਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਇਨ੍ਹਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਰੈਲੀ ਨੂੰ ਮੁਲਖ ਰਾਜ ਸੀਨੀਅਰ ਲੀਡਰ ਇੰਟਕ, ਸੁਖਪਾਲ ਸਿੰਘ ਪ੍ਰਧਾਨ ਐ¤ਸਸੀ ਯੂਨੀਅਨ ਅਤੇ ਰੇਸ਼ਮ ਸਿੰਘ ਸੂਬਾ ਮੀਤ ਪ੍ਰਧਾਨ, ਕਰਮਚਾਰੀ ਦਲ ਦੇ ਗੁਰਜੀਤ ਸਿੰਘ ਪ੍ਰਧਾਨ ਅਤੇ ਕਰਮਚਾਰੀ ਦਲ ਦੇ ਸਕੱਤਰ ਸੁਖਵੀਰ ਸਿੰਘ, ਆਜ਼ਾਦ ਇੰਪਲਾਈਜ਼ ਦੇ ਹਰਪ੍ਰੀਤ ਸਿੰਘ ਪ੍ਰਧਾਨ ਅਤੇ ਸੱਤ ਪ੍ਰਕਾਸ਼ ਜਨਰਲ ਸਕੱਤਰ, ਇੰਸਪੈਕਟਰ ਯੂਨੀਅਨ ਦੇ ਪ੍ਰਧਾਨ ਸਵਰਨ ਸਿੰਘ ਅਤੇ ਏਟਕ ਦੇ ਸੰਤ ਰਾਮ ਜਨਰਲ ਸਕੱਤਰ ਅਤੇ ਜੁਆਇੰਟ ਸਕੱਤਰ ਉਂਕਾਰ ਸਿੰਘ, ਕੰਟਰੈਕਟ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਵੀ ਗੇਟ ਰੈਲੀ ਨੂੰ ਸੰਬੋਧਨ ਕੀਤਾ।