ਜੰਡਿਆਲਾ, 10 ਅਕਤੂਬਰ (ਪੀ.ਟੀ.ਬਿਊਰੋ)- ਇਥੋਂ ਨੇੜੇ ਪੇਂਦੇ ਪਿੰਡ ਗਦਲੀ ਵਿਖੇ ਸਿੱਖ ਕੌਮ ਦੇ ਮਾਣਮੱਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ 21ਵੀਂ ਬਰਸੀ ਮੌਕੇ ਕਰਵਾਏ ਗਏ ਸਰਧਾਜਲੀ ਸਮਾਰੋਹ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਸਿੱਖ ਪੰਥ ਦੀ ਮਹਾਨ ਹਸਤੀ ਅਤੇ ਪੰਥਕ ਸੇਵਾ ਲਹਿਰ ਦੀ ਮੁੱਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਸਾਹਿਬ ਵਾਲਿਆਂ ਨੇ ਆਖਿਆ ਹੈ ਕਿ ਇਸ ਸਮੇਂ ਅਕਾਲੀ ਅਤੇ ਕਾਂਗਰਸੀ ਸਿੱਖ ਪੰਥ ਦੀਆਂ ਆਸਾਂ ‘ਤੇ ਪੂਰੇ ਨਹੀਂ ਉਤਰ ਸਕੇ ਇਸ ਲਈ ਕਿਸੇ ਤੀਸਰੇ ਰਾਹ ਦੀ ਤਲਾਸ਼ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਭਾਈ ਜਿੰਦਾ ਤੇ ਭਾਈ ਸੁਖਾ ਨੂੰ ਸੱਚੀ ਸਰਧਾਂਜਲੀ ਇਹੋ ਹੋਵੇਗੀ ਕਿ ਸਿੱਖ ਪੰਥ ਦੀ ਵਿਗੜੀ ਸੰਵਾਰਨ ਲਈ ਸਾਰੀਆਂ ਪੰਥਕ ਜੱਥੇਬੰਦੀਆਂ ਰੱਲ-ਮਿਲ ਕੇ ਤੀਸਰਾ ਸਿਆਸੀ ਮੋਰਚਾ ਕਾਇਮ ਕਰਨ ਤਾਂ ਜੋ ਪੰਥ ਵਿਰੋਧੀ ਤਾਕਤਾਂ ਨੂੰ ਹਾਰ ਦੇ ਕੇ ਪੰਥ ਨੂੰ ਆਪਣੀ ਹੋਣੀ ਦਾ ਖੁੱਦ ਜ਼ਿੰਮੇਵਾਰ ਬਣਾਇਆ ਜਾ ਸਕੇ। ਬਾਬਾ ਜੀ ਨੂੰ ਇਸ ਸਮਾਗਮ ਵਿੱਚ ਵਿਸ਼ੇਸ਼ ਮਾਣ ਸਤਿਕਾਰ ਦਿੱਤਾ ਗਿਆ। ਉਨ੍ਹਾਂ ਨੂੰ ਸਮਾਗਮ ਦੇ ਆਖਰੀ ਅਹਿਮ ਬੁਲਾਰੇ ਵਜੋਂ ਬੁਲਾਇਆ ਗਿਆ। ਬਾਬਾ ਜੀ ਵੱਲੋਂ ਇਸ ਮੌਕੇ ‘ਤੇ ਪ੍ਰਗਟ ਕੀਤੇ ਗਏ ਵਿਚਾਰਾਂ ਨਾਲ ਸੰਗਤ ਵਿੱਚ ਭਾਰੀ ਸਹਿਮਤੀ ਸੀ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸਾਰੀਆਂ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਕੇ ਕੋਈ ਤੀਸਰਾ ਸਿਆਸੀ ਮੋਰਚਾ ਤਿਆਰ ਕਰਦੀਆਂ ਹਨ ਤਾਂ ਉਹ ਬਿਨਾ ਕਿਸੇ ਅਹੁਦੇ ਅਤੇ ਰੁਤਬੇ ਦੀ ਲਾਲਸਾ ਤੋਂ ਇਸ ਲਈ ਹਰ ਕੁਰਬਾਨੀ ਅਤੇ ਸਹਿਯੋਗ ਕਰਨਗੇ। ਇਸ ਮੌਕੇ ਰੱਖੇ ਗਏ ਸ੍ਰੀ ਅੰਖਡ ਪਾਠ ਦੇ ਭੋਗ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਗ੍ਰਹਿ ਵਿਖੇ ਪੈਣ ਉਪਰੰਤ ਰਾਗੀ ਜਥਿਆਂ ਨੇ ਸੰਗਤ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ ਭਾਈ ਜਿੰਦਾ ਤੇ ਭਾਈ ਸੁੱਖਾ ਨੂੰ ਸਿੱਖ ਕੌਮ ਦੇ ਮਹਾਨ ਸ਼ਹੀਦ ਕਰਾਰ ਦਿੰਦਿਆ ਕਿਹਾ ਕਿ ਭਾਈ ਜਿੰਦਾ ਤੇ ਭਾਈ ਸੁੱਖਾ ਨੇ ਜਨਰਲ ਵੇਦਿਆ ਨੂੰ ਸਥਕ ਸਿੱਖਾਂ ਕੇ ਜਿਥੇ ਸਿੱਖ ਕੌਮ ਨਾਲ ਹੋਈ ਬੇਇਨਸਾਫ਼ੀ ਦਾ ਬਦਲਾ ਲਿਆ ਉਥੇ ਫਾਂਸੀ ਦਾ ਰੱਸਾ ਚੁੰਮ ਕੇ ਸਿੱਖਾਂ ਦੇ ਕੁਬਾਨੀਆਂ ਭਰੇ ਇਤਿਹਾਸ ‘ਚ ਆਪਣਾ ਨਾਂ ਦਰਜ ਕਰਵਾਇਆ। ਇਸ ਮੌਕੇ ਸਿੱਖ ਯੂਥ ਫੈਡਰੇਸ਼ਨ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੌਪਾਲਾ ਨੇ ਕਿਹਾ ਕਿ ਭਾਈ ਜਿੰਦਾ ਤੇ ਭਾਈ ਸੁੱਖਾ ਵੱਲੋਂ ਕੀਤੀ ਕੁਰਬਾਨੀ ਨੇ ਉਨ੍ਹਾਂ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ ਹੈ ਤੇ ਸਿੱਖ ਕੌਮ ਦੇ ਦੋਵੇਂ ਸ਼ਹੀਦ ਨੌਜੁਆਨ ਪੀੜ੍ਹੀ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹਿਣਗੇ। ਇਸ ਮਾਗਮ ‘ਚ ਹਰਪਾਲ ਸਿੰਘ ਚੀਮਾ, ਭਾਈ ਬਲਬੀਰ ਸਿੰਘ ਮਨਾਵਾਂ, ਭਾਈ ਨਿਰਮਲ ਸਿੱਘ ਨਿੰਮਾ, ਭਾਈ ਰਾਮ ਸਿੱਘ, ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਰੇਸ਼ਮ ਸਿੰਘ ਅਜਨਾਲਾ, ਬਲਦੇਵ ਸਿੰਘ ਸਿਰਸਾ, ਭਾਈ ਮੋਹਕਮ ਸਿੰਘ, ਮਨਜਿੰਦਰ ਸਿੰਘ ਸਿਰਸਾ, ਭਾਈ ਸੱਜਣ ਸਿੰਘ ਗੁਰੂ ਕੀ ਬੈਰ, ਭਾਈ ਬਲਜੀਤ ਸਿੰਘ, ਭਾਈ ਭੁਪਿੰਦਰ ਸਿੰਘ ਗਦਲੀ, ਭਾਈ ਨਿਰਭੈਲ ਸਿੰਘ ਗਦਲੀ ਸਣੇ ਵੱਡੀ ਗਿਣਤੀ ‘ਚ ਇਲਾਕੇ ਦੀ ਸੰਗਤ ਹਾਜ਼ਰ ਸੀ।