ਅੰਮ੍ਰਿਤਸਰ- ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਦੀ ਟੀਮ ਨੇ ਦੋ ਹੈਰੋਇਨ ਸਮਗਲਾਂ ਨੂੰ ਗ੍ਰਿਫਤਾਰ ਕਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 6 ਕਿੱਲੋ ਹੈਰੋਇਨ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 30 ਕਰੋੜ ਰੁਪਏ ਦੱਸੀ ਜਾ ਰਹੀ ਹੈ, ਬਰਾਮਦ ਕੀਤੀ ਗਈ।

ਕਾਊਂਟਰ ਇੰਟੈਲੀਜੈਂਸ ਜਲੰਧਰ (ਅੰਮ੍ਰਿਤਸਰ ਕੈਂਪ) ਦੇ ਏ. ਆਈ. ਜੀ. ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਖੂਫੀਆ ਇਤਲਾਹ ‘ਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਅਤੇ ਸਟੇਟ ਸਪੈਸ਼ਲ ਆਪ੍ਰੈਸ਼ਨ ਸੈੱਲ ਅੰਮ੍ਰਿਤਸਰ ਦੀ ਸਾਂਝੀ ਟੀਮ ਵੱਲੋਂ ਸੁਲਤਾਨਵਿੰਡ ਨਹਿਰ ਨੇੜੇ ਨਾਕਾਬੰਦੀ ਕੀਤੀ ਗਈ ਅਤੇ ਇਕ ਚਿੱਟੇ ਰੰਗ ਦੀ ਇੰਡੀਕਾ ਕਾਰ ਨੰਬਰ ਪੀ. ਬੀ. 46 ਕੇ-9356 ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿੱਚ ਸਵਾਰ ਦੋ ਮੁਲਜ਼ਮਾਂ ਕੋਲੋਂ 6 ਕਿਲੋ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਗੁਰਦੇਵ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਅਮਰਕੋਟ ਥਾਣਾ ਵਲਟੋਹਾ ਅਤੇ ਉਸ ਦੇ ਸਾਥੀ ਤਰਸੇਮ ਸਿੰਘ ਸੇਮਾ ਪੁੱਤਰ ਜਗਤਾਰ ਸਿੰਘ ਵਾਸੀ ਵਾਰਡ ਨੰਬਰ 7 ਤਰਨਤਾਰਨ ਸਿਟੀ ਵਜੋਂ ਹੋਈ, ਜਿਨ੍ਹਾਂ ਖਿਲਾਫ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਏ. ਆਈ. ਜੀ. ਬਾਜਵਾ ਨੇ ਦੱਸਿਆ ਕਿ ਪਾਕਿਸਤਾਨੀ ਸਮਗਲਰ ਭੱਟੀ ਰਾਹੀਂ ਸਰਹੱਦ ਪਾਰੋਂ ਭੇਜੀ ਗਈ ਹੈਰੋਇਨ ਨੂੰ ਭਾਰਤੀ ਸਮਗਲਰ ਗੁਰਦੇਵ ਸਿੰਘ ਵਸੂਲਦਾ ਸੀ ਅਤੇ ਅੱਗੋਂ ਸਪਲਾਈ ਲਈ ਉਸ ਨੇ ਤਰਸੇਮ ਸਿੰਘ ਨੂੰ ਰੱਖਿਆ ਹੋਇਆ ਸੀ, ਜਿਸ ਨੇ ਅੱਗੇ ਆਪਣੇ ਸੰਪਰਕ ਬਣਾਏ ਹੋਏ ਸਨ।