June 20, 2026 2:30 pm

ਬੀ. ਡੀ. ਪੀ. ਓ. ਨਾਭਾ ਨੇ ਮਨਰੇਗਾ ਕਾਨੂੰਨ ਦੀਆਂ ਉਡਾਈਆਂ ਧੱਜੀਆਂ

ਨਾਭਾ, 10 ਅਕਤੂਬਰ (ਗੁਰਬਖਸ਼ ਸਿੰਘ ਸੰਧੂ)- ਮਨਰੇਗਾ ਤਹਿਤ ਕਿਸੇ ਵੀ ਪੇਂਡੂ ਕਿਸਾਨ, ਮਜਦੂਰ ਵੱਲੋਂ ਜਾਬ ਕਾਰਡ ਬਣਾਉਣ ਲਈ ਦਿੱਤੀ ਦਰਖਾਸਤ ਦੇ 15 ਦਿਨਾਂ ਦੇ ਅੰਦਰ ਅੰਦਰ ਜਾਬ ਕਾਰਡ ਬਣਾਉਣਾ ਕਾਨੂੰਨੀ ਤੌਰ ਤੇ ਜਰੂਰੀ ਹੈ। ਜੇਕਰ ਕਿਸੇ ਵੀ ਪੱਧਰ ਤੇ ਜਾਬਕਾਰਡ ਬਣਾਉਣ ਵਿੱਚ ਦੇਰੀ ਕੀਤੀ ਜਾਵੇ ਤਾਂ ਮਹਾਤਮਾ ਗਾਂਧੀ ਰਾਸਟਰੀ ਪੇਂਡੂ ਰੋਜਗਾਰ ਗਾਰੰਟੀ ਐਕਟ ਤਹਿਤ ਸਬੰਧੀ ਅਧਿਕਾਰੀ ਨੂੰ ਜੁਰਮਾਨਾ ਹੋ ਸਕਦਾ ਹੈ ਪ੍ਰੰਤੂ ਬੀ.ਡੀ.ਪੀ.ਓ. ਨਾਭਾ ਦਫਤਰ ਵਿੱਚ ਮਨਰੇਗਾ ਕਾਨੂੰਨ ਦੀਆਂ ਸਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਲੁਬਾਣਾ ਵਿਖੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਇੰਟਰਨੈਸਨਲਿਸਟ ਡੈਮੋਕ੍ਰੇਟਿਕ ਪਾਰਟੀ (ਆਈ.ਡੀ.ਪੀ.) ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਥੂਹੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਬੀ.ਡੀ.ਪੀ.ਓ. ਨਾਭਾ ਦੇ ਦਫਤਰ ਵਿੱਚ ਪਿੰਡ ਲੁਬਾਣਾ ਟੇਕੂ ਤੋਂ ਲੱਗਭਗ ਡੇਢ ਮਹੀਨਾ ਪਹਿਲਾਂ 224 ਵਿਅਕਤੀਆਂ ਨੇ ਜਾਬ ਕਾਰਡ ਬਣਾਉਣ ਲਈ ਫਾਰਮ ਭਰ ਕੇ ਦਿੱਤੇ ਸਨ, ਜਿਸਨੂੰ ਬੀ.ਡੀ.ਪੀ.ਓ. ਨਾਭਾ ਵੱਲੋਂ ਜਾਬ ਕਾਰਡ ਬਣਾ ਕੇ ਦੇਣ ਦੇ ਪੱਤਰ ਨੰਬਰ ਮਗਨਰੇਗਾ 3409/27-8-2013 ਰਾਹੀਂ ਸਬੰਧਤ ਵਿਅਕਤੀਆਂ ਨੂੰ ਦੇਣ ਅਤੇ ਜਾਬ ਕਾਰਡ ਆਨ ਲਾਇਨ ਕਰਨ ਦੀ ਹਦਾਇਤ ਕੀਤੀ ਹੈ ਪ੍ਰੰਤੂ ਸਬੰਧਤ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਜਾਬ ਕਾਰਡ ਬਣਾਉਣ ਦੀ ਬਜਾਏ ਭਰੇ ਹੋਏ ਫਾਰਮ ਅਤੇ ਉਪਰੋਕਤ ਪੱਤਰ ਵੀ ਵਾਪਸ ਕਰ ਦਿੱਤੇ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕ੍ਰਿਸਨ ਸਿੰਘ ਲੁਬਾਣਾ ਨੇ ਪੰਜਾਬ ਸਰਕਾਰ ਅਤੇ ਮਨਰੇਗਾ ਕਮਿਸ਼ਨਰ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ ਬੀ.ਡੀ.ਪੀ.ਓ. ਨਾਭਾ ਅਤੇ ਸਬੰਧਤ ਅਧਿਕਾਰੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਿੰਡ ਵਾਸੀਆਂ ਦੇ ਜਾਬ ਕਾਰਡ ਤੁਰੰਤ ਬਣਾ ਕੇ ਦਿੱਤੇ ਜਾਣ। ਇਕੱਤਰ ਲੋਕਾਂ ਨੇ ਬੀ.ਡੀ.ਪੀ.ਓ. ਖਿਲਾਫ ਨਾਅਰੇਬਾਜੀ ਕੀਤੀ।

Send this to a friend