ਜੋ ਜੂਝਦੇ ਹਨ ਉਹੀ ਲਹਿਰਾਂ ਦੇ ਰੁਖ ਬਦਲਦੇ ਹਨ। ਅਜਿਹੇ ਜੂਝਾਰੂ ਲੋਕ ਹੀ ਵਕਤ ਦੇ ਸੀਸ ’ਤੇ ਕਲਗੀ ਬਣ ਲਿਸ਼ਕਦੇ ਹਨ। ਜ਼ਿੰਦਗੀ ਸੁਪਨਿਆਂ ਦੀ ਲੰਮੀ ਦਾਸਤਾਨ ਹੁੰਦੀ ਹੈ। ਮੇਰੇ ਕੋਲ ਅਨੇਕਾਂ ਵਿਦਿਆਰਥੀ ਮਨ ਵਿੱਚ ਵੱਡੇ-ਵੱਡੇ ਸੁਪਨੇ ਸਜਾ ਕੇ ਆਉਂਦੇ ਹਨ ਪਰ ਦੂਜੇ ਹੀ ਪਲ ਉਨ੍ਹਾਂ ਦੇ ਬੁੱਲ੍ਹਾਂ ਤੇ ਘਰ ਦੀਆਂ ਤੰਗੀਆਂ ਤੁਰਸ਼ੀਆਂ ਅਤੇ ਦੁਸ਼ਵਾਰੀਆਂ ਦੇ ਕਿੱਸੇ ਹੁੰਦੇ ਹਨ। ਆਪਣੇ ਬਾਪ ਦੀ ਗਰੀਬੀ ਨੂੰ ਸਰਾਪ ਸਮਝਦੇ ਹੋਏ ਉਹ ਆਪਣੀਆਂ ਮਜ਼ਬੂਰੀਆਂ ਦਾ ਚਿੱਠਾ ਖੋਲ੍ਹ ਦਿੰਦੇ ਹਨ। ਉਨ੍ਹਾਂ ਵਿਚੋਂ ਬਹੁਤੇ ਤਾਂ ਵਕਤ ਨਾਲ ਸਮਝੌਤਾ ਕਰਨ ਦਾ ਮਨ ਬਣਾ ਲੈਂਦੇ ਹਨ ਅਤੇ ਜਿਵੇਂ ਕਿਵੇਂ ਜ਼ਿੰਦਗੀ ਕੱਟਣੀ ਸ਼ੁਰੂ ਕਰ ਦਿੰਦੇ ਹਨ। ਕਈ ਹੁੰਦੇ ਹਨ ਜੋ ਦਲੇਰੀ ਨਾਲ ਮੈਦਾਨ ਵਿੱਚ ਡਟਣ ਨੂੰ ਤਰਜੀਹ ਦਿੰਦੇ ਹਨ। ਉਹ ਜਾਣਦੇ ਹਨ ਕਿ ਦਲੇਰ ਸੂਝ ਹੀ ਸਮੇਂ ਦੇ ਮੱਥੇ ’ਤੇ ਨਵੇਂ ਹਰਫ਼ ਲਿਖਦੀ ਹੈ ਅਤੇ ਨਵੇਂ ਹਰਫ਼ ਲਿਖਣ ਵਾਲਿਆਂ ਦੀ ਦਾਸਤਾਨ ਹੀ ਇਤਿਹਾਸ ਬਣਦੀ ਹੈ। ਗੋਬਿੰਦ ਜਾਏਸਵਾਲ ਇਕ ਅਜਿਹਾ ਹੀ ਨੌਜਵਾਨ ਸੀ ਜਿਸ ਨੇ ਆਪਣੀ ਮਿਹਨਤ ਅਤੇ ਸਾਹਸ ਨਾਲ ਬੇਹੱਦ ਗਰੀਬੀ ਨਾਲ ਜੂਝਦੇ ਹੋਏ ਪਹਿਲੇ ਯਤਨ ਵਿੱਚ ਹਿੰਦੋਸਤਾਨ ਦੀ ਸਭ ਤੋਂ ਕਠਿਨ ਪ੍ਰੀਖਿਆ ਪਾਸ ਕਰਕੇ ਇਤਹਿਾਸ ਰਚਿਆ। ਗੋਬਿੰਦ ਦਾ ਪਿਤਾ ਨਰਾਇਣ ਜਾਏਸਵਾਲ ਬਨਾਰਸ ਵਿਚ ਰਿਕਸ਼ਾ ਚਲਾਉਂਦਾ ਸੀ। ਤਿੰਨ ਭੈਣਾਂ ਦਾ ਸਭ ਤੋਂ ਛੋਟਾ ਭਰਾ ਗੋਬਿੰਦ ਪੂਰੇ ਪਰਿਵਾਰ ਸਮੇਤ ਇਕ ਕਿਰਾਏ ਦੇ ਕਮਰੇ ਵਿਚ ਰਹਿੰਦਾ ਸੀ। ਗੋਬਿੰਦ ਦੇ ਆਈ.ਏ.ਐਸ. ਅਫਸਰ ਬਣਨ ਦੀ ਕਹਾਣੀ ਬਹੁਤ ਸੰਘਰਸ਼ਮਈ, ਪ੍ਰੇਰਕ ਅਤੇ ਦਿਲਚਸਪ ਹੈ। ਰਿਕਸ਼ੇਵਾਲੇ ਦਾ ਮੁੰਡਾ ਗੋਬਿੰਦ ਸਰਕਾਰੀ ਸਕੂਲ ਵਿਚ ਛੇਵੀਂ ਕਲਾਸ ’ਚ ਪੜ੍ਹਦਾ ਸੀ। ਇਕ ਦਿਨ ਇਕ ਅਮੀਰਜ਼ਾਦੇ ਦੋਸਤ ਨਾਲ ਉਸ ਦੇ ਘਰ ਗਿਆ। ਅਮੀਰ ਅਤੇ ਧਨੀ ਲੋਕ ਅਕਸਰ ਅਭਿਮਾਨੀ ਹੁੰਦੇ ਹਨ। ਉਸ ਦੇ ਮਿੱਤਰ ਦੇ ਮਾਲਦਾਰ ਬਾਪ ਨੇ ਗਰੀਬ ਰਿਕਸ਼ੇਵਾਲੇ ਦੇ ਮੁੰਡੇ ਨੂੰ ਤਿੱਖੀ ਫ਼ਟਕਾਰ ਪਾਉਂਦੇ ਹੋਏ ਮੁੜ ਉਸ ਘਰ ਵੱਲ ਨਾ ਆਉਣ ਦੀ ਤਾਕੀਦ ਕੀਤੀ ਅਤੇ ਕਿਹਾ ਕਿ ‘ਤੇਰਾ ਸਾਡਾ ਕੋਈ ਮੇਲ ਨਹੀਂ।’ 11 ਵਰ੍ਹਿਆਂ ਦੇ ਗੋਬਿੰਦ ਦੇ ਇਹ ਗੱਲ ਸਮਝ ਨਹੀਂ ਆਈ। ਉਸ ਨੇ ਕਿਸੇ ਸਿਆਣੇ ਵਿਅਕਤੀ ਤੋਂ ਇਸ ਦਾ ਮਤਲਬ ਪੁੱਛਿਆ। ਉਸ ਨੇ ਇਸ ਨੂੰ ਗਰੀਬੀ ਅਤੇ ਅਮੀਰੀ ਦਾ ਫ਼ਰਕ ਸਮਝਾਇਆ। ਜਦੋਂ ਗੋਬਿੰਦ ਨੇ ਪੁੱਛਿਆ ਕਿ ਮੈਂ ਇਹ ਫ਼ਰਕ ਕਿਵੇਂ ਦੂਰ ਕਰ ਸਕਦਾ ਹਾਂ ਤਾਂ ਉਸ ਬੰਦੇ ਨੇ ਉਸ ਨੂੰ ਸਿਵਲ ਸਰਵਿਸ ਬਾਰੇ ਸਮਝਾਇਆ। ਬਸ ਉਸ ਪਲ ਗੋਬਿੰਦ ਨੇ ਆਪਣੀ ਹੋਈ ਹੱਤਕ ਨੂੰ ਕੁਝ ਵੱਡਾ ਕਰਨ ਦੀ ਜ਼ਿੱਦ ਵਿਚ ਬਦਲ ਲਿਆ ਅਤੇ ਆਈ.ਏ.ਐਸ. ਬਣਨ ਦਾ ਸੁਪਨਾ ਸਿਰਜ ਲਿਆ। ਇਕ ਗਰੀਬ ਰਿਕਸ਼ੇਵਾਲੇ ਦੇ ਪੁੱਤਰ ਲਈ ਇਹ ਬਹੁਤ ਵੱਡਾ ਸੁਪਨਾ ਸੀ। ਗੋਬਿੰਦ ਨੇ ਹਰ ਪਲ ਉਸ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ। ਸਕੂਲ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਟਿਊਸ਼ਨਾਂ ਪੜ੍ਹਾਉਣੀਆਂ ਸ਼ੁਰੂ ਕੀਤੀਆਂ। ਸਰਕਾਰੀ ਕਾਲਜ ਵਿਚ ਬੀ.ਏ. ਦੀ ਪੜ੍ਹਾਈ ਦੇ ਨਾਲ-ਨਾਲ ਸਿਵਲ ਸਰਵਿਸ ਦੀ ਤਿਆਰੀ ਸ਼ੁਰੂ ਕਰ ਦਿੱਤੀ। ਬਹੁਤ ਔਖਾ ਕੰਮ ਸੀ, ਇੰਡਸਟਰੀ ਏਰੀਏ ਵਿੱਚ ਇੱਕ ਕਮਰੇ ਵਿੱਚ, ਜਿੱਥੇ 14 ਘੰਟੇ ਬਿਜਲੀ ਨਹੀਂ ਆਉਂਦੀ ਸੀ, ਉਥੇ ਰਹਿ ਕੇ ਤਿਆਰੀ ਕਰਨੀ। ਪਿਤਾ ਨੇ ਇੱਕੋ-ਇੱਕ ਜ਼ਮੀਨ ਦਾ ਟੁਕੜਾ ਵੇਚ ਦਿੱਤਾ। ਮੁੰਡੇ ਨੂੰ ਦਿੱਲੀ ਭੇਜ ਦਿੱਤਾ। ਗੋਬਿੰਦ ਨੇ ਇਹ ਪ੍ਰੀਖਿਆ ਪਹਿਲੇ ਯਤਨ ਵਿਚ ਹੀ ਪਾਸ ਕਰਨੀ ਸੀ, ਨਹੀਂ ਤਾਂ ਪਰਿਵਾਰ ਕੋਲ ਦੂਜੇ ਯਤਨ ਲਈ ਪੈਸਾ ਨਹੀਂ ਸੀ। ਗੋਬਿੰਦ ਲਈ ਦਿੱਲੀ ਦੀ ਰਿਹਾਇਸ਼ ਦਾ ਸਮਾਂ ਬਹੁਤ ਕਠਿਨਾਈਆਂ ਭਰਿਆ ਸੀ। ਦੋਵੇਂ ਵਕਤ ਰੋਟੀ ਤਾਂ ਇੱਕ ਪਾਸੇ ਰਹੀ ਉਸ ਕੋਲ ਦੋਵੇਂ ਵਕਤ ਚਾਹ ਪੀਣ ਦੇ ਪੈਸੇ ਦੀ ਵੀ ਕਮੀਂ ਸੀ ਪਰ ਉਸ ਦੇ ਮਨ ਵਿਚ ਸਾਹਸ ਸੀ। ਆਤਮ ਵਿਸ਼ਵਾਸ ਸੀ, ਸ਼ਿੱਦਤ ਦੀ ਵਚਿੱਤਰ ਸ਼ਕਤੀ ਸੀ। ਉਸ ਦੀ ਨਿਗਾਹ ਸਿਰਫ਼ ਮੰਜ਼ਿਲ ’ਤੇ ਸੀ। ਉਹ ਮਨ ਹੀ ਮਨ ’ਚ ਰਜ਼ਾ ਹਮਦਾਨੀ ਦੇ ਸ਼ੇਅਰ ਗੁਣਗੁਣਾਉਂਦਾ ਸੀ :
‘ਤਕਾਜ਼ਾ ਹੈ ਦਿਲ ਕਾ, ਕਿ ਤੂਫ਼ਾਂ ਸੇ ਜੂਝੋ, ਕਹਾਂ ਤਕ ਚਲੋਗੇ, ਕਿਨਾਰੇ, ਕਿਨਾਰੇ’
ਹਿੰਦੋਸਤਾਨ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਤੋਂ ਪ੍ਰੇਰਨਾ ਲੈ ਕੇ ਆਪਣੇ ਸੁਪਨੇ ਨੂੰ ਪੂਰਾ ਕਰਨ ਹਿਤ ਗੋਬਿੰਦ ਜਾਏਸਵਾਲ ਜੀਅ ਜਾਨ ਨਾਲ ਮਿਹਨਤ ਕਰ ਰਿਹਾ ਸੀ। ਉਸ ਦੇ ਮਨ ਦੀ ਹਿੰਮਤ ਉਸ ਦੀਆਂ ਰਗ੍ਹਾਂ ’ਚ ਹਿੰਮਤ ਦਾ ਸਾਹਸ ਭਰ ਰਹੀ ਸੀ। ਉਹ ਹਰ ਮੁਸ਼ਕਿਲ ਨਾਲ ਟਕਰਾਉਣ ਲਈ ਤਿਆਰ ਸੀ :‘ਹਮ ਵੋ ਦਰਿਆ ਹੈਂ, ਜੋ ਚੱਟਾਨ ਸੇ ਟੱਕਰ ਲੇਕਰ ਢੂੰਡ ਲੇਤੇ ਹੈਂ ਨਈ ਰਾਹ, ਪਲਟ ਜਾਤੇ ਨਹੀਂ’ਆਖ਼ਿਰ ਗੋਬਿੰਦ ਦੀ ਮਿਹਨਤ ਕੰਮ ਆਈ ਅਤੇ ਉਹ ਆਈ.ਏ.ਐਸ. ਅਫ਼ਸਰ ਚੁਣਿਆ ਗਿਆ। ਉਹ ਵੀ ਪਹਿਲੇ ਯਤਨ ਵਿਚ ਹੀ। ਇਕ ਗਰੀਬ ਰਿਕਸ਼ੇ ਵਾਲੇ ਦੇ ਪੁੱਤਰ ਨੇ ਸੱਚ-ਮੁੱਚ ਹੀ ਇਤਿਹਾਸ ਰਚ ਦਿੱਤਾ ਸੀ ਅਤੇ ਹਿੰਦੋਸਤਾਨ ਦੇ ਉਨ੍ਹਾਂ ਗਰੀਬ ਘਰਾਂ ਦੇ ਬੱਚਿਆਂ ਦੇ ਮਨਾਂ ਵਿੱਚ ਆਸ ਦੀ ਕਿਰਨ ਜਗਾ ਦਿੱਤੀ ਸੀ ਜੋ ਜ਼ਿੰਦਗੀ ਵਿਚ ਵੱਡੇ ਸੁਪਨੇ ਸੰਜੋਈ ਬੈਠੇ ਹਨ। ਸੂਤਰ ਸਪੱਸ਼ਟ ਹੈ ਕਿ ਜੇ ਤੁਹਾਡੇ ਮਨ ਵਿਚ ਕੁਝ ਵੱਡਾ ਕਰਨ ਦੀ ਚਾਹਤ ਹੈ ਤਾਂ ਤੁਸੀਂ ਗੋਬਿੰਦ ਵਾਂਗ ਆਪਣੀ ਮਿਹਨਤ ਅਤੇ ਹਿੰਮਤ ਨਾਲ ਆਪਣੀ ਮੰਜ਼ਿਲ ਪਾ ਸਕਦੇ ਹੋ।