‘ਘਰ ਇੱਟਾਂ ਅਤੇ ਸੀਮਿੰਟ ਨਾਲ ਬਣੀ ਹੋਈ ਚਾਰਦੀਵਾਰੀ ਨਹੀਂ ਹੁੰਦੀ। ਘਰ ਤਾਂ ਉਹ ਥਾਂ ਹੈ ਜਿੱਥੇ ਮਹੱਬਤ ਹੈ, ਪਿਆਰ ਹੈ, ਵਾਅਦੇ ਹਨ, ਸੱਧਰਾਂ ਹਨ, ਸੁਪਨੇ ਹਨ, ਉਮੀਦਾਂ ਹਨ। ਬਜ਼ੁਰਗਾਂ ਦਾ ਆਸ਼ੀਰਵਾਦ ਗੂੰਜਦਾ ਹੁੰਦਾ ਹੈ। ਘਰ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਅਤੇ ਮਾਸੂਮ ਹਾਸਿਆਂ ਦਾ ਸੰਗੀਤ ਹੁੰਦਾ ਹੈ। ਕਿਹਾ ਗਿਆ ਹੈ ਕਿ ਮਰਦ ਮਕਾਨ ਬਣਾਉਂਦੇ ਹਨ, ਔਰਤਾਂ ਉਸ ਨੂੰ ਘਰ ਬਣਾਉਂਦੀਆਂ ਹਨ। ਪੰਜਾਬ ਵਿੱਚ ਇਕ ਹੋਰ ਅਖਾਣ ਮਸ਼ਹੂਰ ਹੈ ‘ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਉਹ ਬਲਖ਼ ਨਾ ਬੁਖਾਰੇ’ ਛੱਜੂ ਦੇ ਚੁਬਾਰੇ ਸੁੱਖ ਤਾਂ ਹੀ ਮਿਲੇਗਾ ਜੇ ਉਥੇ ਪ੍ਰੇਮ ਹੋਵੇਗਾ, ਮੁਹੱਬਤ ਹੋਵੇਗੀ, ਸੁੱਖ ਹੋਵੇਗਾ, ਸ਼ਾਂਤੀ ਹੋਵੇਗੀ। ਪਿਆਰ ਹੀ ਹੈ ਜੋ ਮਕਾਨ ਨੂੰ ਘਰ ਬਣਾਉਂਦਾ ਹੈ। ਪਿਆਰ ਹੀ ਸਾਰੀਆਂ ਕਲਾਵਾਂ ਦਾ ਗੁਰੂ ਹੁੰਦਾ ਹੈ। ਜਿਹੜੇ ਘਰ ਵਿਚ ਪਿਆਰ ਹੁੰਦਾ ਹੈ ਉਥੇ ਹਨੇਰਾ ਨਹੀਂ ਹੁੰਦਾ, ਝਗੜਾ ਨਹੀਂ ਹੁੰਦਾ ਅਤੇ ਅਸ਼ਾਂਤੀ ਨਹੀਂ ਹੁੰਦੀ। ਪਿਆਰ ਦੀ ਕੋਈ ਸੀਮਾ ਵੀ ਨਹੀਂ ਹੁੰਦੀ। ਪਿਆਰ ਤਾਂ ਘਰ ਵਿਚਲੀਆਂ ਤੰਗੀਆਂ ਤੁਰਸ਼ੀਆਂ ਨੂੰ ਵੀ ਭੁਲਾ ਦਿੰਦਾ ਹੈ। ਪੰਜਾਬੀ ਲੋਕ ਕਥਨ ਹੈ :
‘ਕੁੱਲੀ ਯਾਰ ਦੀ ਸੁਰਗ ਦੀ ਝੂਟਾ
ਅੱਗ ਲਾਵਾਂ ਮਹਿਲਾਂ ਨੂੰ।’
ਪਤੀ-ਪਤਨੀ ਨੂੰ ਪਿਆਰ ਸਿਖਾਉਣ ਲਈ ਕਿਸੇ ਉਸਤਾਦ ਦੀ ਲੋੜ ਨਹੀਂ ਹੁੰਦੀ। ਬਸ ਆਪਸ ਵਿਚ ਪ੍ਰੇਮ ਮੁਹੱਬਤ ਨਾਲ ਰਹੋ ਅਤੇ ਇੱਟਾਂ ਦੇ ਕੋਠੇ ਨੂੰ ਘਰ ਬਣਾਓ। ਇਹ ਕਹਿੰਦੇ ਹੋਏ ਪ੍ਰੋਫੈਸਰ ਸਾਹਿਬ ਨੇ ਹਾਜ਼ਰ ਨੌਜਵਾਨ ਜੋੜਿਆਂ ਵੱਲ ਪਿਆਰ ਭਰੀਆਂ ਨਿਗਾਹਾਂ ਨਾਲ ਤੱਕਿਆ।
‘ਘਰ ਤਾਂ ਬਣਾਈਏ ਜੇ ਸਾਡੇ ਸੁਪਨੇ ਦਾ ਘਰ ਹੋਵੇ। ਸੋਚਿਆ ਕੁਝ ਹੋਰ ਸੀ ਮਿਲਿਆ ਕੁਝ ਹੋਰ। ਕਈ ਵਾਰ ਤਾਂ ਪਛਤਾਵਾ ਹੁੰਦਾ ਹੈ ਕਿ ਮੇਰੇ ਮਾਪਿਆਂ ਨੇ ਗਲਤ ਚੋਣ ਕਰ ਲਈ। ਜੋ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੁੰਦਾ ਅੱਜ ਅਮਰੀਕਾ ਜਾਂ ਕੈਨੇਡਾ ਬੈਠੀ ਹੁੰਦੀ। ਉਂਜ ਕਈ ਵਾਰ ਮੈਂ ਸੋਚਦੀ ਹਾਂ ਕਿ ਕੁੜੀ ਦੀ ਵੀ ਕੋਈ ਜ਼ਿੰਦਗੀ ਹੈ। ਮੇਰੀ ਪੜ੍ਹਾਈ ਦਾ ਮੈਨੂੰ ਕੀ ਫਾਇਦਾ ਹੋਇਆ ਜੇ ਬੱਚੇ ਪੈਦਾ ਕਰਕੇ ਇਨ੍ਹਾਂ ਨੂੰ ਹੀ ਸੰਭਾਲਣਾ ਸੀ। ਪਿਆਰ ਤਾਂ ਉਦੋਂ ਹੀ ਕਰ ਸਕਦੇ ਹਾਂ ਜੇ ਸੁਪਨੇ ਵਾਲਾ ਘਰ ਪਰਿਵਾਰ ਮਿਲਿਆ ਹੋਵੇ। ਜੇ ਸਾਰੀ ਜ਼ਿੰਦਗੀ ਇਉਂ ਹੀ ਤੰਗੀ ਤੁਰਸ਼ੀ ਅਤੇ ਕਲੇਸ਼ ’ਚ ਹੀ ਕੱਟਣੀ ਹੋ ਤਾਂ ਅਜਿਹੀ ਜ਼ਿੰਦਗੀ ਦਾ ਕੀ ਫਾਇਦਾ। ਸੱਚ-ਮੁਚ ਹੀ ਮੈਂ ਬਹੁਤ ਦੁਖੀ ਹਾਂ। ਮੇਰੇ ਵਰਗਿਆਂ ਬਾਰੇ ਵੀ ਕੁਝ ਬੋਲੋ, ਗੁਰੂ ਜੀ।’ ਇੱਕ ਗੱਲ ਯਾਦ ਰੱਖੋ ਕਦੇ ਵੀ ਕਿਸੇ ਨੂੰ ਉਸਦੇ ਸੁਪਨਿਆਂ ਵਾਲਾ ਸੰਸਾਰ ਨਹੀਂ ਮਿਲਦਾ ਹੁੰਦਾ। ਵਿਆਹ ਤਾਂ ਕਾਫੀ ਹੱਦ ਤੱਕ ਦੋਵੇਂ ਧਿਰਾਂ ਵਿਚ ਹੋਇਆ ਸਮਝੌਤਾ ਹੁੰਦਾ ਹੈ। ਸਿਆਣੇ ਮਰਦ ਅਤੇ ਤ੍ਰੀਮਤਾਂ ਇਸ ਸਮਝੌਤੇ ਵਿੱਚੋਂ ਹੀ ਆਪਣੇ ਸੁਪਨਿਆਂ ਦਾ ਘਰ ਸ਼ਿੰਗਾਰ ਲੈਂਦੇ ਹਨ। ਮਨ ਲਵੋ ਕਿ ਤੁਹਾਡੀ ਆਮਦਨ ਘੱਟ ਹੈ। ਕੁਝ ਆਰਥਿਕ ਸਮੱਸਿਆਵਾਂ ਹਨ। ਜੇ ਆਦਮੀ ਤੀਵੀਂ ਵਿਚ ਇਕਸੁਰਤਾ ਅਤੇ ਸਮਝ ਹੋਵੇਗੀ ਅਤੇ ਮਹੱਬਤ ਦਾ ਗੂੜਾ ਰਿਸ਼ਤਾ ਹੋਵੇਗਾ ਉਹ ਆਮਦਨ ਵਧਾਉਣ ਦੇ ਵਸੀਲੇ ਵਧਾਉਣ ਵਿਚ ਕਾਮਯਾਬ ਹੋ ਜਾਣਗੇ। ਮੈਂ ਬਹੁਤ ਸਾਰੇ ਅਜਿਹੇ ਘਰ ਵੇਖੇ ਹਨ ਜਿਨ੍ਹਾਂ ਨੂੰ ਪੈਸੇ ਦੀ ਕੋਈ ਕਮੀਂ ਨਹੀਂ ਪਰ ਘਰ ਵਿੱਚ ਪਿਆਰ ਅਤੇ ਵਿਸ਼ਵਾਸ ਦੀ ਕਮੀ ਕਾਰਨ ਜੀਵਨ ਨਰਕ ਬਣਿਆ ਪਿਆ ਹੈ। ਪੈਸਾ ਪਿਆਰ, ਸ਼ਾਂਤੀ ਅਤੇ ਖੁਸ਼ੀ ਦਾ ਜਾਮਨੀ ਨਹੀ ਹੁੰਦਾ। ਆਪਣੇ ਸੁਪਨਿਆਂ ਦੇ ਘਰ ਨੂੰ ਬਣਾਉਣ ਲਈ ਮਿਹਨਤ ਦੀ ਲੋੜ ਹੁੰਦੀ ਹੈ। ਆਪਣੇ ਸਾਥੀ ਨੂੰ ਪਿਆਰ ਨਾਲ ਪ੍ਰੇਰਨ ਦੀ ਲੋੜ ਹੁੰਦੀ ਹੈ। ਮਨੁੱਖੀ ਮਨ ਦੀ ਆਦਤ ਹੈ ਕਿ ਜੋ ਚੀਜ਼ ਸਾਨੂੰ ਪ੍ਰਾਪਤ ਨਹੀ ਹੁੰਦੀ ਉਹ ਸਾਨੂੰ ਚੰਗੀ ਲੱਗਦੀ ਹੈ। ਇਸ ਤਰ੍ਹਾਂ ਜਦੋਂ ਕਈ ਵਾਰ ਮਨ ਪਸੰਦ ਬੰਦੇ ਨਾਲ ਵਿਆਹ ਨਹੀ ਹੁੰਦਾ ਤਾਂ ਕਈ ਲੋਕ ਪਛਤਾਵਾ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਇਹ ਪਛਤਾਵਾ ਨਿਰਮੂਲ ਹੁੰਦਾ ਹੈ। ਉਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਤੁਸੀਂ ਉਸ ਬੰਦੇ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰ ਲੈਂਦੇ। ਤੁਸੀਂ ਆਪਣੇ ਕੇਸ ਨੂੰ ਸਮਝਣ ਲਈ ਆਪਣੀਆਂ ਚਾਹਤਾਂ ਦੀ ਸੂਚੀ ਬਣਾਓ। ਇਹ ਵੇਖੋ ਕਿ ਤੁਸੀਂ ਆਪਣੇ ਸਾਥੀ ਤੋਂ ਕੀ ਚਾਹੁੰਦੇ ਹੋ ਅਤੇ ਉਸ ਵਿਚ ਤੁਹਾਡੇ ਮੁਤਾਬਿਕ ਕਿਹੜੀਆਂ ਕਮੀਆਂ ਹਨ। ਹੁਣ ਤੁਸੀਂ ਇਮਾਨਦਾਰੀ ਨਾਲ ਆਪਣੀਆਂ ਚੰਗੀਆਂ ਅਤੇ ਮਾੜੀਆਂ ਆਦਤਾਂ ਦੀ ਵੀ ਇਕ ਸੂਚੀ ਬਣਾ ਲਵੋ। ਆਪਣੀਆਂ ਕਮੀਆਂ ਅਤੇ ਆਪਣੀ ਸ਼ਖਸੀਅਤ ਦੀਆਂ ਚੰਗੀਆਂ ਗੱਲਾਂ ਬਾਰੇ ਵੀ ਸਵੈ-ਪੜਚੋਲ ਕਰੋ। ਫਿਰ ਆਪਣੇ ਸਾਥੀ ਨਾਲ ਇਹ ਗੱਲ ਸਾਂਝੀ ਕਰ ਸਕਦੇ ਹੋ ਅਤੇ ਬਿਨਾਂ ਸਾਂਝੀ ਕੀਤੇ ਵੀ ਆਪਣੇ ਆਪ ਨੂੰ ਬਦਲਣ ਦੀ ਕੋਸਿਸ਼ ਵੀ ਕਰ ਸਕਦੇ ਹੋ। ਮੰਨ ਲਵੋ ਕਿ ਤੁਹਾਡੀ ਆਮਦਨ ਤੁਹਾਡੇ ਖਰਚ ਨਾਲੋਂ ਘੱਟ ਹੈ। ਤੁਸੀਂ ਖਰਚਾ ਘਟਾਉਣ ਦੀ ਕੋਸ਼ਿਸ਼ ਕਰ ਸਕਦੇ ਹੋ ਅਤੇ ਦੂਜੇ ਪਾਸੇ ਆਪਣੇ ਪਤੀ ਦੀ ਮਦਦ ਲਈ ਅੱਗੇ ਆ ਸਕਦੇ ਹੋ। ਜੇ ਤੁਹਾਨੂੰ ਆਪਣੇ ਪਤੀ ਦੀ ਕੋਈ ਆਦਤ ਚੰਗੀ ਨਹੀਂ ਲੱਗਦੀ ਤਾਂ ਉਸ ਨੂੰ ਪਿਆਰ ਨਾਲ ਬਦਲਣ ਦੀ ਕੋਸ਼ਿਸ਼ ਕਰੋ। ਮੈਂ ਕਈ ਤ੍ਰੀਮਤਾਂ ਨੂੰ ਇਸੇ ਪਿਆਰ ਦੇ ਜਾਦੂ ਨਾਲ ਬੰਦਿਆਂ ਨੂੰ ਸ਼ਰਾਬ ਦੀ ਲਤ ਛੁਡਾਉਂਦੇ ਹੋਏ ਦੇਖਿਆ ਹੈ। ਹਰ ਚੀਜ਼ ਦੀ ਕੀਮਤ ਹੁੰਦੀ ਹੈ। ਮਕਾਨ ਨੂੰ ਘਰ ਬਣਾਉਣ ਦੀ ਵੀ ਕੀਮਤ ਹੈ ਪਿਆਰ ਅਤੇ ਪਿਆਰ ਕੁਰਬਾਨੀ ਮੰਗਦਾ ਹੈ। ਸੋ ਥੋੜੀ ਕੁਰਬਾਨੀ ਕਰੋ, ਤੁਹਾਨੂੰ ਤੁਹਾਡੇ ਸੁਪਨਿਆਂ ਦਾ ਘਰ ਸੰਸਾਰ ਮਿਲੇਗਾ।ਪ੍ਰੋਫੈਸਰ ਸਾਹਿਬ ਨੇ ਆਪਣਾ ਪ੍ਰਵਚਨ ਜਾਰੀ ਰੱਖਦੇ ਹੋਏ ਸਰੋਤਿਆਂ ਵੱਲ ਵੇਖਿਆ ਸ਼ਾਇਦ ਉਹ ਆਪਣੀਆਂ ਗੱਲਾਂ ਦਾ ਪ੍ਰਭਾਵ ਜਾਨਣ ਦਾ ਯਤਨ ਕਰ ਰਹੇ ਸਨ।