ਡੀ.ਸੀ. ਵੱਲੋਂ ਪਿੰਡ ਮਨਾਲ ਦੀ ਗਊਸ਼ਾਲਾ ਲਈ ਤੂੜੀ ਤੇ ਹਰਾ-ਚਾਰਾ ਦਾਨ ’ਚ ਦੇਣ ਦੀ ਅਪੀਲ

image ਬਰਨਾਲਾ, 19 ਜੂਨ (ਗੁਰਮੀਤ ਸਿੰਘ ਬਰਨਾਲਾ)-ਜ਼ਿਲ੍ਹੇ ਦੇ ਪਿੰਡ ਮਨਾਲ ਵਿੱਚ 13 ਏਕੜ ਰਕਬੇ ਵਿੱਚ ਬਣਾਈ ਗਈ ਬੇਸਹਾਰਾ ਪਸ਼ੂਆਂ ਦੀ ਸੇਵਾ ਸੰਭਾਲ ਕਰਨ ਦੇ ਮੰਤਵ ਹਿੱਤ ਸਰਕਾਰੀ ਗਊਸ਼ਾਲਾ ਦੇ ਪ੍ਰਬੰਧਾਂ ਵਿੱਚ ਸੁਧਾਰ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਕਾਫ਼ੀ ਸਰਗਰਮ ਹੋ ਗਿਆ ਹੈ।  ਇੱਕ ਹਫਤੇ ਦੇ ਵਿੱਚ ਜ਼ਿਲ੍ਹੇ ਦੇ ਦੋ ਚੋਟੀ ਦੇ ਅਧਿਕਾਰੀਆਂ ਨੇ ਇਸ ਗਊਸ਼ਾਲਾ ਦੇ ਪ੍ਰਬੰਧਾਂ ਦਾ ਅਚਨਚੇਤ ਨਿਰੀਖਣ ਕੀਤਾ। ਮਿਤੀ 16 ਜੂਨ ਨੂੰ ਜ਼ਿਲ੍ਹੇ ਦੇ ਏਡੀਸੀ ਪ੍ਰਵੀਨ ਕੁਮਾਰ ਦੇ ਦੌਰੇ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਘਣਸ਼ਿਆਮ ਥੋਰੀ ਨੇ ਵੀ ਗਊਸ਼ਾਲਾ ਦਾ ਅਚਨਚੇਤ ਨਿਰੀਖਣ ਕੀਤਾ।  ਉਨ੍ਹਾਂ ਦੱਸਿਆ ਕਿ ਇਸ ਗਊਸ਼ਾਲਾ ਦੀ ਸਾਂਭ-ਸੰਭਾਲ ਧਾਰਮਿਕ, ਸਮਾਜਿਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਣੀ ਕਮੇਟੀ ਵਲੋਂ ਕੀਤੀ ਜਾ ਰਹੀ ਹੈ ਅਤੇ ਗਊਸ਼ਾਲਾ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਗਊਸ਼ਾਲਾ ਵਿਖੇ ਮੌਜੂਦ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਗਊਆਂ ਦੀ ਸਾਂਭ-ਸੰਭਾਲ ਵਾਲੀ ਜਗ੍ਹਾ ਨੂੰ ਛੱਡ ਕੇ ਬਾਕੀ ਵਾਧੂ ਪਈ ਜਗ੍ਹਾ ’ਤੇ ਹਰਾ-ਚਾਰਾ ਬੀਜਿਆ ਜਾਵੇ। ਉਨ੍ਹਾਂ ਕਿਹਾ ਕਿ ਗਊ ਮਾਤਾ ਦੀ ਸੇਵਾ ਇੱਕ ਉਤਮ ਸੇਵਾ ਹੈ। ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਵਾਸੀਆਂ ਅਤੇ ਵਿਸ਼ੇਸ਼ ਤੌਰ ’ਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਗਊਸ਼ਾਲਾ ਲਈ ਵੱਧ ਤੋਂ ਵੱਧ ਤੂੜੀ ਅਤੇ ਹਰਾ-ਚਾਰਾ ਦਾਨ ਵਿੱਚ ਭੇਜਿਆ ਜਾਵੇ ਤਾਂ ਜੋ ਇਸ ਗਊਸ਼ਾਲਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਡਿਪਟੀ ਕਮਿਸ਼ਨਰ ਥੋਰੀ ਨੇ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ’ਚ  ਜ਼ਿਲ੍ਹੇ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਘੁੰਮਦੇ ਬੇਸਹਾਰਾ ਪਸ਼ੂਆਂ ਨੂੰ ਜਲਦ ਹੀ ਇਸ ਗਊਸ਼ਾਲਾ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਜੋ ਜਿੱਥੇ ਇਨ੍ਹਾਂ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਹੋਵੇਗੀ, ਉਥੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਇਨ੍ਹਾਂ ਪਸ਼ੂਆਂ ਕਾਰਨ ਆਮ ਲੋਕਾਂ ਨੂੰ ਪੈਦਾ ਹੁੰਦੀ ਪਰੇਸ਼ਾਨੀ ਵੀ ਘਟੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ ਸ੍ਰੀ ਪਰਵੀਨ ਕੁਮਾਰ ਵੀ ਸਨ।

Send this to a friend