May 25, 2026 11:24 pm

ਸ੍ਰੀ ਅਨੰਦਪੁਰ ਸਾਹਿਬ ਦੇ 352ਵੇਂ ਸਥਾਪਨਾ ਦਿਵਸ ਮੌਕੇ ਗੁ: ਗੁਰੂ ਕੇ ਮਹਿਲ (ਭੌਰਾ ਸਾਹਿਬ) ਵਿਖੇ ਕਰਵਾਏ ਗੁਰਮਤਿ ਸਮਾਗਮ

image ਸ੍ਰੀ ਅਨੰਦਪੁਰ ਸਾਹਿਬ, 19 ਜੂਨ (ਦਵਿੰਦਰਪਾਲ ਸਿੰਘ, ਅੰਕੁਸ਼)- ਖਾਲਸੇ ਦੀ ਜਨਮ ਭੂੰਮੀ ਅਤੇ ਪਾਵਨ ਅਸਥਾਨ ਸ਼੍ਰੀ ਅਨੰਦਪੁਰ ਸਾਹਿਬ ਦਾ 352 ਵਾਂ ਸਥਾਪਨਾ ਦਿਵਸ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਛਤਰ-ਛਾਇਆ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ-ਸਤਿਕਾਰ ਨਾਲ ਮਨਾਇਆ ਗਿਆ। ਗੁਰਦੁਆਰਾ ਗੁਰੂ ਕੇ ਮਹਿਲ (ਭੌਰਾ ਸਾਹਿਬ) ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਕਰਵਾਏ ਗਏ। ਜਿਸ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੀ ਪਾਵਨ ਨਗਰੀ ਹੈ ਜਿੱਥੇ ਦਸਮ ਪਾਤਸ਼ਾਹ ਨੇ ਆਪਣੀ ਜਿੰਦਗੀ ਦੇ 34 ਸਾਲ ਬਤੀਤ ਕੀਤੇ। ਉਨ੍ਹਾਂ ਕਿਹਾ ਇਸੇ ਨਗਰੀ ਵਿਚ ਕਸ਼ਮੀਰੀ ਪੰਡਿਤਾਂ ਨੇ ਆਪਣੇ ਧਰਮ ਦੀ ਰਖਿਆ ਲਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਫਰਿਆਦ ਕੀਤੀ, ਖਾਲਸੇ ਦੀ ਸਿਰਜਨਾ ਜਿਹਾ ਵਿਲੱਖਣ ਕੌਤਕ ਵੀ ਗੁਰੂ ਪਾਤਸ਼ਾਹ ਨੇ ਇਸੇ ਧਰਤੀ ਤੇ ਵਰਤਾਇਆ। ਉਨ੍ਹਾਂ ਕਿਹਾ ਇਥੋ ਦੇ ਇਤਹਾਸ ਨੇ ਸਮੁੱਚੇ ਸੰਸਾਰ ਦੀ ਧਾਰਾ ਬਦਲ ਕੇ ਰਖ ਦਿਤੀ। ਉਹਨਾਂ ਅੱਗੇ ਕਿਹਾ ਕਿ ਕੌਮ ਦੇ ਨੋਜਵਾਨ ਸਾਡਾ ਭਵਿਖ ਹਨ ਤੇ ਉਨ੍ਹਾਂ ਨੂੰ ਇਸ ਅਨੰਦਪੁਰੀ ਦੇ ਇਤਹਾਸ ਤੋ ਸੇਧ ਲੈਣੀ ਚਾਹੀਦੀ ਹੈ। ਜੇਕਰ ਕੌਮ ਦੇ ਨੋਜਵਾਨ ਸਾਬਤ ਸੂਰਤ ਅਮਿੰ੍ਰਤਧਾਰੀ ਹੋ ਕੇ ਕੌਮ ਦੀ ਸੇਵਾ ਵਿਚ ਜੁਟ ਜਾਣ ਤਾਂ ਕੌਮੀ ਤੋਰ ਤੇ ਸਾਡੀ ਚੜ੍ਹਦੀ ਕਲਾ ਹੋ ਸਕਦੀ ਹੈ।
ਉਨ੍ਹਾਂ ਸਮੂੰਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿਤੀ ਕਿ ਅੱਜ ਇਸ ਪਾਵਨ ਅਸਥਾਨ ਦਾ 352ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੋਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਰਾਗੀ ਜੱਥੇ ਭਾਈ ਸਿਮਰਪ੍ਰੀਤ ਸਿੰਘ ਵਲੋ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੋਕੇ ਉਕਤ ਤੋਂ ਇਲਾਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਫੂਲਾ ਸਿੰਘ, ਸ.ਰਣਜੀਤ ਸਿੰਘ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ, ਪੰਜ ਪਿਆਰੇ ਸਾਹਿਬਾਨ ਭਾਈ ਅਵਤਾਰ ਸਿੰਘ, ਭਾਈ ਹਰਜੀਤ ਸਿੰਘ, ਐਡੀ:ਮੈਨੇਜਰ ਜਰਨੈਲ ਸਿੰਘ, ਲਖਵਿੰਦਰ ਸਿੰਘ, ਸੂਚਨਾ ਅਫ਼ਸਰ ਹਰਦੇਵ ਸਿੰਘ ਐਡਵੋਕੇਟ ਤੇ ਭੁਪਿੰਦਰ ਸਿੰਘ, ਅਕਾਲੀ ਆਗੂ ਮਨਜਿੰਦਰ ਸਿੰਘ ਬਰਾੜ, ਜਥੇਦਾਰ ਸੰਤੋਖ ਸਿੰਘ, ਭਾਈ ਸੁਰਿੰਦਰ ਸਿੰਘ, ਹਰਜੀਤ ਸਿੰਘ ਅਚਿੰਤ, ਪ੍ਰਿੰ: ਨਿਰੰਜਣ ਸਿੰਘ, ਰਣਬੀਰ ਸਿੰਘ ਕਲੋਤਾ, ਹਰਮਨਪ੍ਰੀਤ ਸਿੰਘ, ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਮਾਤਾ ਗੁਰਚਰਨ ਕੌਰ, ਬੀਬੀ ਸੁਰਿੰਦਰਪਾਲ ਕੌਰ, ਬੀਬੀ ਤੇਜਿੰਦਰ ਕੌਰ ਆਦਿ ਹਾਜ਼ਰ ਸਨ।

Send this to a friend