‘‘ਸੁਖੀ ਗ੍ਰਹਿਸਥ ਜੀਵਨ ਦਾ ਅਹਿਮ ਸੂਤਰ ਹੈ : ਪਤਨੀ ਅਤੇ ਮਾਂ ਦੇ ਰਿਸ਼ਤੇ ਵਿੱਚ ਸੰਤੁਲਨ ਕਾਇਮ ਰੱਖੋ। ਸਿਆਣਾ ਪਤੀ ਮਾਂ ਅਤੇ ਆਪਣੀ ਪਤਨੀ ਵਿੱਚ ਤਵਾਜਨ ਬਣਾਕੇ ਰੱਖਣ ’ਚ ਮਾਹਿਰ ਹੁੰਦਾ ਹੈ’’ ਇਹ ਸੂਤਰ ਨੂੰ ਸਮਝਾਉਂਦੇ ਹੋਏ ਪ੍ਰੋਫੈਸਰ ਸਾਹਿਬ ਨੇ ਹਾਜ਼ਰ ਸਰੋਤਿਆਂ ਵੱਲ ਇਉਂ ਵੇਖਿਆ ਜਿਵੇਂ ਪੁੱਛ ਰਹੇ ਹੋਣ ਕਿ ਕੋਈ ਸ਼ੰਕਾ ਤਾਂ ਨਹੀਂ ਹੈ ਤੁਹਾਡੇ ਮੰਨ ਵਿੱਚ। ਪ੍ਰੋਫੈਸਰ ਸਾਹਿਬ ਆਪਣੀ ਗੱਲ ਖਤਮ ਕਰਕੇ ਬੈਠਣ ਹੀ ਵਾਲੇ ਸਨ ਕਿ ਇਕ ਨੌਜਵਾਨ ਆਪਣੀ ਸੀਟ ਤੋਂ ਉਠਕੇ ਸਵਾਲ ਕਰਨ ਲੱਗਾ,
‘‘ਮੇਰੀ ਜ਼ਿੰਦਗੀ ਦੀ ਇੱਕ ਵੱਡੀ ਸਮੱਸਿਆ ਹੈ ਕਿ ਮੈਨੂੰ ਅਤੇ ਮੇਰੀ ਪਤਨੀ ਨੂੰ ਗੁੱਸਾ ਬਹੁਤ ਆਉਂਦਾ ਹੈ। ਅਸੀਂ ਦੋਵੇਂ ਛੋਟੀ-ਛੋਟੀ ਗੱਲ ’ਤੇ ਝਗੜਦੇ ਰਹਿੰਦੇ ਹਾਂ। ਬਹੁਤ ਵਾਰ ਬਹੁਤ ਨਿਗੂਣੀ ਗੱਲ ’ਤੇ ਝਗੜਾ ਹੋ ਜਾਂਦਾ ਹੈ ਅਤੇ ਲੜਾਈ ਕਈ-ਕਈ ਦਿਨ ਚਲਦੀ ਹੈ। ਦੋਵਾਂ ਵਿੱਚੋਂ ਕੋਈ ਵੀ ਝੁਕਣ ਨੂੰ ਤਿਆਰ ਨਹੀਂ ਹੁੰਦਾ। ਮੇਰੀ ਬੀਵੀ ਮੈਨੂੰ ਹੋਰ ਦੁਖੀ ਕਰਨ ਲਈ ਮੇਰੀ ਮਾਂ ਬਾਰੇ ਬੁਰਾ ਭਲਾ ਕਹਿ ਦਿੰਦੀ ਹੈ ਅਤੇ ਫਿਰ ਮੇਰੀ ਮਰਦ ਹਾਊਮੈ ਹੋਰ ਆਕੜ ਜਾਂਦੀ ਹੈ। ਸਾਡੀ ਲੜਾਈ ਦੌਰਾਨ ਸਾਡਾ ਡੇਢ ਕੁ ਸਾਲ ਦਾ ਬੇਟਾ ਡੋਰ-ਭੋਰ ਹੋਇਆ ਵੇਖਦਾ ਰਹਿੰਦਾ ਹੈ। ਸਿਰਫ ਉਸੇ ਮਾਸੂਮ ਖਾਤਰ ਅਸੀਂ ਇਕੋ ਛੱਤ ਥੱਲੇ ਰਹੇ ਹਾਂ ਵਰਨਾ ਹੁਣ ਤੱਕ ਤਲਾਕ ਹੋ ਚੁੱਕਾ ਹੁੰਦਾ। ਸਾਡੇ ਲਈ ਵੀ ਕੋਈ ਉਪਾਅ ਜਾਂ ਸੂਤਰ ਹੈ ਤੁਹਾਡੇ ਕੋਲ?’’
‘‘ਸੋ, ਤੁਹਾਡੇ ਦੋਵਾਂ ਦੇ ਗੱਸੇ ਨੇ ਤੁਹਾਡੀ ਜ਼ਿੰਦਗੀ ਨੂੰ ਨਰਕ ਬਣਾਇਆ ਹੋਇਆ ਹੈ। ਇਹ ਗੱਲ ਵੀ ਤੁਹਾਡੀ ਠੀਕ ਹੋ ਸਕਦੀ ਹੈ ਕਿ ਤੁਹਾਨੂੰ ਦੋਵਾਂ ਨੂੰ ਗੁੱਸਾ ਬਹੁਤ ਆਉਂਦਾ ਹੈ। ਤੁਹਾਡੀ ਲੜਾਈ ਦਾ ਕਾਰਨ ਗੁੱਸਾ ਨਹੀਂ ਬਲਕਿ ਉਹ ਕਾਰਨ ਜਾਂ ਗੱਲਾਂ ਹਨ, ਜਿਨ੍ਹਾਂ ਕਾਰਨ ਤੁਹਾਨੂੰ ਕਰੋਧ ਆਉਂਦਾ ਹੈ। ਵੇਖੋ, ਬੱਚਿਓ, ਤੁਸੀਂ ਪੜ੍ਹੇ ਲਿਖੇ ਹੋ। ਸਿਆਣੇ ਹੋ ਅਤੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਕਰੋਧ ਜਾਂ ਗੁੱਸੇ ਦੇ ਕਿਹੜੇ ਕਾਰਨ ਹਨ। ਸਿਰਫ ਤੁਹਾਨੂੰ ਹੀ ਨਹੀਂ ਸਾਰੇ ਵਿਆਹੁਤਾ ਲੋਕਾਂ ਨੂੰ ਸਫ਼ਲ ਗ੍ਰਹਿਸਥੀ ਜੀਵਨ ਹਿੱਤ ਥੋੜ੍ਹੀ ਚੌਕਸੀ ਵਰਤਣੀ ਪਵੇਗੀ। ਇਹ ਜ਼ਿੰਦਗੀ ਬਹੁਤ ਖੂਬਸੂਰਤ ਹੈ, ਇਸ ਨੂੰ ਮਾਣਨ ਦੀ ਕਲਾ ਸਿਖਣੀ ਚਾਹੀਦੀ ਹੈ। ਸ਼ਾਦੀ-ਸ਼ੁਦਾ ਜ਼ਿੰਦਗੀ ਬਾਰੇ ਇਕ ਸ਼ਾਇਰ ਠੀਕ ਹੀ ਕਹਿੰਦਾ ਹੈ :
ਸ਼ਾਦੀ ਸ਼ੁਦਾ ਜ਼ਿੰਦਗੀ ਸਭੀ ਕੇ ਲਿਏ ਰੰਗੀਨ ਕਿਤਾਬ ਹੈ।
ਫ਼ਰਕ ਬਸ ਇਤਨਾ ਕਿ ਕੋਈ,
ਹਰ ਪੰਨੇ ਕੋ ਦਿਲ ਸੇ ਪੜ੍ਹ ਰਹਾ ਹੈ,
ਔਰ ਕੋਈ ਦਿਲ ਰਖਨੇ ਕੇ ਲੀਏ
ਪੰਨੇ ਪਲਟ ਰਹਾ ਹੈ।
ਤੁਸੀਂ ਇਸ ਜ਼ਿੰਦਗੀ ਦੇ ਹਰ ਪੰਨੇ ਨੂੰ ਹੀ ਨਹੀਂ ਸਗੋਂ ਹਰ ਸ਼ਬਦ ਨੂੰ ਦਿਲ ਨਾਲ ਪੜ੍ਹੋ। ਫਿਰ ਦੇਖੋਗੇ ਇਸ ਜ਼ਿੰਦਗੀ ਦੀਆਂ ਰੰਗੀਨੀਆਂ। ਜਦੋਂ ਤੁਸੀਂ ਹਰ ਪੰਨੇ ਨੂੰ ਗਹੁ ਨਾਲ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਸ਼ਬਦ ਨਾਲ ਮੇਰੇ ਸਾਥੀ ਨੂੰ ਗੁੱਸਾ ਆਇਆ ਅਤੇ ਉਸਦੇ ਗੁੱਸੇ ਨਾਲ ਮੈਨੂੰ ਵੀ ਕਰੋਧ ਆਇਆ। ਕਰੋਧ ਤਾਂ ਥੋੜ੍ਹਾ ਚਿਰ ਦਾ ਪਾਗਲਪਣ ਹੁੰਦਾ ਅਤੇ ਬਹੁਤ ਵਾਰ ਇਸ ਥੋੜਚਿਰੇ ਪਾਗਲਪਣ ਦੇ ਵੱਡੇ ਨੁਕਸਾਨ ਹੋ ਜਾਂਦੇ ਹਨ। ਬਹੁਤ ਵਾਰ ਗੁੱਸੇ ਵਿੱਚ ਬੋਲੋ ਬੋਲ ਦੂਜੇ ਨੂੰ ਇਸ ਤਰ੍ਹਾਂ ਜ਼ਖਮੀ ਕਰ ਦਿੰਦੇ ਹਨ ਕਿ ਉਹ ਚਾਹੁੰਦਾ ਹੋਇਆ ਵੀ, ਉਨ੍ਹਾਂ ਨੂੰ ਭੁੱਲ ਨਹੀਂ ਸਕਦਾ। ਤੁਹਾਡੇ ਵਰਗੇ ਹੀ ਇਕ ਗੁਸੈਲੇ ਪਤੀ ਨੇ ਗੁੱਸੇ ਵਿੱਚ ਆਪਣੀ ਪਤਨੀ ਨੂੰ ਕਹਿ ਦਿੱਤਾ ਕਿ ‘‘ਮੇਰੇ ਘਰੋਂ ਨਿਕਲ ਜਾ’’। ਉਹ ਪਤਨੀ ਅਜੇ ਤੱਕ ਇਹ ਸ਼ਬਦ ਨਹੀਂ ਭੁਲੀ ਕਿ ਤੂੰ ਆਪਣੀ ਮਾਂ ਦੀ ਖਾਤਰ ਮੈਨੂੰ ਘਰੋਂ ਕੱਢਣ ਤੱਕ ਗਿਆ।
ਗ੍ਰਹਿਸਥੀ ਜੀਵਨ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤੇ ਵਿਚਾਰਕ ਮਤਭੇਦ ਹੋਣਾ ਸੁਭਾਵਿਕ ਹੁੰਦਾ ਹੈ ਪਰ ਇਹ ਛੋਟੇ ਟਕਰਾਅ ਲੜਾਈ ਝਗੜੇ ਦਾ ਰੂਪ ਨਹੀਂ ਧਾਰਨ ਕਰਨੇ ਚਾਹੀਦੇ। ਇਸ ਲਈ ਕੁੱਝ ਉਪਾਅ ਤੁਸੀਂ ਨੋਟ ਕਰ ਸਕਦੇ ਹੋ। ਦੋਵੇਂ ਧਿਰਾਂ ਕਾਪੀ ਅਤੇ ਕਲਮ ਲੈ ਕੇ ਬੈਠਣ ਅਤੇ ਅਤੀਤ ’ਤੇ ਝਾਤੀ ਮਾਰਕੇ ਆਪਣੇ ਸਾਥੀ ਦੀਆਂ ਉਹ ਗੱਲਾਂ ਦੀ ਸੂਚੀ ਬਣਾਉਣ ਜਿਨ੍ਹਾਂ ਗੱਲਾਂ ਕਾਰਨ ਤੁਹਾਨੂੰ ਗੁੱਸਾ ਆਇਆ ਸੀ। ਇਉਂ ਦੋਵੇਂ ਪਤੀ-ਪਤਨੀ ਆਪੋ-ਆਪਣੀ ਸੂਚੀ ਦੂਜੇ ਨੂੰ ਫੜਾ ਦੇਣ। ਇਸ ਤਰ੍ਹਾਂ ਤੁਹਾਡੇ ਕੋਲ ਆਪਣੇ ਪਤੀ ਜਾਂ ਪਤਨੀ ਦੇ ਮਨ ਦੀਆਂ ਉਹ ਗੱਲਾਂ ਆ ਜਾਣਗੀਆਂ ਜਿਨ੍ਹਾਂ ਕਾਰਨ ਉਹ ਕਰੋਧ ਦਾ ਸ਼ਿਕਾਰ ਹੁੰਦਾ ਹੈ। ਹੁਣ ਬੀਮਾਰੀ ਫੜੀ ਜਾ ਚੁੱਕੀ ਹੈ ਅਤੇ ਇਲਾਜ ਵੀ ਬਹੁਤ ਅਸਾਨ ਅਤੇ ਸੌਖਾ ਹੈ ਕਿ ਉਹ ਗੱਲਾਂ ਤੋਂ ਬੱਚਿਆ ਜਾਵੇ ਜਿਨ੍ਹਾਂ ਤੋਂ ਤੁਹਾਡੇ ਪਿਆਰੇ ਨੂੰ ਗੁੱਸਾ ਆਉਂਦਾ ਹੈ। ਜੇ ਫਿਰ ਕਦੇ ਗੁੱਸੇ ਦਾ ਦੌਰਾ ਪਵੇ ਤਾਂ ਲੰਬੇ-ਲੰਬੇ ਸਾਹ ਲਵੋ। ਗਿਣਤੀ ਸ਼ੁਰੂ ਕਰ ਦੇਵੋ ਜਾਂ ਠੰਡਾ ਪਾਣੀ ਪੀ ਲਵੋ ਜਾਂ ਸ਼ੀਸ਼ਾ ਵੇਖਣ ਲੱਗ ਪਵੋ। ਹੋਰ ਵੀ ਕਾਰਗਰ ਇਲਾਜ ਹੈ ਕਿ ਆਪਣੇ ਗੁੱਸੇ ਨੂੰ ਥੋੜ੍ਹੇ ਸਮੇਂ ਲਈ ਟਾਲ ਦਿਉ। ਗੁੱਸੇ ਨੂੰ ਹਾਸੇ ਵਿੱਚ ਉਡਾ ਦਿਓ। ਜੇ ਗਲਤੀ ’ਤੇ ਹੋ ਤਾਂ ‘ਸੌਰੀ’ ਕਹਿਣ ਦੀ ਹਿੰਮਤ ਰੱਖੋ। ਹਾਊਮੇ ਨੂੰ ਆਪਣੀ ਸਖਸ਼ੀਅਤ ਤੋਂ ਮਨਫੀ ਕਰ ਦਿਓ।
ਪਤੀ-ਪਤਨੀ ਦੇ ਸਬੰਧਾਂ ਵਿੱਚ ਹਾਊਮੈ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਬਸ, ਇਕ ਹੋਰ ਉਪਾਅ ਜੋ ਬਹੁਤ ਜ਼ਰੂਰੀ ਹੈ ਕਿ ਬਹਿਸ ਤੋਂ ਬਚੋ। ਖਾਸ ਤੌਰ ’ਤੇ ਅਜਿਹੇ ਵਿਸ਼ੇ ’ਤੇ ਬਹਿਸ ਉਕਾ ਹੀ ਨਾ ਕਰੋ ਜਿਸ ਕਾਰਨ ਤੁਹਾਡੇ ਸਾਥੀ ਨੂੰ ਗੁੱਸਾ ਆ ਸਕਦਾ ਹੋਵੇ। ਮੇਰੇ ਕੋਲ ਇਕ ਅਜਿਹਾ ਕੇਸ ਆਇਆ ਜਿਸ ਵਿੱਚ ਪਤਨੀ ਨੇ ਬਹਿਸ ਦੌਰਾਨ ਪਤੀ ਦੇ ਧਾਰਮਿਕ ਅਕੀਦੇ ਖਿਲਾਫ ਕੁੱਝ ਬੋਲ ਦਿੱਤਾ ਅਤੇ ਨੌਬਤ ਤਲਾਕ ਤੱਕ ਪਹੁੰਚੀ ਹੋਈ ਹੈ।
ਖ਼ੈਰ! ਗ੍ਰਹਿਸਥ ਜੀਵਨ ਸੁਖੀ ਅਤੇ ਸਾਵਾਂ ਪੱਧਰਾ ਰੱਖਣ ਦੇ ਹੋਰ ਵੀ ਬਹੁਤ ਉਪਾਅ ਹਨ। ਉਨ੍ਹਾਂ ਬਾਰੇ ਫਿਰ ਕਿਸੇ ਦਿਨ ਚਰਚਾ ਕਰਾਂਗੇ। ਅੱਜ ਇੰਨਾ ਹੀ ਕਾਫੀ ਹੈ’’ ਇਹ ਕਹਿੰਦੇ ਹੋਏ ਪ੍ਰੋਫੈਸਰ ਸਾਹਿਬ ਨੇ ਆਪਣੀ ਗੱਲ ਖ਼ਤਮ ਕੀਤੀ।