May 23, 2026 8:09 am

ਪੰਜਾਬ ਦੀ ਰਾਜਨੀਤੀ ਦੇ ਕਰੋ ਜਰਾ ਦਰਸ਼ਨ ਦੀਦਾਰੇ

3 ‘ਪੰਜਾਬ ਟਾਇਮਜ਼’ ਦੇ ਸੁਹਿਰਦ ਅਤੇ ਬੜੇ ਹੀ ਸੂਝਵਾਨ ਪਾਠਕ ਲਓ ਜ਼ਰਾ ਆਪਣੀਆਂ ਬਿਰਤੀਆਂ ਕਰੋ ਇਕਾਗਰ, ਤੁਹਾਨੂੰ ਪੰਜਾਬ ਦੀ ਅਠਖੇਲੀਆਂ ਕਰਦੀ ਰਾਜਨੀਤੀ ਦੇ ਕੁਝ ਕੁ ਦਰਸ਼ਨ ਦੀਦਾਰੇ ਕਰਾਈਏ। ਉਂਝ ਵੀ ਤਾਂ ਪੰਜਾਬੀਆਂ ਨੂੰ ਸਿਆਸਤ ਚੱਬਣ ਚਿੱਥਣ ਦਾ ਬੜਾ ਸੁਆਦ ਆਉਂਦੈ। ਜਿਥੇ ਵੀ ਦੋ ਚਾਰ ਸਿਰ ਜੁੜਦੇ ਹਨ ਭਾਵੇਂ ਉਹ ਆਮ ਥਾਂ ਹੋਵੇ ਅਤੇ ਭਾਵੇਂ ਖਾਸ, ਜੇ ਹੋਰ ਕੁਝ ਨਹੀਂ ਤਾਂ ਭਾਵਏਂ ਦਫਤਰ ਹੀ ਹੋਵੇ ਜਾਂ ਫਿਰ ਘਰ ਦਾ ਡਰਾਇੰਗ ਰੂਮ ਬੱਸ ਰਸਮੀ ਦੋ ਚਾਰ ਗੱਲਾਂ ਪਿੱਛੋਂ ਧਾਤ ਦੇ ਤਵਿਆਂ ਵਾਂਗ ਸੂਈ ਆਪਣਏ-ਆਪਣੇ ਰਿਕਾਰਡ ’ਤੇ ਅਟਿਕਦੀ ਹੈ। ਫਿਰ ਨਾ ਪੁੱਛੋਂ ਕੁਝ, ਬਸ ਜ਼ਮੀਨ-ਅਸਮਾਨ ਉਂਝ ਤਾਂ ਕਹਿੰਦੇ ਹਨ ਕਦੀ ਮਿਲਣਾ ਨਹੀਂ ਪਰ ਇਹ ਕੁਝ ਗਪੌੜ ਸੰਖ ਪਲਾਂ ਘੜੀਆਂ ’ਚ ਜ਼ਮੀਨ ਅਸਮਾਨ ਇਕ ਕਰਕੇ ਸਮਝੇ ਤੱਥਾਂ ਤੇ ਸਰ੍ਹੋਂ ਜਮਾ ਦਿੰਦੇ ਹਨ।
ਚਲੋ ਐਵੇਂ ਗੱਲ ਲੰਬੀ ਨਾ ਕਰੀਏ ਜਾਂ ਪਾਣੀ ਵਿੱਚ ਮਧਾਣੀ ਨਾ ਘੁਮਾਈਏ ਆਓ ਮਤਲਬ ਦੀ ਗੱਲ ਕਰੀਏ। ਤੁਹਾਡਾ ਵੀ ਟਾਇਮ ਬੜਾ ਕੀਮਤੀ ਹੈ। ਤੁਸੀਂ ਆਪਣਾ ਅਖਬਾਰ ਪੜ੍ਹਨ ਤੋਂ ਪਿੱਛੋਂ ਘਰ ਬਾਰ ਦੇ ਸੌ ਕੰਮ ਵੀ ਕਰਨੇ ਨੇ ਤੇ ਹੁਣ ਮੈਂ ਜੇ ਤੁਹਾਡੇ ਕੋਲੋਂ ਹੀ ਪੁੱਛ ਲਵਾ ਕਿ ਤੁਸੀਂ ਦਰਸ਼ਕਾਂ ਦੀ ਇਹ ਝਲਕ ਕਿਥੋਂ ਤੇ ਕਿਹੜੇ ਪਾਸਿਓਂ ਵੇਖਣਾ ਪਸੰਦ ਕਰੋਗੇ ਤਾਂ ਤੁਸੀਂ ਸਾਰਿਆਂ ਨੇ ਇਕਦਮ ਬੋਲ ਪੈਣਾ ਪਈ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਪੰਜਾਬ ਦਾ ਬਾਦਸ਼ਾਹ ਹੈ, ਉਥੋਂ ਦੀ ਸ਼ੁਰੂ ਕਰੋ। ਯਾਰੋ ਤੁਸੀਂ ਸੱਚਮੁੱਚੀ ਆਪਣੇ ਸੂਝਵਾਨ ਹੋਣ ਦਾ ਸਬੂਤ ਦੇ ਦਿੱਤਾ ਹੈ। ਮੈਂ ਤਾਂ ਤੁਹਾਡਾ ਮਨ ਹੀ ਟੋਇਆ ਸੀ। ਉਂਝ ਮੈਂ ਵੀ ਗੱਲ ਇਥੋਂ ਹੀ ਸ਼ੁਰੂ ਕਰਨੀ ਸੀ। ਉਹ ਕਹਿੰਦੇ ਹੁੰਦੇ ਦੇ ਨਾ ਚੜ੍ਹਦੇ ਸੂਰਜ ਨੂੰ ਹੋਣ ਸਲਾਮਾਂ ਡੁੱਬਦੇ ਨੂੰ ਕੋਈ ਨਹੀਂ ਪੁੱਛਦਾ। ਇਹਦਾ ਅਰਥ ਤਾਂ ਤੁਸੀਂ ਚੰਗੀ ਤਰ੍ਹਾਂ ਸਮਝ ਹੀ ਗਏ ਹੋਵੋਗੇ ਫਰ ਇਕ ਗੱਲ ਜੇ ਤੇ ਉਹ ਇਹ ਕਿ ਜੇ ਅੱਜ ਅਮਰਿੰਦਰ ਨੂੰ ਸਲਾਮਾਂ ਹੁੰਦੀਆਂ ਹਨ ਤਾਂ ਇਹ ਵੀ ਕਿ ਉਨ੍ਹਾਂ ਨੂੰ ਪੂਰਾ ਇਕ ਦਹਾਕਾ ਇਨ੍ਹਾਂ ਸਲਾਮਾਂ ਦੇ ਮੌਕੇ ਹਨ। ਬੜੀ ਬੇਸਬਰੀ ਨਾਲ ਇੰਤਜ਼ਾਰ ਕਰਨੀ ਪਈ। ਤੁਹਾਨੂੰ ਇਹ ਵੀ ਤਾਂ ਇਲਮ ਹੋਵੇਗਾ ਕਿ ਇੰਤਜ਼ਾਰ ਦੀਆਂ ਘੜੀਆਂ ਕਿੰਨੀਆਂ ਔਖੀਆਂ ਤੇ ਲੰਮੀਆਂ ਹੁੰਦੀਆਂ ਹਨ ਪਰ ਇਹ ਵੀ ਤਾਂ ਜਾਣਦੇ ਈ.ਓ. ਕਿ ਜੇ ਇੰਤਜ਼ਾਰ ਕਰਨੀ ਹੀ ਪਵੇ ਤਾਂ ਫਿਰ ਕਿਸੇ ਦੀ ਮਾਂ ਨੂੰ ਮਾਸੀ ਵੀ ਨਹੀਂ ਕਿਹਾ ਜਾ ਸਕਣਾ।ਸੋ ਜਨਾਬ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਮਿਲ ਗਈ। ਲਗਭਗ ਨੱਬੇ ਦਿਨ ਹੋ ਗਏ ਹਨ ਉਨ੍ਹਾਂ ਨੂੰ ਤਾਜ ਪਹਿਨਿਆ ਅਤੇ ਉਨ੍ਹਾਂ ਦੀ ਸਰਕਾਰ ਨੇ ਕੁਝ ਦਾਅਵੇ ਤਾਂ ਚੋਣਾਂ ਵੇਲੇ ਹੀ ਕੀਤੇ ਸਨ ਅਤੇ ਕੁਝ ਹੁਣ ਬੜੀ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਦਾਅਵਾ ਉਨ੍ਹਾਂ ਦਾ ਹੁਣ ਵੀ ਇਹ ਐ ਕਿ ਉਨ੍ਹਾਂ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕਰਨਗੇ ਪਰ ਹਾਲ ਦੀ ਘੜੀ ਚੂੰ ਕਿ ਖਜ਼ਾਨਾ ਮਸਤਾਨਾ ਹੋਇਆ ਪਿਆ। ਇਸ ਲਈ ਉਨ੍ਹਾਂ ਨੂੰ ਆਪਣੇ ਦਾਅਵਿਆਂ ਨੂੰ ਹਕੀਕੀ ਰੂਪ ਦੇਣ ਵਿੱਚ ਕੁਝ ਕੁ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਉਂਝ ਰੇਤ ਦੀਆਂ ਖੱਡਾਂ ਦੀ ਨਿਕਾਸੀ ਨੂੰ ਲੈ ਕੇ ਕੁਝ ਵਿਵਾਦ ਵੀ ਛਿੜਿਆ ਹੈ ਪਰ ਇਕ ਬਹੁਤ ਹੀ ਅਹਿਮ ਪਹਿਲੂ ਵੱਲ ਨਾ ਆਮ ਲੋਕਾਂ ਦਾ ਬਹੁਤਾ ਧਿਆਨ ਗਿਆ ਹੈ ਅਤੇ ਨਾ ਹੀ ਮੀਡੀਆ ਦਾ ਕਿਉਂਕਿ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਇਸ ਦਾ ਨਾਂ ਹੀ ਨਹੀਂ ਲੈਣਾ ਕਿਉਂਕਿ ਇਹਦੇ ਨਾਲ ਸਰਕਾਰ ਦਾ ਕੱਦ ਬੁੱਤ ਉਚਾ ਹੁੰਦਾ ਹੈ। ਇਹ ਹੈ ਕਣਕ ਦੀ ਫਸਲ ਬੜੇ ਅਰਾਮ ਨਾਲ ਚੁਕਾਏ ਜਾਣ ਦਾ।ਪਿਆਰੇ ਪਾਠਕੋ ਕੀ ਗੱਲ ਬੜੇ ਮਸਤ ਹੋ ਗਏ ਜਾਂ ਸੁਸਤ। ਜਾਂ ਤਾਂ ਤੁਹਾਨੂੰ ਇਹ ਰਾਮ ਕਥਾ ਸਵਾਦਲੀ ਲੱਗ ਗਈ ਹੈ ਅਤੇ ਤੁਸੀਂ ਇਕ ਟੱਕ ਸੁਣ ਰਹੇ ਹੋ ਤੇ ਜਾਂ ਇਕ ਬੋਰ ਹੋ ਰਹੇ ਹੋ ਕਿ ਕਈ ਇਸ ਟਿੱਪਣੀਕਾਰ ਨੂੰ ਕੀ ਕਹੀਏ। ਇਹ ਦੋਵੇਂ ਪਹਿਲੂ ਦਰੁਸਤ ਨਹੀਂ। ਮਈ ਵਿਚ ਵਿਚਾਲੇ ਜਾਂ ਤਾਂ ਹੁੰਗਾਰਾ ਭਰੋ ਤੇ ਜਾਂ ਫਿਰ ਥੋੜ੍ਹਾ ਟੱਕ ਟਕਾਈ ਵੀ ਕਰੋ। ਪੰਜਾਬੀ ਭਰਾਵਾਂ ਦਾ ਨਾਂ ਸੁਭਾਅ ਹੀ ਬੜਾ ਟਿਪਣੀ ਖੋਰ ਹੈ ਅਤੇ ਗੱਲ ਗੱਲ ’ਤੇ ਫਿੱਡ ਅੜੀਆਂ ਲੈਣ ਵਾਲਾ ਪਰ ਇਕ ਤੁਸੀਂ ਹੋ ਕੇ ਨੂੰਹ ’ਚ ਵਾਟੀ ਪਾ ਕੇ ਬੈਠ ਗਏ ਹੋ। ਦਸ ਦਿਨਾਂ ਨੂੰ ਕੈਪਟਨ ਸਰਕਾਰ ਦਾ ਬਜਟ ਸੈਸ਼ਨ ਹੋਣਾ ਹੈ। ਖਜ਼ਾਨੇ ਦੀਆਂ ਚਾਬੀਆਂ ਨਾਲੋ-ਨਾਲ ਬੰਨ੍ਹੀ ਬੈਠਾ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਲੋਕਾਂ ਲਈ ਬਜਟ ਦੀ ਕੀ ਪਟਾਰੀ ਖੋਲਦਾ ਹੈ ਉਸ ਤੋਂ ਪਿਛੋਂ ਸਰਕਾਰ ਤੁਰਨ ਜੋਗ ਹੋ ਸਕੇਗੀ, ਅਜੇ ਤਾਂ ਮਸਾਂ ਰਿੜ੍ਹ ਹੀ ਰਹੀ ਹੈ ਕਿਉਂਕਿ ਅਜੇ ਤਾਂ ਹਾਲਤ ਪੱਲੇ ਨਹੀਂ ਧੇਲਾ ਕਰਦੀ ਫਿਰਦੀ ਮੇਲਾ-ਮੇਲਾ ਵਾਲੀ ਬਣੀ ਹੋਈ ਹੈ।ਆਹ ਬਣੀ ਕੁਝ ਚੰਗਾ ਲੱਗਾ ਸੱਜੇ ਪਾਸਿਉਂ ਕੁਝ ਘੁਸਰ-ਮੁਸਰ ਹੋਈ ਹੈ। ਲਗਦੈ ਤੁਹਾਡੇ ’ਚੋਂ ਕਿਸੇ ਨੂੰ ਜ਼ਬਾਨ ’ਤੇ ਕੋਈ ਸਵਾਲ ਆਇਆ। ਹਾਂ ਬਾਈ ਜੇ ਮੈਂ ਗਲਤ ਨਹੀਂ ਤਾਂ ਤੁਹਾਡਾ ਚਿਹਰਾ ਦੱਸਦਾ ਕਿ ਐਵੇਂ ਕਾਂਗਰਸ ਨੇ ਬਹੁਤ ਦੀਦਾਰੇ ਨਾ ਕਰਵਾਈ ਜਾਓ ਕੁਝ ਦੂਜੀਆਂ ਧਿਰਾਂ ’ਤੇ ਵੀ ਤੁਰਦੀ-ਤੁਰਦੀ ਰੋਸ਼ਨੀ ਪਾਓ। ਵੈਸੇ ਮੈਂ ਇਧਰ ਆ ਹੀ ਰਿਹਾ ਸਾਂ ਪਰ ਚੰਗਾ ਹੋਇਆ ਤੁਸੀਂ ਬਰੇਕਾਂ ਲੁਆ ਦਿੱਤੀਆਂ। ਲਓ ਹੁਣ ਸੁਣੋ ਪੰਜਾਬਦੇ ਸਿਆਸੀ ਅਖੜੇ ਦੀਆਂ ਦੋ ਹੋਰ ਭਲਵਾਨ ਪਾਰਟੀਆਂ ਜੋ ਇਤਫਾਕ ਵੱਸ ਵਿਰੋਧੀ ਧਿਰਾਂ ਹਨ। ਤੁਸੀਂ ਇਸ ਨੂੰ ਕੁਦਰਤ ਦਾ ਅਜੂਬਾ ਸਮਝੋ ਜਾਂ ਕੁਝ ਹੋਰ। ਸ਼੍ਰੋਮਣੀ ਅਕਾਲੀ ਦਲ ਦੇ ਉਦੋਂ ਵੀ ਸਰਵੇ ਕਰਵਾ ਅਤੇ ਹੁਣ ਵੀ ਪੂਰੀ ਤਰ੍ਹਾਂ ਨਵੇਂ ਸਰਵਾ ਸੁਖਬੀਰ ਸਿੰਘ ਬਾਦਲ ਇਕ ਪਾਸੇ ਅਤੇ ਦੂਜੇ ਪਾਸੇ 2014 ਤੋਂ ਬੜ੍ਹਕਾਂ ਮਾਰਗੀ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ। ਕਿਥੇ ਤਾਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਦੋਹਾਂ ਤੇਜ਼ ਤਰਾਰ ਲੀਡਰਾਂ ਦੇ ਦਿਮਾਗ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਜਨੂੰਨ ਚੜ੍ਹਿਆ ਪਿਆ ਸੀ ਅਤੇ ਕਿਥੇ ਇਹ ਦੋਵੇਂ ਹੀ ਅਹੁ ਜਾ ਪਏ ਹਨ ਅਤੇ ਬਾਕੀ ਲੈ ਗਿਆ ਕੈਪਟਨ ਅਮਰਿੰਦਰ ਸਿੰਘ। ਸੁਖਬੀਰ ਬਾਦਲ ਤੀਜੀ ਵਾਰ ਬਾਦਲ ਸਰਕਾਰ ਬਣਾਉਣ ਲਈ ਸਵੈ ਵਿਸ਼ਵਾਸ ਨਾਲ ਭਰਿਆ ਪਿਆ ਸੀ ਅਤੇ ਅਰਵਿੰਦ ਕੇਜਰੀਵਾਲ ਉਸ ਤੋਂ ਵੀ ਸੌ ਰਤੀਆਂ ਵੱਧ। ਪਰ ਤਕਦੀਰ ਨੇ ਸਾਥ ਦਿੱਤਾ ਕੈਪਟਨ ਅਮਰਿੰਦਰ ਸਿੰਘ ਦਾ ਜਿਸ ਦਾ ਆਪਣੇ ਮੰਤਰੀ ਮੰਡਲ ’ਤੇ ਤਾਂ ਹੁਣ ਪੂਰਾ ਛੱਪਾ ਹੈ ਹੀ ਬਲਕਿ ਅਫਸਰਸ਼ਾਹੀ ਦੀ ਘੰਡੀ ’ਤੇ ਵੀ ਹੱਥ ਰਖਿਆ ਹੋਇਐ। ਹਾਈ ਕਮਾਂਡ ਵੀ 90-95 ਫੀਸਦੀ ਉਹਦੇ ਫੈਸਲਿਆਂ ਤੇ ਠੱਪਾ ਲਾਈ ਤੁਰੀ ਜਾਂਦੀ ਹੈ। ਇਸ ਵਾਰੀ ਉਨ੍ਹਾਂ ਕਿਸੇ ਪਾਸਿਉਂ ਵਿਰੋਧ ਦੇ ਸਾਹਮਣੇ ਦਾ ਖਦਸ਼ਾ ਨਹੀਂ ਇਸ ਲਈ ਸਰਾਹਣੇ ਬਾਂਹ ਦੇ ਕੇ ਸੌਂ ਰਹੇ ਹਨ ਕੈਪਟਨ ਸਾਹਿਬ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਤੇ ਅਰਵਿੰਦ ਕੇਜਰੀਵਾਲ ਇਹ ਸੋਚ ਸੋਚ ਕੇ ਫਾਹਵੇ ਹੋ ਰਹੇ ਹਨ ਕਿ ਇਹ ਹੋ ਕੀ ਗਿਆ ਹੈ?  ਸਿਆਸੀ ਗਿਣਤੀਆਂ ਮਿਣਤੀਆਂ ਤਾਂ ਕੁਝ ਹੋਰ ਹੀ ਸਨ।ਤੁਹਾਨੂੰ ਲਗਦੇ ਨਹੀਂ ਕਿ ਆਪਣੀ ਕਥਾ ਵਾਰਤਾ ਲੰਬੀ ਹੋ ਗਈ ਹੈ। ਇਹ ਅੱਜ ਹੀ ਪੂਰੀ ਤਰ੍ਹਾਂ ਨਹੀਂ ਸਮੇਟਣੀ। ਤੁਹਾਡੇ ਨਾਲ ਕਦੀ-ਕਦੀ ਚੁੰਝ ਚਰਚਾ ਹੁੰਦੀ ਰਹੇਗੀ। ਉਂਝ ਜਾਂਦੇ-ਜਾਂਦੇ ਇਹ ਦੱਸ ਦੇਈਏ ਕਿ ਸਿਆਸਤ ਦਾ ਬਾਬਾ ਆਮਦ ਹੀ ਨਿਗਲਾ ਹੁੰਦੈ। ਇਥੇ ਕੋਈ ਪਤਾ ਨਹੀਂ ਕਦੋਂ ਕੀ ਕੁਝ ਵਾਪਰ ਜਾਵੇ ਕਿਉਂਕਿ ਕੋਈ ਕਿਸੇ ਦਾ ਸੱਕਾ ਸੋਧਰਾ ਨਹੀਂ ਹੁੰਦਾ। ਤੁਸੀਂ ਏਨਾ ਕੁਝ ਸੁਣ ਸਮਝ ਲਿਆ ਹੈ ਜੇ ਚੰਗਾ ਲੱਗਾ ਹੈ ਤਾਂ ਹੋਰ ਪਾਠਕਾਂ ਨਾਲ ਵੀ ਜ਼ਰੂਰ ਸਾਂਝਾ ਕਰਿਓ। ਬੋਲਣ ਦੀ ਤਾਂ ਤੁਹਾਨੂੰ ਬਥੇਰੀ ਆਦਤ ਹੈ ਕੁਝ ਲਿਖਣ ਦੀ ਆਦਤ ਵੀ ਪਾਓ। ਹੋਰ ਨਹੀਂ ਤਾਂ ਚਿੱਠੀ ਰਾਹੀਂ ਅਖਬਾਰ ਨੂੰ ਆਪਣੇ ਵਿਚਾਰ ਦੀ ਗੱਲ ਹੈ।

Send this to a friend