ਸਿਹਤਮੰਦ ਜ਼ਿੰਦਗੀ ਬਣਾਈ ਰਖਣ ਲਈ ਕਸਰਤ ਤੇ ਸੰਤੁਲਿਤ ਖੁਰਾਕ ਜਰੂਰੀ : ਡਾ. ਰਾਜ ਕੁਮਾਰ

image ਤਪਾ ਮੰਡੀ, 18 ਜੂਨ (ਖੁਸ਼ਦੀਪ ਗਰਗ, ਸੰਜੀਵ ਕੁਮਾਰ)-ਸਿਵਲ ਸਰਜਨ ਬਰਨਾਲਾ ਡਾ. ਸੰਪੂਰਨ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫ਼ਸਰ ਤਪਾ ਡਾ. ਰਾਜ ਕੁਮਾਰ ਦੀ ਅਗਵਾਈ ਵਿਚ ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਤਪਾ ਤੇ ਪਖੋਕੇ ਵਿਖੇ ਲੋਕਾਂ ਨੂੰ ਵਧ ਬਲਡ ਪਰੈਸ਼ਰ ਦੇ ਪ੍ਰਭਾਵ ਤੇ ਬਚਾਅ ਬਾਰੇ ਜਾਗਰੂਕ ਕੀਤਾ ਗਿਆ। ਵਿਭਾਗ ਵਲੋਂ ਆਈ ਜਾਗਰੂਕਤਾ ਵੈਨ ਰਾਹੀਂ ਸਿਹਤ ਸੰਭਾਲ ਸਬੰਧੀ ਫਿਲਮ ਵਿਖਾਈ ਗਈ ਅਤੇ ਪੋਸਟਰ ਵੰਡੇ ਗਏ। ਐਸ. ਐਮ. ਓ. ਡਾ. ਰਾਜ ਕੁਮਾਰ, ਮੈਡੀਸਨ ਮਾਹਰ ਡਾ. ਸਤਿੰਦਰਪਾਲ ਸਿੰਘ ਬੁਟਰ, ਬਲਾਕ ਐਕਸਟੈਂਸ਼ਨ ਐਜੂਕੇਟਰ ਗੌਤਮ ਰਿਸ਼ੀ, ਐਸਆਈ ਜਸਪਾਲ ਸਿੰਘ ਨੇ ਸਿਹਤਮੰਦ ਜ਼ਿੰਦਗੀ ਨੂੰ ਬਣਾਈ ਰਖਣ ਲਈ ਕਸਰਤ ਤੇ ਹੋਰ ਸਾਧਨਾਂ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਸਾਨੂੰ ਸਮੇਂ-ਸਮੇਂ ‘ਤੇ ਆਪਣਾ ਬਲਡ ਪਰੈਸ਼ਰ ਦੇ ਨਾਲ ਹੋਰ ਆਮ ਜਾਂਚ ਵੀ ਕਰਵਾਉਂਦੇ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਭਜ ਦੌੜ ਕਰਕੇ ਮਨੁਖ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਹੈ, ਜਿਸ ਕਰਕੇ ਹਾਈ ਬਲਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਉਨਾਂ ਲੋਕਾਂ ਨੂੰ ਨਸ਼ਿਆਂ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੰਦਿਆਂ ਦਸਿਆ ਕਿ ਹਾਈ ਬਲਡ ਪ੍ਰੈਸ਼ਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਘਟੋ ਘਟ 30 ਮਿੰਟ ਕਸਰਤ ਤੇ ਸੈਰ ਕਰਨੀ ਚਾਹੀਦੀ ਹੈ। ਸੰਤੁਲਿਤ ਖ਼ੁਰਾਕ ਖਾਣੀ ਚਾਹੀਦੀ ਹੈ, ਨਮਕ ਅਤੇ ਚਿਕਨਾਈ ਪਦਾਰਥਾਂ ਦਾ ਸੇਵਨ ਘਟ ਕਰਨਾ ਚਾਹੀਦਾ ਹੈ।ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਾਗਰ ਸਿੰਘ ਨਾਗੋ, ਮਾਰਕੀਟ ਕਮੇਟੀ ਸੁਪਰਵਾਈਜ਼ਰ ਬੇਅੰਤ ਸਿੰਘ ਮਾਂਗਟ, ਸਮਾਜ ਸੇਵੀ ਅਸ਼ੋਕ ਕੁਮਾਰ, ਪਖੋਕੇ ਵਿਖੇ ਪਚਾਇਤ ਮੈਂਬਰ ਤੇ ਸਿਹਤ ਵਿਭਾਗ ਦੇ ਕਰਮਚਾਰੀ ਵੀ ਮੌਜੂਦ ਸਨ।

Send this to a friend