ਪੰਜਾਬ ਵਿਧਾਨ ਸਭਾ ’ਚ ਤੀਜੇ ਦਿਨ ਵੀ ‘ਆਪ’ ਤੇ ਅਕਾਲੀ ਦਲ ਵੱਲੋਂ ਜ਼ੋਰਦਾਰ ਹੰਗਾਮਾ

ਵਿਧਾਨ ਸਭਾ ਵਿਚ ਸਿਧੂ ਅਤੇ ਅਕਾਲੀ ਵਿਧਾਇਕਾਂ ਵਿਚਾਲੇ ਹੋਈ ਤਿਖੀ ਬਹਿਸ

image ਚੰਡੀਗੜ੍ਹ, 16 ਜੂਨ- ਪੰਜਾਬ ਵਿਧਾਨ ਸਭਾ ਵਿੱਚ ਤੀਜੇ ਦਿਨ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਜ਼ੋਰਦਾਰ ਹੰਗਾਮਾ ਕੀਤਾ ਗਿਆ, ਜਿਸ ਕਾਰਨ ਸਭਾ ਦੀ ਕਾਰਵਾਈ ਕਈ ਵਾਰ ਮੁਅੱਤਲ ਕਰਨੀ ਪਈ। ਵੱਡੀ ਗੱਲ ਇਹ ਕਿ ਪ੍ਰਸ਼ਨਕਾਲ ਦੌਰਾਨ ਵੀ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਗਿਆ। ਇੱਕ ਮੌਕੇ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਖਲ ਦੇਣ ’ਤੇ ਅਕਾਲੀ ਵਿਧਾਇਕਾਂ ਨੂੰ ਹੰਗਾਮਾ ਕਰਨ ਤੋਂ ਰੋਕਿਆ ਗਿਆ। ਅਕਾਲੀ ਵਿਧਾਇਕ ਕਰਜ਼ਾ ਮੁਆਫੀ ਦੇ ਮੁੱਦੇ ’ਤੇ ਨਾਅਰੇਬਾਜ਼ੀ ਅਤੇ ਸ਼ੋਰ ਸ਼ਰਾਬਾ ਕਰ ਰਹੇ ਸਨ। ਸਪੀਕਰ ਦੇ ਬਾਰ-ਬਾਰ ਕਹਿਣ ’ਤੇ ਉਹ ਆਪਣੀਆਂ ਸੀਟਾਂ ਉਤੇ ਨਹੀਂ ਗਏ। ਇਸ ’ਤੇ ਮੁੱਖ ਮੰਤਰੀ ਆਪਣੀ ਸੀਟ ਉਪਰ ਖੜ੍ਹੇ ਹੋ ਕੇ ਬੋਲਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਹੱਥ ਵਿੱਚ ਇੱਕ ਸੂਚੀ ਹੈ, ਜਿਸ ਵਿੱਚ ਉਨ੍ਹਾਂ ਅਕਾਲੀ ਵਿਧਾਇਕਾਂ ਦੇ ਨਾਮ ਸ਼ਾਮਿਲ ਹਨ ਜਿਹੜੇ ਰੇਤੇ ਦੇ ਕਾਲੇ ਕਾਰੋਬਾਰ ਵਿੱਚ ਸ਼ਾਮਿਲ ਸਨ। ਮੁੱਖ ਮੰਤਰੀ ਨੇ ਧਮਕੀ ਦਿੱਤੀ ਕਿ ਉਹ ਸਦਨ ਵਿੱਚ  ਇੱਕ-ਇੱਕ ਕਰਕੇ ਸਾਰੇ ਵਿਧਾਇਕਾਂ ਦੇ ਨਾਮ ਦਸ ਦੇਣਗੇ। ਸਦਨ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਮੁੱਖ ਮੰਤਰੀ ਨੂੰ ਗੁੱਸੇ ਵਿੱਚ ਦੇਖਿਆ ਗਿਆ। ਮੁੱਖ ਮੰਤਰੀ ਦੀ ਇਸ ਧਮਕੀ ਦਾ ਅਸਰ ਇਹ ਹੋਇਆ ਕਿ ਅਕਾਲੀ ਵਿਧਾਇਕ ਇਹ ਹੋਇਆ ਕਿ ਅਕਾਲੀ ਵਿਧਾਇਕ ਚੁਪ ਚਾਪ ਆਪਣੀਆਂ ਸੀਟਾਂ ’ਤੇ ਜਾ ਬੈਠੇ। ਵਿਧਾਨ ਸਭਾ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿਧੂ ਅਤੇ ਅਕਾਲੀ ਵਿਧਾਇਕਾਂ ਵਿਚਾਲੇ ਖੂਬ ਜਮ ਕੇ ਤੂੰ ਤੂੰ ਮੈਂ ਮੈਂ ਹੋਈ ਤੇ ਇਕ ਦੂਸਰੇ ਨੂੰ ਲਲਕਾਰਿਆ। ਡਿਪਟੀ ਸਪੀਕਰ ਦੀ ਚੋਣ ਤੋਂ ਬਾਅਦ ਪ੍ਰਸ਼ਨ ਕਾਲ ਸ਼ੁਰੂ ਹੁੰਦੇ ਹੀ ਜਿਵੇਂ ਹੀ ਨਵਜੋਤ ਸਿੰਘ ਸਿਧੂ ਦੇ ਵਿਭਾਗ ਦਾ ਸਵਾਲ ਆਇਆ ਤਾਂ ਅਕਾਲੀ ਵਿਧਾਇਕ ਉਨ੍ਹਾਂ ਵੱਲ ਮੂੰਹ ਕਰਕੇ ਜੋਰਦਾਰ ਨਾਅਰੇਬਾਜੀ ਕਰਨ ਲੱਗੇ। ਵਿਧਾਇਕ ਹਰਦਿਆਲ ਕੰਬੋਜ ਦੇ ਸਵਾਲ ਦਾ ਜਵਾਬ ਦੇਣ ਲਈ ਸਿਧੂ ਉਠੇ ਤਾਂ ਅਕਾਲੀਆਂ ਨੇ ਨਾਅਰੇਬਾਜੀ ਸ਼ੁਰੂ ਕਰ ਦਿਤੀ। ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕਿਸੇ ਮੰਤਰੀ ਉਤੇ ਨਿਜੀ ਹਮਲੇ ਸਹਿਣ ਨਹੀਂ ਹੋਣਗੇ। ਫਿਰ ਅਕਾਲੀ ਵਿਧਾਇਕਾਂ ਨੂੰ ਜਵਾਬ ਦੇਣ ਲਈ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਅਤੇ ਰਾਜ ਵੜਿੰਗ ਦੀ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂ ਅਤੇ ਰੋਜੀ ਬਰਕੰਦੀ ਵਿਚਾਲੇ ਖੂਬ ਤੂੰ ਤੂੰ ਮੈਂ ਮੈਂ ਹੋਈ। ਦੋਨਾਂ ਪਾਸਿਉਂ ਨਾਅਰਬਾਜ਼ੀ ਅਤੇ ਹੂਟਿੰਗ ਹੋਈ। ਕਾਂਗਰਸ ਦੇ ਵਿਧਾਇਕ ਮਦਨਲਾਲ ਜਲਾਲਪੁਰ ਨੇ ਤਾਂ ਬਰਕੰਦੀ ਨੂੰ ਧਕਾ ਤਕ ਦੇ ਦਿੱਤਾ। ਵਿਧਾਨ ਸਭਾ ਦੇ ਤੀਸਰੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸ. ਬਿਕਰਮ ਸਿੰਘ ਮਜੀਠੀਆ ਹਾਜ਼ਰ ਨਹੀਂ ਹੋਏ। ਵਿਧਾਨ ਸਭਾ ਵਿੱਚ ਅਕਾਲੀ ਵਿਧਾਇਕ ਬਿਨਾ ਕਮਾਂਡਰ ਤੋਂ ਹੀ ਲੜਦੇ ਨਜ਼ਰ ਆਏ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਿਾਇਕਾਂ ਵੱਲੋਂ ਵੀ ਸਭਾ ਦੀ ਕਾਰਵਾਈ ਵਿੱਚ ਕਈ ਵਾਰ ਖਲਲ ਪਾਇਆ ਗਿਆ।

Send this to a friend