ਗੁਰਦੁਆਰਾ ਤੱਲ੍ਹਣ ਵਿਖੇ ਸ਼ਹੀਦੀ ਜੋੜ ਮੇਲਾ ਅੱਜ ਤੋਂ

ਸੰਗਤਾਂ ਦੀ ਹਰ ਸੁੱਖ-ਸਹੂਲਤ ਦਾ ਰੱਖਿਆ ਜਾਵੇਗਾ ਖਿਆਲ : ਸ. ਕਰਨਦੀਪ ਸਿੰਘ ਭੁੱਲਰ

image ਜਲੰਧਰ, 15 ਜੂਨ- ਇੱਥੋਂ ਨੇੜੇ ਸਥਿਤ ਸੰਸਾਰ ਪ੍ਰਸਿੱਧ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਵਿਖੇ 66ਵਾਂ ਸ਼ਹੀਦੀ ਜੋੜ ਮੇਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਮੇਲਾ ਤਿੰਨ ਦਿਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਰਸੀਵਰ-ਕਮ-ਤਹਿਸੀਲਦਾਰ ਸ. ਕਰਨਦੀਪ ਸਿੰਘ ਭੁਲਰ ਨੇ ਦਸਿਆ ਕਿ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਹੋਣਗੇ। ਪਹਿਲੇ ਦਿਨ 16 ਜੂਨ ਨੂੰ ਸਵੇਰੇ 10 ਤੋਂ 2 ਵਜੇ ਤੱਕ ਲੜਕੇ ਤੇ ਲੜਕੀਆਂ ਦੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ। ਅਲੱਗ ਤੌਰ ’ਤੇ ਦੁਮਾਲੇ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ, ਜਿਸ ਵਿੱਚ 8 ਤੋਂ 14 ਸਾਲ ਅਤੇ 15 ਤੋਂ 20 ਸਾਲ ਦੇ ਲੜਕੇ ਹਿੱਸਾ ਲੈਣਗੇ। ਸ. ਭੁਲਰ ਨੇ ਦਸਿਆ ਕਿ ਸ਼ਹੀਦੀ ਜੋੜ ਮੇਲੇ ਦੇ ਸਬੰਧ ’ਚ 16 ਜੂਨ ਤੋਂ ਹੀ ਖੇਡ ਮੇਲਾ ਸ਼ੁਰੂ ਹੋ ਰਿਹਾ ਹੈ। ਕਬੱਡੀ 60 ਕਿੱਲੋ ਅਤੇ ਕਬੱਡੀ ਆਲ ਓਪਨ ਲਈ ਐਂਟਰੀਆਂ ਸਵੇਰੇ 8 ਤੋਂ 9 ਵਜੇ ਤੱਕ ਲਈਆਂ ਜਾਣਗੀਆਂ। ਟਾਈਆਂ 9.30 ਵਜੇ ਪੈਣਗੀਆਂ। ਮੈਚ ਸਹੀ 10 ਵਜੇ ਸ਼ੁਰੂ ਕਰਵਾਏ ਜਾਣਗੇ। ਕਬੱਡੀ ਕਲੱਬਾਂ ਲਈ ਪਹਿਲਾ ਇਨਾਮ 51 ਹਜ਼ਾਰ ਰੁਪਏ, ਦੂਜਾ ਇਨਾਮ 41 ਹਜ਼ਾਰ ਰੁਪਏ, ਕਬੱਡੀ ਪਿੰਡ ਪੱਧਰ ਲਈ ਪਹਿਲਾ ਇਨਾਮ 31 ਹਜ਼ਾਰ, ਦੂਜਾ ਇਨਾਮ 25 ਹਜ਼ਾਰ, ਕਬੱਡੀ 60 ਕਿੱਲੋ ਲਈ ਪਹਿਲਾ ਇਨਾਮ 21 ਹਜ਼ਾਰ, ਦੂਜਾ ਇਨਾਮ 15 ਹਜ਼ਾਰ ਰੁਪਏ ਰੱਖਿਆ ਗਿਆ ਹੈ। ਖੇਡਾਂ ਦੇ ਮੁੱਖ ਇੰਚਾਰਜ ਐਸ.ਪੀ. ਹੈਡਕੁਆਰਟਰ ਕਪੂਰਥਲਾ, ਸ. ਜਗਜੀਤ ਸਿੰਘ ਸਰੋਆ ਬਣਾਏ ਗਏ ਹਨ। ਇਸ ਤੋਂ ਇਲਾਵਾ 17 ਜੂਨ ਨੂੰ ਵਾਲੀਵਾਲ ਦੇ ਮੁਕਾਬਲੇ ਅਤੇ ਕੁੜੀਆਂ ਦਾ ਕਬੱਡੀ ਸ਼ੋਅ ਮੈਚ ਕਰਵਾਇਆ ਜਾਵੇਗਾ। 17 ਜੂਨ ਨੂੰ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਵਿਖੇ ਇਕ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ। ਜੋੜੇ ਮੇਲੇ ਦੌਰਾਨ ਹਸਪਤਾਲ ਦੀ ਤਰਫੋਂ ਤਿੰਨੋਂ ਦਿਨ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ। ਤਹਿਸੀਲਦਾਰ ਸਾਹਿਬ ਨੇ ਦੱਸਿਆ ਕਿ ਖੇਡ ਮੇਲੇ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸੰਗਤਾਂ ਦੀ ਹਰ ਸਹੂਲਤ ਦਾ ਖਿਆਲ ਰੱਖਿਆ ਗਿਆ ਹੈ। ਜੋੜ ਮੇਲੇ ਵਿੱਚ ਦੂਰ ਦੁਰਾਡੇ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਹਿੱਸਾ ਲੈਂਦੀਆਂ ਹਨ ਅਤੇ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਗੁਰੂ ਕੇ ਲੰਗਰ ਦਾ ਇਸ ਮੌਕੇ ’ਤੇ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਨੇ ਐਸਐਸਪੀ ਸ. ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਮੇਲੇ ਨੂੰ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜ੍ਹਣ ਲਈ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਹਨ।

Send this to a friend