ਹੰਢਿਆਇਆ, 14 ਜੂਨ – ਦੀ ਢਿੱਲਵਾਂ ਬਹੁਮੰਤਵੀ ਸੀ.ਏ.ਐਸ.ਐਸ. ਲਿਮਟਿਡ ਪਿੰਡ ਢਿੱਲਵਾਂ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਸੁਸਾਇਟੀ ’ਚ ਖੜ੍ਹਾ ਟਰੈਕਟਰ ਅਤੇ ਕਰਾਹ ਚੋਰੀ ਕਰ ਲਏ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਸੰਬੰਧੀ ਸੁਸਾਇਟੀ ਦੇ ਸਕੱਤਰ ਪ੍ਰਸ਼ੋਤਮ ਸਿੰਘ ਨੇ ਪਿੰਡ ਨਿਵਾਸੀਆਂ ਦੀ ਹਾਜ਼ਰੀ ‘ਚ ਦੱਸਿਆ ਕਿ ਸ਼ਾਮ 5 ਵਜੇ ਦੇ ਕਰੀਬ ਉਹ ਆਪਣਾ ਦਫ਼ਤਰ ਬੰਦ ਕਰਕੇ ਚਲੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਡਰਾਈਵਰ ਹਰਪ੍ਰੀਤ ਸਿੰਘ ਟਰੈਕਟਰ ਸੁਸਾਇਟੀ ਅੰਦਰ ਖੜਾ ਕਰਕੇ ਗਿਆ। ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਅਨੁਸਾਰ 11.30 ਵਜੇ ਦੇ ਕਰੀਬ 2 ਨੌਜਵਾਨ ਜਿਨ੍ਹਾਂ ਆਪਣੇ ਮੂੰਹ-ਸਿਰ ਬੰਨ੍ਹੇ ਹੋਏ ਸਨ,ਸੁਸਾਇਟੀ ਦਾ ਮੁੱਖ ਗੇਟ ਅਤੇ ਅੰਦਰਲੇ ਸ਼ਟਰ ਦੇ ਜਿੰਦਰੇ ਖੋਲ ਕੇ ਟਰੈਕਟਰ ਅਤੇ ਕਰਾਹ ਜਿਸ ਦੀ ਕੀਮਤ 6.70 ਲੱਖ ਦੇ ਕਰੀਬ ਹੈ ਚੋਰੀ ਕਰਕੇ ਲੈ ਗਏ। ਚੋਰੀ ਦੀ ਸੂਚਨਾ ਮਿਲਣ ਤੇ ਡੀਐਸਪੀ ਤਪਾ ਅੱਛਰੂ ਰਾਮ ਸ਼ਰਮਾ, ਇੰਸਪੈਕਟਰ ਸ਼ਮਸ਼ੇਰ ਸਿੰਘ ਐਸਐਚਓ ਤਪਾ ਸਮੇਤ ਪੁਲਸ ਪਾਰਟੀ ਨੇ ਪਹੁੰਚ ਕੇ ਸੀ.ਸੀ.ਟੀ.ਵੀ.ਕੈਮਰੇ ਦੀ ਫੁਟੇਜ ਦੇਖ ਕੇ ਕਿਹਾ ਕਿ ਟਰੈਕਟਰ ਚੋਰੀ ਕਰਨ ਵਾਲਾ ਚੋਰ ਨੇੜਲੇ ਪਿੰਡਾਂ ਦਾ ਹੀ ਦਿਖਾਈ ਦਿੰਦਾ ਹੈ ਕਿਉਂਕਿ ਟਰੈਕਟਰ ਦੀ ਪੈੜ ਪਿੰਡ ‘ਚ ਚਲੀ ਗਈ ਹੈ। ਪੁਲਸ ਨੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।