ਭਦੌੜ, 13 ਜੂਨ (ਯੋਗੇਸ਼ ਸ਼ਰਮਾ)-ਬੀਤੇ ਕੱਲ ਤਿੰਨਕੋਣੀ ਭਦੌੜ ਵਿਖੇ ਦੋ ਅਣਪਛਾਤੇ ਮੋਟਰਸਾਇਕਲ ਸਵਾਰਾਂ ਵੱਲੋਂ ਕੀਤੀ ਗਈ ਫਾਇਰਿੰਗ ਦਾ ਪੰਜਾਬ ਪੁਲਿਸ ਨੇ ਸਖ਼ਤ ਨੋਟਿਸ ਲੈਂਦਿਆਂ ਅੱਜ ਡੀ.ਆਈ.ਜੀ ਸੁਖਚੈਨ ਸਿੰਘ ਗਿੱਲ ਨੇ ਪੁਲਿਸ ਅਮਲੇ ਸਮੇਤ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਫਾਇਰਿੰਗ ਮੌਕੇ ਹਾਜ਼ਰ ਨਗਰ ਕੌਸ਼ਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਨੂੰ ਥਾਣੇ ਬੁਲਾ ਕੇ ਲੱਗਭੱਗ ਅੱਧਾ ਘੰਟਾ ਬੰਦ ਕਮਰੇ ਵਿਚ ਪੁੱਛਗਿੱਛ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਬਲਜੋਤ ਸਿੰਘ ਰਾਠੌਰ, ਸਵਰਨ ਸਿੰਘ ਖੰਨਾ ਐਸਪੀ ( ਡੀ ),ਸੁਰਿੰਦਰਪਾਲ ਸਿੰਘ ਐਸ.ਪੀ ( ਐਚ), ਅੱਛਰੂ ਰਾਮ ਸ਼ਰਮਾ ਡੀਐਸਪੀ. ਤਪਾ, ਮਲਕੀਤ ਸਿੰਘ ਚੀਮਾ ਇੰਚਾਰਜ ਸੀ. ਆਈ. ਏ. ਅਤੇ ਥਾਣਾ ਭਦੌੜ ਮੁਖੀ ਕਮਲਜੀਤ ਸਿੰਘ ਵੀ ਹਾਜ਼ਰ ਸਨ। ਡੀਆਈਜੀ. ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਘਟਨਾ ਦੀ ਹਰ ਪੱਖ ਤੋਂ ਬਰੀਕੀ ਨਾਲ ਜਾਂਚ ਕਰ ਰਹੀ ਹੈ। ਅਤੇ ਅਣਪਛਾਤਿਆਂ ਤੇ ਧਾਰਾ 307 ਦਾ ਪਰਚਾ ਦਰਜ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਐਸਐਸਪੀ. ਬਰਨਾਲਾ ਦੀ ਅਗਵਾਈ ਹੇਠ ਜਾਂਚ ਟੀਮ ਬਣਾ ਦਿੱਤੀ ਗਈ ਹੈ ਅਤੇ ਜਲਦੀ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਕੇ ਦੋਸ਼ੀਆਂ ਤੇ ਕਰੜੀ ਕਾਰਵਾਈ ਕੀਤੀ ਜਾਵੇਗੀ।
ਕੁਝ ਲੋਕ ਹੋਈ ਇਸ ਫਾਇਰਿੰਗ ਨੂੰ ਨਗਰ ਕੌਸ਼ਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਨਾਲ ਜੋੜ ਕੇ ਦੇਖ ਰਹੇ ਹਨ ਕਿਉਂਕਿ ਫਾਇਰਿੰਗ ਸਮੇਂ ਉਹ ਉਥੇ ਰੋਜ਼ਾਨਾ ਦੀ ਤਰਾਂ ਆਪਣੇ ਦੋਸਤ ਦੀ ਦੁਕਾਨ ਤੇ ਮੌਜੂਦ ਸੀ।