ਸੁਨਾਮ, 13 ਜੂਨ (ਸੰਜੀਵ ਸਿੰਗਲਾ)-ਅਜ ਸ਼ਾਮ ਸੁਨਾਮ ਦੇ ਨੀਲੋਂਵਾਲ ਰੋਡ ‘ਤੇ ਸਥਿਤ ਐਕਸਪਲੋਜ਼ਿਵ ਦੇ ਇਕ ਗੋਦਾਮ ਵਿਚ ਹੋਏ ਜਬਰਦਸਤ ਧਮਾਕੇ ਤੋਂ ਬਾਅਦ ਗੋਦਾਮ ਦੀ ਇਮਾਰਤ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ ਅਤੇ ਐਸ.ਐਸ.ਪੀ ਸ਼੍ਰੀ ਮਨਦੀਪ ਸਿੰਘ ਸਿਧੂ ਘਟਨਾ ਸਥਾਨ ‘ਤੇ ਪਹੁੰਚ ਗਏ ਅਤੇ ਵਖ-ਵਖ ਰਾਹਤ ਟੀਮਾਂ ਨੂੰ ਫੌਰੀ ਦਿਸ਼ਾ ਨਿਰਦੇਸ਼ ਦਿੰਦਿਆਂ ਜੇ.ਸੀ.ਬੀ ਮਸ਼ੀਨਾਂ ਰਾਹੀਂ ਮਲਬੇ ਹੇਠਾਂ ਫਸੇ ਲੋਕਾਂ ਨੂੰ ਸੁਰਖਿਅਤ ਬਾਹਰ ਕਢਣ ਦੀ ਪ੍ਰਕਿਰਿਆ ਸ਼ੁਰੂ ਕਰਵਾਈ। ਪ੍ਰਸ਼ਾਸ਼ਨ ਵਲੋਂ ਕੀਤੀ ਗਈ ਫੌਰੀ ਕਾਰਵਾਈ ਸਦਕਾ ਕਈ ਕੀਮਤੀ ਜਾਨਾਂ ਨੂੰ ਸਮੇਂ ਸਿਰ ਬਚਾਇਆ ਜਾ ਸਕਿਆ। ਰਾਹਤ ਕਾਰਜ ਦੇਰ ਸ਼ਾਮ ਤਕ ਜਾਰੀ ਸਨ। ਡਿਪਟੀ ਕਮਿਸ਼ਨਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ ਨੇ ਦਸਿਆ ਕਿ ਜਿਸ ਗੋਦਾਮ ਵਿਚ ਧਮਾਕਾ ਹੋਇਆ ਹੈ, ਉਸ ਦੇ ਮਾਲਕ ਰਾਜ ਕੁਮਾਰ ਕੋਲੋਂ ਮਨਿਸਟਰੀ ਆਫ਼ ਕਾਮਰਸ ਐਂਡ ਇੰਡਸਟਰੀ, ਭਾਰਤ ਸਰਕਾਰ ਦੇ ਚੰਡੀਗੜ੍ਹ ਦਫ਼ਤਰ ਵਲੋਂ ਐਕਸਪਲੋਜ਼ਿਵ (ਫਾਇਰਵਰਕਸ, ਕਰੈਕਰਸ ਅਤੇ ਸਪਾਰਕਲਸ) ਦਾ ਲਾਇਸੰਸ ਨੰਬਰ 5/03/02/24/80(5) 28492 ਆਰਟੀਕਲ 5 (ਏ) 2 (ਐਫ) ਲ਼5-5 ਰੀਨਿਊ ਕੀਤਾ, ਪ੍ਰਾਪਤ ਹੋਇਆ ਹੈ ਜਿਸ ਦੀ ਮਿਆਦ 31 ਮਾਰਚ 2019 ਤਕ ਹੈ। ਉਨ੍ਹਾਂ ਦਸਿਆ ਕਿ ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀਆਂ ਦਾ ਇਲਾਜ ਪੰਜਾਬ ਸਰਕਾਰ ਵਲੋਂ ਮੁਫ਼ਤ ਕਰਵਾਇਆ ਜਾ ਰਿਹਾ ਹੈ ਅਤੇ ਉਹ ਖੁਦ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਘਟਨਾ ਤੋਂ ਤੁਰੰਤ ਬਾਅਦ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਰਾਹਤ ਟੀਮਾਂ ਤੇ ਸਿਹਤ ਵਿਭਾਗ ਦੇ ਅਮਲੇ ਨੇ ਜ਼ਖ਼ਮੀਆਂ ਨੂੰ ਸੁਨਾਮ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਸਿਵਲ ਸਰਜਨ ਸੰਗਰੂਰ ਡਾ. ਕਿਰਨ ਬਾਲੀ ਨੇ ਦਸਿਆ ਕਿ ਹੁਣ ਤਕ 28 ਫਟੜ ਹਸਪਤਾਲ ਵਿਚ ਪੁਜੇ ਸਨ ਜਿਨ੍ਹਾਂ ਵਿਚੋਂ 14 ਜਣਿਆਂ ਨੂੰ ਮਾਮੂਲੀ ਸਟਾਂ ਲਗੇ ਹੋਣ ਕਾਰਨ ਮੁਢਲੀ ਸਹਾਇਤਾ ਤੋਂ ਬਾਅਦ ਛੁਟੀ ਦੇ ਦਿਤੀ ਗਈ ਹੈ ਜਦਕਿ 4 ਜਣਿਆਂ ਨੂੰ ਗੰਭੀਰ ਸਟਾਂ ਦੇ ਚਲਦਿਆਂ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਹਸਪਤਾਲ ‘ਚ ਦਾਖਲ 10 ਹੋਰ ਫਟੜਾਂ ਦਾ ਡਾਕਟਰਾਂ ਵਲੋਂ ਇਲਾਜ ਕੀਤਾ ਜਾ ਰਿਹਾ ਹੈ।
ਐਕਸਪਲੋਸਿਵ ਗੋਦਾਮ ’ਚ ਹੋਏ ਧਮਾਕੇ ’ਚ ਕਈ ਜ਼ਖਮੀ, 4 ਦੀ ਹਾਲਤ ਗੰਭੀਰ



