ਸਾਦਿਕ, 13 ਜੂਨ (ਗੁਰਵਿੰਦਰ ਔਲਖ)-ਨੇੜੇ ਪਿੰਡ ਮਹਿਮੂਆਣਾ ਦੇ ਬੱਸ ਅੱਡੇ ਕੋਲ ਬਣੇ ਵੱਡੇ ਵੱਡੇ ਟੋਏ ਆਉਣ ਜਾਣ ਵਾਲੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਜ਼ਿਕਰਯੋਗ ਹੈ ਕਿ ਇਕ ਮਹੀਨਾ ਪਹਿਲਾਂ ਵੀ ਪੰਜਾਬ ਟਾਇਮਜ਼ ਵਿਚ ਇਸ ਸੜਕ ਸਬੰਧੀ ਲੱਗੀ ਖਬਰ ਦਾ ਪ੍ਰਸ਼ਾਸ਼ਨ ਤੇ ਅਜੇ ਤੱਕ ਕੋਈ ਅਸਰ ਨਹੀਂ ਹੋਇਆ। ਇਸ ਸੜਕ ਤੇ ਤਿੰਨ ਵੱਡੇ ਕਾਲਜ, ਸਰਕਾਰੀ ਸਕੂਲ, ਪਟਰੌਲ ਪੰਪ, ਫੌਜੀ ਛਾਉਣੀ ਆਦਿ ਪੈਂਦੇ ਹਨ ਜਿਸ ਕਰਕੇ ਇਸ ਸੜਕ ਤੋਂ ਸੈਂਕੜੇ ਵੀਹਕਲ ਰੋਜ਼ਾਨਾਂ ਲੰਘਦੇ ਹਨ । ਕਈ ਵਾਰ ਅਣਜਾਣ ਲੋਕ ਇਹਨਾਂ ਟੋਇਆ ਦੀ ਭੇਟ ਚੜ੍ਹ ਜਾਂਦੇ ਹਨ ਭਾਵ ਜਦੋਂ ਉਹ ਤੇਜ਼ੀ ਨਾਲ ਆਪਣੇ ਵਹੀਕਲ ਲੈ ਕੇ ਇਸ ਸੜਕ ਤੋਂ ਲੰਘਦੇ ਹਨ ਤਾਂ ਅਚਾਨਕ ਟੋਏ ਆ ਜਾਣ ਕਾਰਨ ਆਪਣੇ ਵਹੀਕਲ੍ਹ ਨੂੰ ਕਾਬੂ ਨਹੀਂ ਕਰ ਪਾਉਂਦੇ ਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਸੜਕ ਦੇ ਦੋਹੀਂ ਪਾਸੀਂ ਦੁਕਾਨਾਂ ਬਣੀਆਂ ਹੋਈਆਂ ਹਨ ਤੇ ਕਈਆਂ ਨੇ ਰਿਹਾਇਸ਼ੀ ਘਰ ਵੀ ਬਣਾਏ ਹੋਏ ਹਨ ਪਰ ਪਾਣੀ ਦੀ ਨਿਕਾਸੀ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਰਕੇ ਪਾਣੀ ਸੜਕ ਤੇ ਹੀ ਖੜ੍ਹਾ ਰਹਿੰਦਾ ਹੈ ਜਦੋਂ ਕਿ ਪਾਣੀ ਅਤੇ ਲੁੱਕ ਦਾ ਆਪਸ ਵਿਚ ਵੈਰ ਹੈ ਤੇ ਸੜਕ ਤੇ ਪਾਣੀ ਖੜ੍ਹਾ ਰਹਿਣ ਕਾਰਨ ਸੜਕ ਟੁੱਟ ਜਾਂਦੀ ਹੈ ਪਰ ਪ੍ਰਸ਼ਾਸ਼ਨ ਇਸ ਸੱਭ ਤੋਂ ਬੇਖਬਰ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਜਿਲ੍ਹਾ ਫ਼ਰੀਦਕੋਟ ਦਾ ਵੱਡਾ ਕਸਬਾ ਸਾਦਿਕ ਇਸ ਸੜਕ ਤੇ ਪੈਂਦਾ ਹੈ ਤੇ ਪ੍ਰਸ਼ਾਸ਼ਨ ਨੂੰ ਵੀ ਕਈ ਵਾਰ ਇਹਨਾਂ ਟੋਇਆ ’ਚੋਂ ਗੁਜਰਨਾ ਪੈਂਦਾ ਦੇ ਇਲਾਵਾ ਕਈ ਦਿੱਗਜ਼ ਸਿਆਸੀ ਆਗੂ ਵੀ ਇਹਨਾਂ ਪਿੰਡਾਂ ਦਾ ਦੌਰਾ ਕਰਨ ਲਈ ਇੱਥੋਂ ਹੀ ਲੰਘਦੇ ਹਨ ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਹਰ ਸਮੇਂ ਇੱਥੋਂ ਲੰਘਣ ਵਾਲਿਆਂ ਦੀ ਪ੍ਰਸ਼ਾਸ਼ਨ ਤੋਂ ਮੰਗ ਹੈ ਕਿ ਉਹ ਆਪਣੀ ਨਿੱਜੀ ਦਿਲਚਸਪੀ ਲੈ ਕੇ ਇਸ ਸੜਕ ਦਾ ਸੁਧਾਰ ਕਰਾਵੇ ਤਾਂ ਜੋ ਲੋਕ ਕਿਸੇ ਪ੍ਰੇਸ਼ਾਨੀ ਤੋਂ ਬਚ ਸਕਣ।