ਭਦੌੜ, 11 ਜੂਨ (ਯੋਗੇਸ਼ ਸ਼ਰਮਾ)- ਪ੍ਰਧਾਨ ਮੰਤਰੀ ਵੱਲੋਂ ਦੇਸ਼ ਨੂੰ ਸਵਛ ਬਣਾਉਣ ਲਈ ਸ਼ੁਰੂ ਕੀਤੀ ‘ਹਰ ਘਰ ਮੇ ਸ਼ੌਚਾਲਿਆ’ ਸਕੀਮ ਨੂੰ ਅਫ਼ਸਰਸ਼ਾਹੀ ਦੀ ਬੇਧਿਆਨੀ ਕਾਰਨ ਕਈ ਪਿੰਡਾਂ ਦੇ ਸਰਪੰਚਾਂ ਵੱਲੋਂ ਹੇਠਲੇ ਪਧਰ ਤੇ ਲਾਗੂ ਨਾ ਕਰਨ ਕਰਕੇ ਇਹ ਸਕੀਮ ਵਡੀ ਘਪਲੇਬਾਜ਼ੀ ਦੀ ਭੇਂਟ ਚੜ੍ਹ ਗਈ ਹੈ। ਇਹ ਖੁਲਾਸਾ ਪਿੰਡ ਰਾਮਗੜ੍ਹ ਦੇ ਬਜ਼ੁਰਗ ਮੁਨਸ਼ੀ ਸਿੰਘ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਿਤੀ ਦਰਖਾਸਤ ਦੌਰਾਨ ਹੋਇਆ। ਇਸ ਮਾਮਲੇ ਸਬੰਧੀ ਬਜ਼ੁਰਗ ਮੁਨਸ਼ੀ ਸਿੰਘ ਪੁਤਰ ਇੰਦਰ ਸਿੰਘ ਵਾਸੀ ਰਾਮਗੜ੍ਹ ਨੇ ਦਸਿਆ ਕਿ ਕੇਂਦਰ ਸਰਕਾਰ ਵਲੋਂ ਸਾਡੇ ਪਿੰਡ ’ਚ 108 ਲੈਟਰੀਨਾਂ ਬਨ੍ਹਾਉਣ ਲਈ ਮਜ਼ਦੂਰਾਂ ਦੇ ਖਾਤਿਆਂ ’ਚ ਪੈਸੇ ਆਏ ਸਨ ਤੇ ਮੇਰੇ ਖਾਤਾ ਨੰਬਰ 3308001702002677 ’ਚ 17 ਅਪ੍ਰੈਲ 2017 ਨੂੰ 10 ਹਜ਼ਾਰ ਰੁਪਏ ਆਏ, ਪਰ ਪਿੰਡ ਦੀ ਸਰਪੰਚ ਰਾਜਿੰਦਰ ਕੌਰ ’ਤੇ ਉਸ ਦੇ ਪਤੀ ਰਣਜੀਤ ਸਿੰਘ ਜੋ ਸਰਪੰਚ ਦੀਆਂ ਪਾਵਰਾਂ ਵਰਤ ਰਿਹਾ ਨੇ ਮੇਰੀ ਅਨਪੜ੍ਹਤਾ ਤੇ ਬਜ਼ੁਰਗ ਹੋਣ ਦਾ ਫਾਇਦਾ ਉਠਾ ਕੇ ਚਲਾਕੀ ਨਾਲ ਖਾਤੇ ‘ਚੋਂ ਮਿਤੀ 5 ਮਈ 2017 ਨੂੰ ਆਪਣੇ ਖਾਤੇ ‘ਚ ਪੈਸੇ ਟਰਾਂਸਫਰ ਕਰਵਾ ਲਏ। ਪੀੜਤ ਨੇ ਦਸਿਆ ਕਿ ਜਦ ਉਸ ਨੂੰ ਆਪਣੇ ਨਾਲ ਵਜੀ ਠਗੀ ਦਾ ਪਤਾ ਲਗਿਆ ਤਾਂ ਸਰਪੰਚ ਦੇ ਘਰੇ ਗਲ ਕਰਨੀ ਚਾਹੀ ਤਾਂ ਉਕਤ ਸਰਪੰਚ ਦੇ ਪਤੀ ਰਣਜੀਤ ਸਿੰਘ ਨੇ ਉਸ ਨਾਲ ਗਾਲ਼ੀ ਗਲੋਚ ਕਰਦਿਆਂ ਕੁਟਮਾਰ ਕੀਤੀ ਤੇ ਬਾਅਦ ‘ਚ ਇਸ ਰੰਜਸ਼ ਦੇ ਚਲਦਿਆਂ ਮੇਰੀ ਬੁਢਾਪਾ ਪੈਨਸ਼ਨ ਨਹੀਂ ਦਿਤੀ। ਇਹੀ ਨਹੀਂ ਕੋਈ ਸ਼ਿਕਾਇਤ ਕਰਨ ਤੇ ਪੈਨਸ਼ਨ ਪਕੇ ਤੌਰ ’ਤੇ ਬੰਦ ਕਰਨ ਦੀ ਧਮਕੀ ਦਿੱਤੀ।ਪੀੜਤ ਮੁਨਸ਼ੀ ਸਿੰਘ ਨੇ ਇਸ ਮਾਮਲੇ ਦੀ ਪੂਰੀ ਬਾਰੀਕੀ ਨਾਲ ਜਾਂਚ ਪੜਤਾਲ ਕਰਨ ਲਈ ਡੀਸੀ ਬਰਨਾਲਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।
ਮਾਮਲੇ ਦੀ ਜਾਂਚ ਕਰਵਾ ਕੇ ਬੇਨਕਾਬ ਹੋਵੇ-ਸੂਬਾ ਆਗੂ- ਇਸ ਮਾਮਲੇ ਸਬੰਧੀ ਸੀਪੀਆਈ ਦੇ ਸੂਬਾ ਆਗੂ ਮਖਣ ਸਿੰਘ ਰਾਮਗੜ੍ਹ ਨੇ ਦਸਿਆ ਕਿ ਪਿੰਡ ’ਚ ਬਣਨ ਵਾਲੀਆਂ ਲੈਟਰੀਨਾਂ ‘ਚ ਵਡੀ ਪਧਰ ਤੇ ਘਪਲੇਬਾਜ਼ੀ ਹੋਈ ਹੈ, ਜਿਸ ਦੀ ਜਾਂਚ ਕਰਵਾ ਕੇ ਬੇਨਕਾਬ ਕੀਤਾ ਜਾਵੇ।
ਮੈਨੂੰ ਬਲੈਕਮੇਲ ਕਰਨ ਦੀ ਸਾਜ਼ਿਸ਼ ਰਚੀ ਗਈ-ਰਣਜੀਤ ਸਿੰਘ- ਇਸ ਮਾਮਲੇ ਸਬੰਧੀ ਪਿੰਡ ਰਾਮਗੜ੍ਹ ਦੀ ਸਰਪੰਚ ਰਾਜਿੰਦਰ ਕੌਰ ਦੇ ਪਤੀ ਰਣਜੀਤ ਸਿੰਘ ਨੇ ਸੰਪਰਕ ਸੰਪਰਕ ਕਰਨ ਤੇ ਕਿਹਾ ਕਿ ਪੀੜ੍ਹਤ ਵਲੋਂ ਲਗਾਏ ਸਾਰੇ ਦੋਸ਼ ਬੇਬੁਨਿਆਦ ਹਨ ਤੇ ਮੈਨੂੰ ਬਲੈਕਮੇਲ ਕਰਨ ਲਈ ਇਹ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਕਰਕੇ ਲੈਟਰੀਨ ਬਨਾਉਣ ਦਾ ਸਮਾਨ ਮੇਰੇ ਤੋਂ ਲਿਆ ਸੀ, ਜਿਸ ਦੀ ਪੇਮੈਂਟ ਪੀੜ੍ਹਤ ਨੇ ਖੁਦ ਮੇਰੇ ਖਾਤੇ ’ਚ ਟਰਾਂਸਫਰ ਕਰਵਾਈ ਹੈ।
ਦਰਖਾਸਤ ਏਡੀਸੀ (ਡੀ) ਨੂੰ ਪੜਤਾਲ ਲਈ ਭੇਜੀ : ਡੀਸੀ- ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਘਣਸ਼ਿਆਮ ਥੋਰੀ ਨੇ ਦਸਿਆ ਕਿ ਪੀੜ੍ਹਤ ਦੀ ਦਰਖਾਸਤ ਆ ਗਈ, ਜੋ ਪੜਤਾਲ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ ਨੂੰ ਭੇਜੀ ਗਈ ਹੈ।