ਬਰਨਾਲਾ, 9 ਜੂਨ (ਨਿਰਮਲ ਸਿੰਘ ਪੰਡੋਰੀ)- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਨਾਲਾ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਇੰਡਸਟਰੀਅਲ ਫੋਕਲ ਪੁਆਇੰਟ ਦੀ ਸਥਾਪਨਾ ਲਈ ਪੂਰਾ ਵਿਸ਼ਵਾਸ ਦਿਵਾਇਆ ਹੈ। ਫੋਕਲ ਪੁਆਇੰਟ ਦੀ ਸਥਾਪਨਾ ਦਾ ਮੁੱਦਾ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਸ. ਕੇਵਲ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਕੋਲ ਉਠਾਇਆ ਸੀ। ਇਸ ਫੋਕਲ ਪੁਆਇੰਟ ਵਿਚ ਉਦਯੋਗ ਲਗਾਉਣ ਲਈ ਜਗਾ ਦੇ ਨਾਲ-ਨਾਲ ਹੋਰ ਸਹੂਲਤਾਂ ਜਿਵੇਂ ਸੜਕਾਂ, ਸਟਰੀਟ ਲਾਈਟਾਂ, ਸੀਵਰੇਜ, ਪੀਣ ਵਾਲਾ ਪਾਣੀ, ਫਾਈਰ ਟੈਂਡਰ ਆਦਿ ਵਿਵਸਥਾਵਾਂ ਸ਼ਾਮਿਲ ਹਨ। ਸ. ਢਿਲੋਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹਾ ਬਨਣ ਤੋਂ ਬਾਦ ਲਗਾਤਾਰ ਸੂਬੇ ਵਿਚ ਵਿਰੋਧੀ ਪਾਰਟੀ ਦੀ ਸਰਕਾਰ ਹੋਣ ਕਾਰਨ ਬਰਨਾਲਾ ਉਦਯੋਗਿਕ ਵਿਕਾਸ ਪਖੋਂ ਬੁਰੀ ਤਰ੍ਹਾਂ ਪਛੜ ਗਿਆ ਸੀ, ਪਰ ਹੁਣ ਬਰਨਾਲਾ ਦੇ ਉਦਯੋਗਿਕ ਵਿਕਾਸ ‘ਚ ਕੋਈ ਕਸਰ ਨਹੀਂ ਛਡੀ ਜਾਵੇਗੀ ਅਤੇ ਇਸ ਨੂੰ ਫਿਰ ਤੋਂ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਜਾਵੇਗਾ। ਕੈਪਟਨ ਸਰਕਾਰ ਬਰਨਾਲਾ ਦੇ ਮਥੇ ਤੋਂ ਪਛੜੇਪਨ ਦਾ ਦਾਗ ਲਾਹੁਣ ਲਈ ਵਚਨਬਧ ਹੈ। ਇਸ ਮੌਕੇ ਉਨ੍ਹਾਂ ਨਾਲ ਸਿਆਸੀ ਸਕਤਰ ਗੁਰਜੀਤ ਸਿੰਘ ਬਰਾੜ ਵੀ ਹਾਜ਼ਰ ਸਨ।