ਪਿੰਡ ਭਾਗੀਵਾਂਦਰ ਵਿੱਚ ਵੱਢੇ ਨੌਜਵਾਨ ਦੀ ਲਾਸ਼ ਪੋਸਟਮਾਰਟਮ ਉਪਰੰਤ ਕੀਤੀ ਵਾਰਸਾਂ ਹਵਾਲੇ, ਸਥਿਤੀ ਤਣਾਅਪੂਰਨ

 image ਤਲਵੰਡੀ ਸਾਬੋ, 9 ਜੂਨ- ਨਜ਼ਦੀਕੀ ਪਿੰਡ ਭਾਗੀਵਾਂਦਰ ਵਿੱਚ ਬੀਤੇ ਕੱਲ੍ਹ ਨਸ਼ਾ ਤਸਕਰ ਦੱਸਦਿਆਂ ਪਿੰਡ ਦੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਵੱਢੇ ਨੌਜਵਾਨ ਸੋਨੂੰ ਅਰੋੜਾ ਦੀ ਲਾਸ਼ ਅੱਜ ਬਾਅਦ ਦੁਪਹਿਰ ਪੋਸਟਮਾਰਟਮ ਕਰਨ ਉਪਰੰਤ ਪੁਲਿਸ ਵੱਲੋਂ ਉਸਦੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ।ਅੱਜ ਦੂਜੇ ਦਿਨ ਵੀ ਉਕਤ ਘਟਨਾ ਨੂੰ ਲੈ ਕੇ ਇਲਾਕੇ ਅੰਦਰ ਤਣਾਅ ਵਾਲੀ ਸਥਿੱਤੀ ਬਣੀ ਰਹੀ ਤੇ ਪੁਲਿਸ ਉਕਤ ਸਾਰੇ ਘਟਨਾਕ੍ਰਮ ਤੇ ਬਾਜ ਅੱਖ ਰੱਖ ਕੇ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵਿਨੋਦ ਕੁਮਾਰ ਉਰਫ ਸੋਨੂੰ ਅਰੋੜਾ ਨੂੰ ਪਿੰਡ ਭਾਗੀਵਾਂਦਰ ਤੋਂ ਤਲਵੰਡੀ ਸਾਬੋ ਪੁਲਿਸ ਨੇ ਬਹੁਤ ਬੇਰਹਿਮ ਤਰੀਕੇ ਨਾਲ ਵੱਢੇ ਹੋਏ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਸੀ ਤੇ ਬੀਤੀ ਦੇਰ ਰਾਤ ਉਸਦੀ ਫਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਸੱਟਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ ਸੀ। ਹੁਣ ਨੌਜਵਾਨ ਦੀ ਮੌਤ ਤੋਂ ਬਾਅਦ ਸ਼ਹਿਰ ਵਿੱਚ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਹੈ ਕਿ ਜੇ ਪੁਲਿਸ ਸਮੇਂ ਸਿਰ ਢੁਕਵੀਂ ਕਾਰਵਾਈ ਕਰਕੇ ਹਸਪਤਾਲ ਵਿੱਚ ਬੁਰੀ ਤਰ੍ਹਾਂ ਜਖਮੀ ਪਏ ਨੌਜਵਾਨ ਨੂੰ ਸਮੇਂ ਸਿਰ ਕੱਢ ਕੇ ਅਗਲੇਰੇ ਇਲਾਜ ਲਈ ਲੈ ਜਾਣ ਵਿੱਚ ਸਫਲ ਹੋ ਜਾਂਦੀ ਤਾਂ ਸ਼ਾਇਦ ਉਸਦੀ ਜਾਨ ਬਚਾਈ ਜਾ ਸਕਦੀ ਸੀ ਜਦੋਂ ਕਿ ਪੁਲਿਸ ਅਧਿਕਾਰੀ ਤਿੰਨ ਘੰਟਿਆਂ ਤੱਕ ਜਖਮੀ ਨੌਜਵਾਨ ਨੂੰ ਕੱਢ ਕੇ ਲੈ ਜਾਣ ਦੀ ਕੋਈ ਠੋਸ ਕੋਸ਼ਿਸ਼ ਕਰਨ ਦੀ ਵਜਾਏ ਹਸਪਤਾਲ ਵਿੱਚ ਇਕੱਠੇ ਹੋਏ ਪਿੰਡ ਭਾਗੀਵਾਂਦਰ ਵਾਸੀਆਂ ਦੇ ਨੌਜਵਾਨ ਨੂੰ ਇਲਾਜ ਲਈ ਲੈ ਕੇ ਜਾਣ ਲਈ ਮਿੰਨਤ ਤਰਲੇ ਹੀ ਕਰਦੇ ਰਹੇ ਤੇ ਤਿੰਨ ਘੰਟਿਆਂ ਬਾਅਦ ਪਿੰਡ ਵਾਸੀਆਂ ਵੱਲੋਂ ਹਾਮੀ ਭਰਨ ਤੋਂ ਬਾਅਦ ਹੀ ਉਸਨੂੰ ਅਗਲੇਰੇ ਇਲਾਜ ਲਈ ਲੈਜਾਇਆ ਜਾ ਸਕਿਆ ਸੀ ਤੇ ਉਨ੍ਹਾਂ ਤਿੰਨ ਘੰਟਿਆਂ ਵਿੱਚ ਬੁਰੀ ਤਰ੍ਹਾਂ ਵੱਢੇ ਟੁੱਕੇ ਨੌਜਵਾਨ ਦਾ ਖੁਨ ਵਗ ਜਾਣਾ ਹੀ ਉਸਦੀ ਮੌਤ ਦੀ ਮੁੱਖ ਵਜ੍ਹਾ ਬਣੀ ਹੋ ਸਕਦੀ ਹੈ। ਦੂਜੇ ਪਾਸੇ ਪੁਲਿਸ ਰਿਕਾਰਡ ਮੁਤਾਬਿਕ ਮ੍ਰਿਤਕ ਨੌਜਵਾਨ ‘ਤੇ ਬੀਤੇ ਸਮੇਂ ਵਿੱਚ ਨਸ਼ਾ ਤਸਕਰੀ ਦੇ ਪੰਜ ਮਾਮਲੇ ਦਰਜ ਕੀਤੇ ਗਏ ਸਨ ਤੇ ਉਹ ਇੱਕ ਕੇਸ ਵਿੱਚ ਅਜੇ ਤਿੰਨ ਚਾਰ ਦਿਨ ਪਹਿਲਾਂ ਹੀ ਜੇਲ੍ਹ ਵਿੱਚੋਂ ਜਮਾਨਤ ਤੇ ਰਿਹਾਅ ਹੋ ਕੇ ਆਇਆ ਸੀ ਕਿ ਇਹ ਘਟਨਾ ਵਾਪਰ ਗਈ। ਮ੍ਰਿਤਕ ਦੇ ਪਿਤਾ ਵਿਜੈ ਕੁਮਾਰ ‘ਤੇ ਵੀ 25 ਮਈ ਨੂੰ 5 ਗ੍ਰਾਮ ਸਮੈਕ ਦਾ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਉਹ ਬਠਿੰਡਾ ਜੇਲ੍ਹ ਵਿੱਚ ਬੰਦ ਹੈ।ਉਧਰ ਸੋਨੂੰ ਅਰੋੜਾ ਦੀ ਮੌਤ ਤੋਂ ਬਾਅਦ ਬੀਤੀ ਰਾਤ ਹੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਤੇ ਦਰਜ ਧਾਰਾ 307 ਦੇ ਮਾਮਲੇ ਵਿੱਚ ਧਾਰਾ 302 ਦਾ ਵਾਧਾ ਕੀਤਾ ਗਿਆ ਹੈ ਪ੍ਰੰਤੂ ਅਜੇ ਕਿਸੇ ਵਿਅਕਤੀ ਦਾ ਨਾਮ ਪਰਚੇ ਵਿੱਚ ਦਰਜ ਨਹੀਂ ਕੀਤਾ ਗਿਆ।ਦੂਜੇ ਪਾਸੇ ਮ੍ਰਿਤਕ ਨੌਜਵਾਨ  ਦੇ ਪਰਿਵਾਰ ਵਾਲੇ ਅਜੇ ਵੀ ਇਸ ਮਾਮਲੇ ਨੂੰ ਨਸ਼ਾ ਤਸਕਰੀ ਦਾ ਨਾਂ ਮੰਨ ਕੇ ਆਪਸੀ ਰੰਜਿਸ਼ ਦਾ ਮੰਨ ਰਹੇ ਹਨ ਤੇ ਮ੍ਰਿਤਕ ਦੀ ਭਰਜਾਈ ਜਸਪ੍ਰੀਤ ਕੌਰ ਦਾ ਦੋਸ਼ ਹੈ ਕਿ ਸੋਨੂੰ ਅਰੋੜਾ ਨੂੰ ਘਰੋਂ ਚੁੱਕ ਕੇ ਪਿੰਡ ਦੀ ਮਹਿਲਾ ਸਰਪੰਚ ਦੇ ਪੁੱਤਰ ਵੱਲੋਂ ਜਖਮੀ ਕੀਤਾ ਗਿਆ ਸੀ ਜਿਸਦੇ ਨਤੀਜੇ ਵਜੋਂ ਉਸਦੀ ਮੌਤ ਹੋਈ ਹੈ। ਉਸ ਅਨੁਸਾਰ ਮਹਿਲਾ ਸਰਪੰਚ ਦੇ ਦੂਜੇ ਲੜਕੇ ਨੇ ਤਿੰਨ ਦਿਨ ਪਹਿਲਾਂ ਉਨ੍ਹਾਂ ਦੇ ਘਰ ਵੜ ਕੇ ਸੋਨੂੰ ਦੀ ਕੁੱਟਮਾਰ ਕੀਤੀ ਸੀ ਤੇ ਘਰ ਦੀਆਂ ਔਰਤਾਂ ਦੇ ਕੱਪੜੇ ਪਾੜ ਦਿੱਤੇ ਸਨ ਜਿਸ ਸਬੰਧੀ ਤਲਵੰਡੀ ਸਾਬੋ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਸੀ ਤੇ ਉਸੇ ਰੰਜਿਸ਼ ਤਹਿਤ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕ ਸੋਨੂੰ ਅਰੋੜਾ ਨੇ ਵੀ ਆਪਣੀ ਮੌਤ ਤੋਂ ਪਹਿਲਾਂ ਬਠਿੰਡਾ ਵਿਖੇ ਇਲਾਜ ਦੌਰਾਨ ਮੀਡੀਆ ਨੂੰ ਦਿੱਤੇ ਬਿਆਨਾਂ ਵਿੱਚ ਸਾਰੇ ਦੋਸ਼ ਪਿੰਡ ਦੀ ਮਹਿਲਾ ਸਰਪੰਚ ਦੇ ਪੁੱਤਰ ‘ਤੇ ਹੀ ਲਾਏ ਹਨ ਤੇ ਇਸ ਸਬੰਧੀ ਮ੍ਰਿਤਕ ਨੌਜਵਾਨ ਦੀ ਬੀਤੀ ਸ਼ਾਮ ਵਾਲੀ ਇੱਕ ਵੀਡੀਓ ਵੀ ਸ਼ੋਸਲ ਮੀਡੀਆ ‘ਤੇ ਪੂਰੀ ਤਰ੍ਹਾਂ ਵਾਇਰਲ ਹੋ ਚੁੱਕੀ ਹੈ। ਪਰ ਪੁਲਿਸ ਵੱਲੋਂ ਅਜੇ ਤੱਕ ਕਿਸੇ ਮਾਮਲੇ ਦੀ ਪੁਸ਼ਟੀ ਨਾ ਕਰਦਿਆਂ ਸਿਰਫ ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ ਕਰਨ ਦੀ ਹੀ ਗੱਲ ਕੀਤੀ ਜਾ ਰਹੀ ਹੈ।
ਅੱਜ ਮ੍ਰਿਤਕ ਨੌਜਵਾਨ ਦਾ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਨ ਉਪਰੰਤ ਉਸਦੀ ਲਾਸ਼ ਨੂੰ ਤਲਵੰਡੀ ਸਾਬੋ ਵਿਖੇ ਉਨ੍ਹਾਂ ਦੀ ਰਿਹਾਇਸ਼ ‘ਤੇ ਲਿਆਂਦਾ ਗਿਆ ਜਿੱਥੇ ਉਸਨੂੰ ਫਰਿੱਜ ਵਿੱਚ ਰੱਖਿਆ ਗਿਆ ਹੈ। ਜਿੱਥੇ ਥਾਣਾ ਤਲਵੰਡੀ ਸਾਬੋ ਮੁਖੀ ਜਗਦੀਸ਼ ਕੁਮਾਰ ਅਤੇ ਥਾਣਾ ਰਾਮਾਂ ਮੁਖੀ ਮਨੋਜ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਨੇ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਹੋਏ ਸਨ। ਡੀ. ਐਸ. ਪੀ ਤਲਵੰਡੀ ਸਾਬੋ ਬਰਿੰਦਰ ਸਿੰਘ ਗਿੱਲ ਜਿੱਥੇ ਸਾਰੇ ਮਾਮਲੇ ਤੇ ਪੂਰੀ ਤਰ੍ਹਾਂ ਨਜਰ ਰੱਖ ਰਹੇ ਹਨ ਉਥੇ ਹੀ ਐਸ. ਪੀ (ਐਚ) ਭੁਪਿੰਦਰ ਸਿੰਘ ਦੇ ਵੀ ਤਲਵੰਡੀ ਸਾਬੋ ਵਿੱਚ ਡੇਰਾ ਲਾ ਕੇ ਸਾਰੇ ਮਾਮਲੇ ਦੀ ਰਿਪੋਰਟ ਲਏ ਜਾਣ ਦੀ ਸੂਚਨਾ ਹੈ। ਪਰ ਖਬਰ ਲਿਖੇ ਜਾਣ ਤੱਕ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਸੀ ਕਿਉਂਕਿ ਉਸਦੇ ਪਿਤਾ ਨੂੰ ਅਜੇ ਤੱਕ ਸੰਸਕਾਰ ਲਈ ਜੇਲ੍ਹ ਵਿੱਚੋਂ ਪੈਰੋਲ ਨਹੀਂ ਸੀ ਮਿਲ ਸਕੀ। ਦੂਜੇ ਪਾਸੇ ਉਕਤ ਮਾਮਲੇ ਵਿੱਚ ਪਿੰਡ ਦੇ ਵਿਅਕਤੀਆਂ ਤੇ ਸੰਭਾਵੀ ਮਾਮਲਾ ਦਰਜ ਕੀਤੇ ਜਾਣ ਦੇ ਡਰ ਤੋਂ ਅੱਜ ਪਿੰਡ ਵਾਸੀਆਂ ਵੱਲੋਂ ਇੱਕ ਇਕੱਤਰਤਾ ਕੀਤੇ ਜਾਣ ਦੀ ਸੂਚਨਾ ਮਿਲੀ ਹੈ ਜਿਸ ਵਿੱਚ ਪਿੰਡ ਵਾਸੀਆਂ ਨੇ ਇਕਜੁਟਤਾ ਦਿਖਾਉਂਦਿਆਂ ਇਹ ਪ੍ਰਣ ਕੀਤਾ ਹੈ ਕਿ ਜੇ ਕਿਸੇ ਵਿਅਕਤੀ ਵਿਸ਼ੇਸ ‘ਤੇ ਮਾਮਲਾ ਦਰਜ ਕੀਤਾ ਗਿਆ ਤਾਂ ਪਿੰਡ ਵਾਸੀ ਉਸਦਾ ਮੂੰਹ ਤੋੜਵਾਂ ਜਵਾਬ ਦੇਣਗੇ। ਫਿਲਹਾਲ ਮਾਮਲੇ ਨੂੰ ਲੈ ਕੇ ਸਥਿਤੀ ਪਿੰਡ ਵਿੱਚ ਤਣਾਅਪੂਰਨ ਬਣੀ ਹੋਈ ਹੈ ਪ੍ਰੰਤੂ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੀ ਲਾ ਐਂਡ ਆਰਡਰ ਦੀ ਭੂਮਿਕਾ ਜ਼ਰੂਰ ਸ਼ੱਕ ਦੇ ਘੇਰੇ ਵਿੱਚ ਆਉਂਦੀ ਦਿਖਾਈ ਦੇ ਰਹੀ ਹੈ। ਖਬਰ ਦੀ ਸਮਾਪਤੀ ਮੌਕੇ ਸੂਚਨਾ ਮਿਲੀ ਹੈ ਕਿ ਮ੍ਰਿਤਕ ਦੇ ਵਾਰਿਸਾਂ ਨੇ ਉਸਦਾ ਉਨੀ ਦੇਰ ਤੱਕ ਸੰਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਜਿਨ੍ਹੀ ਦੇਰ ਤੱਕ ਕਥਿਤ ਦੋਸ਼ੀਆਂ ‘ਤੇ ਨਾਵਾਂ ਸਮੇਤ ਮਾਮਲਾ ਦਰਜ ਨਹੀਂ ਕਰ ਲਿਆ ਜਾਂਦਾ। ਉਕਤ ਸਟੈਂਡ ਲਏ ਜਾਣ ਤੋਂ ਬਾਅਦ ਮਾਮਲੇ ਦੇ ਹੋਰ ਵਧਣ ਦੇ ਆਸਾਰ ਬਣ ਗਏ ਹਨ।

Send this to a friend