ਯੂਕੇ ਚੋਣਾਂ: ਪਹਿਲੀ ਵਾਰ ਸਿੱਖ ਬੀਬੀ ਤੇ ਅੰਮ੍ਰਿਤਧਾਰੀ ਸਿੱਖ ਬਣੇ ਸੰਸਦ ਮੈਂਬਰ

ਪ੍ਰਧਾਨ ਮੰਤਰੀ ਥਰੇਸਾ ਮੇਅ ਦੀ ਪਾਰਟੀ ਬਹੁਮਤ ਤੋਂ ਦੂਰ ਝ ਗੱਠਜੋੜ ਸਰਕਾਰ ਦੀ ਤਿਆਰੀ

image image ਲੰਡਨ (ਯੂਕੇ), 9 ਜੂਨ- ਬਰਤਾਨੀਆ (ਯੂਕੇ) ’ਚ ਸੰਸਦੀ ਚੋਣਾਂ ਦੌਰਾਨ ਹੁਕਮਰਾਨ ਪਾਰਟੀ ਬਹੁਮਤ ਤੋਂ ਪੱਛੜ ਗਈ ਹੈ। ਸੰਸਦ ਦੇ ਲਟਕਵੇਂ ਨਤੀਜੇ ਇਸ ਗੱਲ ਦਾ ਸੰਕੇਤ ਦੇ ਰਹੇ ਹਨ ਕਿ ਲੋਕਾਂ ਦੇ ਮਨ ਵਿੱਚ ਯੂਕੇ ਦੀ ਪ੍ਰਧਾਨ ਮੰਤਰੀ ਥਰੇਸਾ ਮੇਅ ਆਪਣੀ ਪਕੜ ਬਣਾਉਣ ਵਿੱਚ ਨਾਕਾਮ ਰਹੀ ਹੈ। ਹਾਲਾਂਕਿ ਉਹ ਖੁਦ ਸਾਊਥ ਈਸਟ ਇੰਗਲੈਂਡ ਤੋਂ ਆਪਣੀ ਸੀਟ 37 ਹਜ਼ਾਰ 780 ਵੋਟਾਂ ਨਾਲ ਜਿੱਤ ਗਈ ਹੈ। ਇਸ ਚੋਣ ਵਿੱਚ ਕਰੀਬ 15 ਭਾਰਤੀ ਮੂਲ ਦੇ ਉਮੀਦਵਾਰ ਜਿੱਤਣ ਵਿੱਚ ਕਾਮਯਾਬ ਰਹੇ ਹਨ। ਪਹਿਲੀ ਵਾਰ ਇੱਕ ਸਿੱਖ ਬੀਬੀ ਪ੍ਰੀਤ ਕੌਰ ਗਿੱਲ ਲੇਬਰ ਪਾਰਟੀ ਦੀ ਟਿਕਟ ਉਪਰ ਜਿੱਤਣ ਵਿੱਚ ਕਾਮਯਾਬ ਰਹੀ। ਇਸੇ ਤਰ੍ਹਾਂ ਪਹਿਲੇ ਅੰਮ੍ਰਿਤਧਾਰੀ ਸਿੱਖ ਵਜੋਂ ਸ. ਤਨਮਨਜੀਤ ਸਿੰਘ ਢੇਸੀ ਜੇਤੂ ਰਹੇ। ਬੀਬੀ ਪ੍ਰੀਤ ਕੌਰ ਗਿੱਲ ਨੇ ਬ੍ਰਮਿੰਘਮ ਈਡਿੰਗ ਬਾਸਟਨ ਸੀਟ 24,124 ਵੋਟਾਂ ਨਾਲ ਜਿੱਤੀ ਹੈ। ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਕੈਰੋਲਿਨ ਸਕੁਇਰ ਨੂੰ 6,917 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਸ. ਢੇਸੀ 34,170 ਵੋਟਾਂ ਨਾਲ ਜਿੱਤੇ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 17 ਹਜ਼ਾਰ ਤੋਂ ਵਧ ਵੋਟਾਂ ਨਾਲ ਹਰਾਇਆ ਹੈ। ਪਹਿਲੇ ਅੰਮ੍ਰਿਤਧਾਰੀ ਸੰਸਦ ਮੈਂਬਰ ਬਣਨ ਵਾਲੇ ਸ. ਤਨਮਨਜੀਤ ਸਿੰਘ ਢੇਸੀ ਨੂੰ ਯੂਕੇ ਵਿੱਚ ਤਨ ਵਜੋਂ ਜਾਣਿਆ ਜਾਂਦਾ ਹੈ। ਉਹ ਪਹਿਲਾਂ ਇੱਕ ਸ਼ਹਿਰ ਦੇ ਮੇਅਰ ਵੀ ਰਹਿ ਚੁੱਕੇ ਹਨ। ਲੇਬਰ ਪਾਰਟੀ ਦੀ ਟਿਕਟ ਉਪਰ ਉਨ੍ਹਾਂ ਨੇ ਸਲੋਅ ਸੀਟ ਤੋਂ ਵਿਰੋਧੀ ਕੰਜਰਵੇਟਿਵ ਪਾਰਟੀ ਦੇ ਉਮੀਦਵਾਰ ਨੂੰ 16,998 ਵੋਟਾਂ ਨਾਲ ਹਰਾਇਆ ਹੈ। ਉਨ੍ਹਾਂ ਦੀ ਇਸ ਜਿੱਤ ਉਪਰ ਸਿੱਖ ਭਾਈਚਾਰੇ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਸ. ਢੇਸੀ ਜਲੰਧਰ ਜ਼ਿਲ੍ਹੇ ਦੇ ਪਿੰਡ ਰਾਏਪੁਰ ਨਾਲ ਸਬੰਧਿਤ ਹਨ। ਰਾਏਪੁਰ ਵਿਖੇ ਅੱਜ ਇਸ ਖੁਸ਼ੀ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਜਲੰਧਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਏਪੁਰ ਦੀ ਅਗਵਾਈ ਹੇਠ ਮਿਠਾਇਆਂ ਵੰਡੀਆਂ ਗਈਆਂ। ਸਿੱਖ ਫੈਡਰੇਸ਼ਨ ਯੂਕੇ ਨੇ ਇਸ ਜਿੱਤ ਲਈ ਲੇਬਰ ਪਾਰਟੀ ਵੱਲੋਂ ਸਿੱਖਾਂ ਦੇ ਹੱਕਾਂ ਲਈ ਚੁੱਕੇ ਗਏ ਕਦਮਾਂ ਨਾਲ ਜੋੜਿਆ ਹੈ। ਇੱਕ ਹੋਰ ਦਸਤਾਰਧਾਰੀ ਸਿੱਖ ਲੇਬਰ ਪਾਰਟੀ ਦੇ ਕੁਲਦੀਪ ਸਿੰਘ ਸਹੋਤਾ 720 ਵੋਟਾਂ ਨਾਲ ਹਾਰ ਗਏ। ਜਲੰਧਰ ਤੋਂ ਸ੍ਰੀ ਵਰਿੰਦਰ ਸ਼ਰਮਾ ਵੀ ਈਲਿੰਗ ਸਾਊਥਆਲ ਸੀਟ ਤੋਂ ਜੇਤੂ ਰਹੇ ਹਨ। ਪੰਜਾਬੀ ਮੂਲ ਦੀ ਸੀਮਾ ਮਲਹੋਤਰਾ ਨੇ ਬ੍ਰਿਟੇਨ ਦੀਆਂ ਆਮ ਚੋਣਾਂ ਵਿਚ ਜਿਤ ਦਰਜ ਕੀਤੀ। ਯੂਰਪੀ ਯੂਨੀਅਨ ਨਾਲੋਂ ਤੋੜ ਵਿਛੋੜੇ ਤੋਂ ਬਾਅਦ ਹੋਈਆਂ ਇਹ ਚੋਣਾਂ ਕਾਫੀ ਮਹੱਤਵ ਰੱਖਦੀਆਂ ਹਨ। ਅਜਿਹਾ ਇਸ ਲਈ ਕਿਉਂਕਿ ਬ੍ਰੈਕਿਜਟ ਤੋਂ ਬਾਅਦ ਨਵੀਂ ਸਰਕਾਰ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਤੈਅ ਕਰਨੀ ਸੀ, ਪਰ ਨਵੀਂ ਸਰਕਾਰ ਦੀ ਮੁਖੀ ਪ੍ਰਧਾਨ ਮੰਤਰੀ ਥਰੇਸਾ ਇਸ ਮਾਮਲੇ ਵਿੱਚ ਨਾਕਾਮ ਰਹੀ ਹੈ।
ਉਹ ਲੋਕਾਂ ਨੂੰ ਬਰਤਾਨੀਆ ਦਾ ਨਵਾਂ ਰੋਡ ਮੈਪ ਦਿਖਾਉਣ ਵਿੱਚ ਸਫਲ ਰਹੀ। ਨਾ ਹੀ ਉਹ ਚੋਣਾਂ ਦੌਰਾਨ ਨਵੇਂ ਯੂਕੇ ਦੀ ਕੋਈ ਤਸਵੀਰ ਪੇਸ਼ ਕਰ ਸਕੀ। ਇਸ ਦੌਰਾਨ ਹੋਈਆਂ ਅੱਤਵਾਦੀ ਘਟਨਾਵਾਂ ਦਾ ਵੀ ਲੋਕਾਂ ’ਤੇ ਵੱਡਾ ਅਸਰ ਪਿਆ ਹੈ। ਇਸ ਕਾਰਨ ਹੀ ਸੱਤਾਧਾਰੀ ਪਾਰਟੀ ਨੂੰ ਬਹੁਮਤ ਨਹੀਂ ਮਿਲ ਸਕਿਆ। ਬਰਤਾਨੀਆ ਵਿੱਚ ਪਿਛਲੇ ਇੱਕ ਮਹੀਨੇ ਦੌਰਨ ਹੋਏ ਦੋ ਅੱਤਵਾਦੀ ਹਮਲਿਆਂ ਵਿੱਚ 28 ਨਾਗਰਿਕ ਮਾਰੇ ਜਾ ਚੁੱਕੇ ਹਨ। ਬ੍ਰੈਕਿਜਟ ਦੇ ਫੈਸਲੇ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਡੇਵਿਡ ਕੈਮਰੂਨ ਨੇ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਥਰੇਸਾ ਨੇ ਦੇਸ਼ ਦੀ ਕਮਾਨ ਸੰਭਾਲੀ ਸੀ।  ਅਤੀ ਉਤਸ਼ਾਹ ਵਿੱਚ ਥਰੇਸਾ ਨੇ ਮੱਧਕਾਲੀ ਚੋਣਾਂ ਕਰਾਉਣ ਦਾ ਫੈਸਲਾ ਲਿਆ, ਪ੍ਰੰਤੂ ਇਹ ਦਾਅ ਉਨ੍ਹਾਂ ਉਲਟਾ ਪੈ ਗਿਆ। ਕੰਜਰਵੇਟਿਵ ਪਾਰਟੀ ਦੇ ਬਹੁਮਤ ਤੋਂ ਦੂਰ ਰਹਿਣ ਕਾਰਨ ਬੇਸ਼ੱਕ ਉਨ੍ਹਾਂ ’ਤੇ ਅਸਤੀਫੇ ਲਈ ਦਬਾਅ ਪੈ ਰਿਹਾ ਹੈ, ਪਰ ਉਨ੍ਹਾਂ ਨੇ ਹਾਲੇ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਾਰਟੀ ਇੱਕ ਛੋਟੀ ਸਿਆਸੀ ਧਿਰ ਡੈਮੋਕਰੇਟਿਕ ਯੂਨੀਅਨਿਸਟ ਪਾਰਟੀ ਦੇ ਸਹਿਯੋਗ ਨਾਲ ਨਵੀਂ ਸਰਕਾਰ ਬਣਾਉਣ ਜਾ ਰਹੀ ਹੈ। ਇਸ ਪਾਰਟੀ ਦੇ 10 ਸੰਸਦ ਮੈਂਬਰ ਜਿੱਤੇ ਹਨ। ਥਰੇਸਾ ਨੇ ਗੱਠਜੋੜ ਸਰਕਾਰ ਬਣਾਉਣ ਲਈ ਮਹਾਰਾਣੀ ਨਾਲ ਮੁਲਾਕਤ ਕਰਕੇ ਆਗਿਆ ਮੰਗੀ ਹੈ। 2015 ਦੀਆਂ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ  331 ਸੀਟਾਂ ਮਿਲੀਆਂ ਸਨ।
ਚੋਣ ਨਤੀਜਿਆਂ ਤੋਂ ਬਾਅਦ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕਾਰਬਿਨ ਨੇ ਥਰੇਸਾ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਨਤੀਜਿਆਂ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦਾ ਰੁਝਾਨ ਉਨ੍ਹਾਂ ਦੀ ਸੋਚ ਦੇ ਅਨੁਰੂਪ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਦਾ ਆਦੇਸ਼ ਥਰੇਸਾ ਦੇ ਖਿਲਾਫ ਆਇਆ ਹੈ ਇਸ ਲਈ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ।
ਬਰਤਾਨੀਆ ਦੀ ਸੰਸਦ ਦੇ 650 ਮੈਂਬਰੀ ਸੰਸਦ ਵਿੱਚ ਬੇਸ਼ੱਕ ਕੰਜ਼ਰਵੇਟਿਵ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ, ਪਰ ਜੇਕਰ ਲੇਬਰ ਪਾਰਟੀ ਨਾਲ ਤੁਲਣਾ ਕੀਤੀ ਜਾਵੇ ਤਾਂ ਉਸ ਵਿੱਚ ਜ਼ਰੂਰ ਗਿਰਾਵਟ ਆਈ ਹੈ। ਗੌਰਤਲਬ ਹੈ ਕਿ ਬ੍ਰੈਕਿਜਟ ਵਾਰਤਾ 19 ਜੂਨ ਨੂੰ ਅਰੰਭ ਹੋਣੀ ਹੈ। ਹੁਣ ਤੱਕ ਦੀਆਂ ਵੋਟਾਂ ਦੀ ਗਿਣਤੀ ਵਿੱਚ ਕੰਜਰਵੇਟਿਵ ਪਾਰਟੀ ਨੇ 318 ਸੀਟਾਂ ਜਿੱਤ ਲਈਆਂ ਹਨ ਜਦੋਂ ਕਿ ਲੇਬਰ ਨੂੰ 261 ਸੀਟਾਂ ਮਿਲੀਆਂ ਹਨ। ਲਿਬਰਿਲ ਡੈਮੋਕਰੇਟਿਕ ਨੂੰ 12, ਐਸਐਨਪੀ ਨੂੰ 35 ਸੀਟਾਂ ਮਿਲੀਆਂ ਹਨ। ਬਹੁਮਤ ਲਈ ਕਿਸੇ ਵੀ ਪਾਰਟੀ ਨੂੰ 326 ਸੀਟਾਂ ਦੀ ਜ਼ਰੂਰਤ ਹੈ।

ਜਲੰਧਰ ਨੂੰ ਮਿਲਿਆ ਮਾਣ
ਯੂਕੇ ਦੀਆਂ ਸੰਸਦੀ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਵਾਲੀ ਪਹਿਲੀ ਸਿੱਖ ਬੀਬੀ ਪ੍ਰੀਤ ਕੌਰ ਗਿੱਲ ਜਲੰਧਰ ਜ਼ਿਲ੍ਹੇ ਦੇ ਛਾਊਣੀ ਖੇਤਰ ਨਾਲ ਪੈਂਦੇ ਖੇੜਾ ਜਮਸ਼ੇਰ ਦੀ ਧੀ ਹੈ। ਪ੍ਰੀਤ ਕੌਰ ਗਿਲ ਦੇ  ਮੈਂਬਰ ਪਾਰਲੀਮੈਂਟ ਚੁਣੇ ਜਾਣ ਨਾਲ ਇਲਾਕੇ ‘ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਯੂਕੇ ਦੀ ਜੰਪਲ ਪ੍ਰੀਤ ਗਿਲ ਦੋ ਵਾਰ ਇੰਗਲੈਂਡ ਦੀ ਕੌਂਸਲਰ ਵੀ ਰਹਿ ਚੁਕੀ। ਪਹਿਲੇ ਅੰਮ੍ਰਿਤਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਅਤੇ ਸ੍ਰੀ ਵਰਿੰਦਰ ਸ਼ਰਮਾ ਵੀ ਜਲੰਧਰ ਨਾਲ ਸਬੰਧਿਤ ਹਨ।

Send this to a friend