ਖੰਨਾ-ਸਮਰਾਲਾ ਪੁਲਿਸ ਵੱਲੋਂ ਅਫੀਮ ਸ਼ਰਾਬ ਸਣੇ 4 ਕਾਬੂ

image ਖੰਨਾ/ਸਮਰਾਲਾ, 9 ਜੂਨ (ਕੇ ਐਲ ਸਹਿਗਲ, ਕਮਲਜੀਤ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੁਲਿਸ ਜਿਲਾ ਖੰਨਾ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਸਮਰਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਜਿਲਾ ਖੰਨਾ ਨੇ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਅਫੀਮ ਅਤੇ ਸ਼ਰਾਬ ਬਰਾਮਦ ਕੀਤੀ ਗਈ। ਅੱਜ ਪੁਲਿਸ ਜਿਲਾ ਖੰਨਾ ਦੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆ ਦੱਸਿਆ ਹੈ ਕਿ ਜੇਰੇ ਨਿਗਰਾਨੀ ਜਸਵੀਰ ਸਿੰਘ ਪੁਲਿਸ ਕਪਤਾਨ ਖੰਨਾ, ਜਗਵਿੰਦਰ ਸਿੰਘ ਚੀਮਾਂ ਡੀ.ਐਸ.ਪੀ. ਖੰਨਾ, ਗੁਰਿੰਦਰਪਾਲ ਸਿੰਘ ਡੀ.ਐਸ.ਪੀ. ਸਮਰਾਲਾ ਅਤੇ ਮਨਜੀਤ ਸਿੰਘ ਐਸ.ਐਚ.ਓ. ਸਮਰਾਲਾ ਦੀ ਅਗਵਾਈ ਹੇਠ ਬਰਧਾਲਾਂ ਪੁਲਿਸ ਚੌਂਕੀ ਤੇ ਇੰਚਾਰਜ ਥਾਣੇਦਾਰ ਪਵਿੱਤਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਪਿੰਡ ਸਲੌਦੀ ਸਿੰਘਾਂ ਵਿਖੇ ਸਪੈਸ਼ਲ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਐਕਟਿਵਾ ਹਾਂਡਾ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਐਕਟਿਵਾ ਨੂੰ ਪਿੱਛੇ ਨੂੰ ਭਜਾਉਣ ਲੱਗਾ ਜਿਸ ਤੇ ਪੁਲਿਸ ਨੇ ਕਾਰਵਾਈ ਕਰਕੇ ਜਦੋਂ ਉਸ ਨੂੰ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਡਿੱਬਾ ਪਲਾਸਟਿਕ ਜੋ ਕਿ ਮੋਮੀਕਾਗਜ ਦੇ ਲਿਫਾਫੇ ਵਿਚ ਲਪੇਟਿਆ ਹੋਇਆ ਸੀ ਜਦੋਂ ਪੁਲਿਸ ਪਾਰਟੀ ਵੱਲੋਂ ਡਿੱਬਾ ਚੈਕ ਕੀਤਾ ਤਾਂ ਉਸ ਵਿਚੋਂ 1 ਕਿੱਲੋ ਅਫੀਮ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਦੀ ਪਹਿਚਾਣ ਭਾਗ ਸਿੰਘ ਵਾਲੀਆ ਵਾਸੀ ਸਵਾਜ਼ਪੁਰ ਹਾਲ ਵਾਸੀ ਫਤਿਹ ਸਿੰਘ ਵਾਸੀ ਕਲਾਲ ਮਾਜਰਾ ਅਤੇ ਦੂਸਰੇ ਵਿਅਕਤੀ ਦੀ ਪਹਿਚਾਣ ਮਹਿੰਦਰ ਸਿੰਘ ਵਾਸੀ ਦੇਵ ਕੋਲ ਹਾਲ ਵਾਸੀ ਨਵਾਂ ਗਾਉਂ ਚੰਡੀਗੜ੍ਹ ਵਜੋਂ ਹੋਈ।  ਪੁਲਿਸ ਵੱਲੋਂ ਕੀਤੀ ਪੁੱਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਹੈ ਕਿ ਮਹਿੰਦਰ ਸਿੰਘ ਯੂ.ਪੀ. ਤੋਂ ਸਸਤੇ ਭਾਅ ਵਿਚ ਕਿਸੇ ਨਾਮਾਲੂਮ ਵਿਅਕਤੀ ਕੋਲੋਂ ਅਫੀਮ ਖਰੀਦ ਕੇ ਪੰਜਾਬ ਵਿਚ ਦੂਸਰੇ ਕਥਿਤ ਦੋਸ਼ੀ ਭਾਗ ਸਿੰਘ ਵਾਲੀਆ ਨੂੰ ਲਿਆ ਕੇ ਦਿੰਦਾ ਸੀ ਅਤੇ ਦੋਵੇਂ ਮਿਲ ਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਇਸ ਅਫੀਮ ਨੂੰ ਮਹਿੰਗੇ ਭਾਅ ਤੇ ਵੇਚਣੀ ਸੀ। ਇਸੇ ਤਰ੍ਹਾਂ ਥਾਣੇਦਾਰ ਜਗਜੀਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਪਿੰਡ ਮਾਦਪੁਰ ਸੂਆ ਪੁਲੀ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਕਿਸੇ ਮੁਖਬਰ ਨੇ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਮਦਨ ਲਾਲ ਵਾਸੀ ਲੋਪੋਂ ਆਪਣੇ ਘਰ ਵਿਚ ਨਜ਼ਾਇਜ ਸ਼ਰਾਬ ਰੱਖ ਕੇ ਲੋਕਾਂ ਨੂੰ ਵੇਚਦਾ ਹੈ। ਜੇਕਰ ਪਿੰਡ ਲੋਪੋਂ ਵਿਖੇ ਉਸ ਦੇ ਘਰ ਚ ਰੇਡ ਕੀਤੀ ਜਾਵੇ ਤਾਂ ਕਥਿਤ ਦੋਸ਼ੀ ਕਾਬੂ ਆ ਸਕਦਾ ਹੈ। ਜਿਸ ਤੇ ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਪਿੰਡ ਲੋਪੋਂ ਵਿਖੇ ਕਥਿਤ ਦੋਸ਼ੀ ਮਦਨ ਲਾਲ ਦੇ ਘਰ ਰੇਡ ਕੀਤੀ ਤਾਂ ਮਦਨ ਲਾਲ ਨੂੰ ਸਮੇਤ 19 ਪੇਟੀਆਂ ਇੰਮਪੀਰੀਅਰ ਬਲੂ, 4 ਪੇਟੀਆਂ ਮੈਕਡਾਵਲ, 6 ਪੇਟੀਆਂ ਸ਼ਰਾਬ ਠੇਕਾ ਦੇਸੀ ਸੰਤਰਾ ਬਰਾਮਦ ਕੀਤੀਆਂ। ਜਿਹਨਾਂ ਤੇ ਫਾਰ ਸੇਲ ਚੰਡੀਗੜ ਲਿਖਿਆ ਹੋਇਆ ਸੀ ਤੇ ਕਥਿਤ ਦੋਸ਼ੀ ਇਸ ਨਜ਼ਾਇਜ ਸ਼ਰਾਬ ਬਾਰੇ ਕੋਈ ਲਾਇਸੰਸ ਆਦਿ ਪੇਸ਼ ਨਾ ਕਰ ਸਕਿਆ।  ਮਦਨ ਲਾਲ ਤੋਂ ਕੀਤੀ ਪੁੱਛਗਿਛ ਦੌਰਾਨ ਉਸ ਨੇ ਮੰਨਿਆ ਹੈ ਕਿ ਉਹ ਸ਼ਰਾਬ ਨੂੰ ਚੰਡੀਗੜ੍ਹ ਤੋਂ ਸਸਤੇ ਭਾਅ ਵਿਚ ਲਿਆ ਕੇ ਲੋਕਾਂ ਨੂੰ ਅੱਗੇ ਮਹਿੰਗੇ ਭਾਅ ਚ ਵੇਚਦਾ ਸੀ।  ਇਸੇ ਤਰ੍ਹਾਂ ਪੁਲਿਸ ਚੌਂਕੀ ਕੋਟ ਦੇ ਇੰਚਾਰਜ ਸਹਾਇਕ ਥਾਣੇਦਾਰ ਬਲਵੀਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਬੀਜਾ ਚੌਂਕ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਰਣਜੀਤ ਸਿੰਘ ਵਾਸੀ ਕਾਊਂਕੇ ਕਲਾਂ ਜੋ ਕਿ ਅਫੀਮ ਵੇਚਣ ਦਾ ਧੰਦਾ ਕਰਦਾ ਹੈ ਅਤੇ ਦੋਰਾਹੇ ਤੋਂ ਜਸਪਾਲੋਂ ਫੈਕਟਰੀ ਵੱਲ ਨੂੰ ਰਣਜੀਤ ਸਿੰਘ ਪੈਦਲ ਹੀ ਅਫੀਮ ਵੇਚਣ ਲਈ ਆ ਰਿਹਾ ਹੈ। ਜੇਕਰ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਕਥਿਤ ਦੋਸ਼ੀ ਮੌਕੇ ਤੋਂ ਕਾਬੂ ਕੀਤਾ ਜਾ ਸਕਦਾ ਹੈ। ਜਿਸ ਤੇ ਪੁਲਿਸ ਪਾਰਟੀ ਨੇ ਪਿੰਡ ਜਸਪਾਲੋਂ ਵਿਖੇ ਨਾਕਾਬੰਦੀ ਕਰਕੇ ਪਿੰਡ ਜਸਪਾਲੋਂ ਵੱਲੋਂ ਪੈਦਲ ਤੁਰੇ ਆ ਰਹੇ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਹੱਥ ਵਿਚ ਫੜੇ ਮੋਮੀਕਾਗਜ ਦੇ ਲਿਫਾਫੇ ਵਿਚੋਂ ਇੱਕ ਕਿੱਲੋਂ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਕਥਿਤ ਦੋਸ਼ੀ ਰਣਜੀਤ ਸਿੰਘ ਕੋਲੋਂ ਕੀਤੀ ਗਈ ਪੁੱਛਗਿਛ ਦੋਰਾਨ ਉਸ ਨੇ ਮੰਨਿਆ ਹੈ ਕਿ ਉਹ ਪਿਛਲੇ ਸਮੇਂ ਅਧੀਨ ਧਾਰਾ 307 ਅਧੀਨ ਪਹਿਲਾਂ ਵੀ ਲੁਧਿਆਣਾ ਜੇਲ ਵਿਚ ਬੰਦ ਸੀ ਉਸ ਦੀ ਗੱਲਬਾਤ ਇੱਕ ਕੈਦੀ ਨਾਲ ਹੋਈ ਸੀ ਜਿਸ ਨੇ ਅੱਗੇ ਭੋਪਾਲ ਦੇ ਰਹਿਣ ਵਾਲੇ ਇੱਕ ਨਾਮਾਲੂਮ ਵਿਅਕਤੀ ਨਾਲ ਗੱਲਬਾਤ ਕਰਵਾ ਦਿੱਤੀ।
ਰਣਜੀਤ ਸਿੰਘ ਨੇ ਇਹ ਅਫੀਮ ਉਕਤ ਟਰੱਕ ਡਰਾਇਵਰ ਤੋਂ ਸਸਤੇ ਭਾਅ ਵਿਚ ਖਰੀਦ ਕੀਤੀ ਹੈ ਜੋ ਉਸਨੇ ਪੰਜਾਬ ਵਿਚ ਵੱਖ ਵੱਖ ਥਾਵਾਂ ਤੇ ਲੋਕਾਂ ਨੂੰ ਮਹਿੰਗੇ ਭਾਅ ਵਿਚ ਵੇਚਣੀ ਸੀ। ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਹਨਾਂ ਕੋਲੋਂ ਪੁੱਛਗਿਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

Send this to a friend