ਰਾਏਪੁਰ ਖੇਡਾਂ ’ਚ ਕਬੂਤਰਬਾਜ਼ੀ ਮੁਕਾਬਲੇ ’ਚ ਪਿੰਡ ਮਲੋਟ ਦੀ ਝੰਡੀ ਰਹੀ

image ਮਲੋਟ, 7 ਜੂਨ (ਜਗਦੀਪ ਧਵਨ)- ਪਿੰਡ ਮਲੋਟ ਦੇ ਚੈਂਪੀਅਨ ਮੁੰਡਿਆਂ ਨੇ ਪਿੰਡ ਕਿਲਾ ਰਾਏਪੁਰ ’ਚ ਹੋਏ ਕਬੂਤਰਬਾਜ਼ੀ ਮੁਕਾਬਲੇ ’ਚ ਪਹਿਲਾ ਸਥਾਨ ਹਾਸਿਲ ਕਰਕੇ 3 ਲੱਖ 1 ਹਜ਼ਾਰ ਰੁਪਏ ਦੀ ਨਗਦੀ ਸਮੇਤ ਪਲਾਟੀਨਾ ਮੋਟਰਸਾਈਕਲ ਅਤੇ ਟਰਾਫ਼ੀ ਜਿੱਤ ਕੇ ਪਿੰਡ ਮਲੋਟ ਦਾ ਨਾਂਅ ਸੂਬੇ ਪੱਧਰ ’ਤੇ ਰੋਸ਼ਨ ਕੀਤਾ ਹੈ। ਸ਼ਾਨਦਾਰ ਪ੍ਰਾਪਤੀ ਕਰਨ ਉਪਰੰਤ ਪਿੰਡ ਮਲੋਟ ਪਰਤੇ ਇੰਨ੍ਹਾਂ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਠੇਕੇਦਾਰ ਮੰਦਰ ਸਿੰਘ ਸਰਪੰਚ, ਯੂਥ ਅਕਾਲੀ ਆਗੂ ਪ੍ਰਿਤਪਾਲ ਸਿੰਘ ਮਾਨ ਅਤੇ ਪ੍ਰਧਾਨ ਗੁਰਜੀਤ ਸਿੰਘ ਗਿੱਲ ਸਮੇਤ ਪਿੰਡ ਦੀ ਪੰਚਾਇਤ ਨੇ 11 ਹਜ਼ਾਰ ਰੁਪਏ ਹੌਂਸਲਾ ਅਫਜਾਈ ਵਜੋਂ ਇਨਾਮ ’ਚ ਦਿੱਤੇ। ਜ਼ਿਕਰਯੋਗ ਹੈ ਕਿ ਪੀਜ਼ਨ ਕਲੱਬ ਵੱਲੋਂ ਹਰ ਸਾਲ ਵਾਂਗ ਖੇਡ ਪ੍ਰਸਿੱਧ ਕਸਬੇ ਪਿੰਡ ਕਿਲਾ ਰਾਏਪੁਰ ’ਚ ਕਰਵਾਏ ਗਏ ਕਬੂਤਰਬਾਜ਼ ਮੁਕਾਬਲਿਆਂ ਜਿਸ ਦੌਰਾਨ ਦੂਰ-ਦੂਰੇਡੇ ਅਤੇ ਨੇੜੇ ਦੇ ਪਿੰਡਾਂ ਤੋਂ ਅਨੇਕਾਂ ਕਬੂਤਰਬਾਜ਼ ਆਪਣੇ-ਆਪਣੇ ਕਬੂਤਰ ਲੈ ਕੇ ਸ਼ਾਮਿਲ ਹੋਏ। ਇਸੇ ਤਹਿਤ ਪਿੰਡ ਮਲੋਟ ਤੋਂ 10 ਕਬੂਤਰਬਾਜਾਂ ਦਲਜੋਤ ਸਿੰਘ ਜੋਤੀ ਗਿੱਲ, ਭੂਰਾ ਮਾਨ, ਲਾਲ ਮਲੋਟ, ਗੁਰਮੀਤ ਸਿੰਘ ਗਿੱਲ, ਰੋਮੀ ਮਾਨ, ਲੱਖਾ ਗਿੱਲ, ਵਿੱਕੀ, ਹਰਮਨ ਮਲੋਟ, ਗੋਰੂ ਮਲੋਟ ਤੇ ਬਿੱਟੂ ਮਲੋਟ ਦੀ ਟੀਮ ਵੀ ਆਪਣਾ ਕਬੂਤਰ ਲੈ ਕੇ ਹਾਜ਼ਰ ਹੋਏ। ਇਸ ਮੁਕਾਬਲੇ ਦੌਰਾਨ ਪਿੰਡ ਮਲੋਟ ਦੇ ਕਬੂਤਰ ਸਣੇ 135 ਕਬੂਤਰ ਸਵੇਰੇ 7 ਵਜੇ ਉਡਾਏ ਗਏ, ਜਿਸ ਦੌਰਾਨ ਪਿੰਡ ਮਲੋਟ ਦਾ ਕਬੂਤਰ ਪਹਿਲੇ ਨੰਬਰ ’ਤੇ ਆਇਆ। ਪੀਜ਼ਨ ਕਲੱਬ ਵੱਲੋਂ ਇਸ ਜੇਤੂ ਟੀਮ ਨੂੰ 3 ਲੱਖ ਇਕ ਹਜ਼ਾਰ ਰੁਪਏ, ਪਲਾਟੀਨਾ ਮੋਟਰਸਾਈਕਲ ਤੇ ਟਰਾਫ਼ੀ ਇਨਾਮ ਵਜੋਂ ਦਿੱਤੀ ਗਈ।

Send this to a friend