ਨਿਊਜਰਸੀ, 7 ਜੂਨ- ਵਿਦੇਸ਼ੀ ਪੰਜਾਬੀਆਂ ਲਈ ਬਹੁਤ ਹੀ ਖੁਸ਼ੀ ਦੀ ਗਲ ਹੈ ਕਿ ਨਿਊਜਰਸੀ ਰਿਪਬਲਿਕਨ ਪਾਰਟੀ ਦੀ ਡਿਸਟ੍ਰਿਕ 19 ਦੀ ਸਿਖ ਬੀਬੀ ਅਮਰਜੀਤ ਕੌਰ ਰਿਆੜ ਅਸੰਬਲੀ ਦੀ ਪ੍ਰਾਇਮਰੀ ਚੋਣ ਜਿਤ ਗਈ ਹੈ। ਜਿਥੇ ਇਹ ਉਪਰਾਲਾ ਪੰਜਾਬੀਆਂ ਦੇ ਸਮੂਹਿਕ ਸਹਿਯੋਗ ਸਦਕਾ ਕਾਮਯਾਬੀ ਦਾ ਰਾਹ ਅਖਤਿਆਰ ਹੋ ਸਕਿਆ ਹੈ, ਉਥੇ ਡਾ. ਸੁਰਿੰਦਰ ਸਿੰਘ ਗਿਲ ਪਬਲਿਕ ਰਿਲੇਸ਼ਨ ਅਫਸਰ ਦੀ ਅਣਥਕ ਮਿਹਨਤ ਨੇ ਵੀ ਇਸ ਪ੍ਰਾਇਮਰੀ ਚੋਣ ਵਿਚ ਗੂੜ੍ਹਾ ਰੰਗ ਭਰਿਆ ਹੈ। ਉਨ੍ਹਾਂ ਨੇ ਰਿਪਬਲਿਕਨ ਪਾਰਟੀ ਨੂੰ ਇਕਜੁਟ ਹੋਣ ਦਾ ਸਬੂਤ ਅਤੇ ਏਕੇ ਦੀ ਬਰਕਤ ਦਾ ਪਾਠ ਅਨੁਸਾਸ਼ਨ ਵਿਚ ਰਹਿ ਕੇ ਅਖਤਿਆਰ ਕਰਨ ‘ਤੇ ਜ਼ੋਰ ਦਿਤਾ। ਜਿਸ ਸਦਕਾ ਬੀਬੀ ਅਮਰਜੀਤ ਕੌਰ ਰਿਆੜ ਦੇ ਮੁਕਾਬਲੇ ਵਿਚ ਸਾਰਿਆਂ ਆਪਣੀ ਹਮਾਇਤ ਬੀਬੀ ਦੀ ਝੋਲੀ ਪਾ ਦਿੱਤੀ ਹੈ।ਬਰਜਿੰਦਰ ਸਿੰਘ ਬਰਾੜ ਜੋ ਮੁਖ ਚੋਣ ਇੰਚਾਰਜ ਹਨ ਉਨ੍ਹਾਂ ਦੀ ਸਖਤ ਮਿਹਨਤ ਅਤੇ ਹਰ ਪੰਜਾਬੀ ਤਕ ਪਹੁੰਚ ਦੇ ਨਾਲ-ਨਾਲ ਸਮੁਚੀ ਟੀਮ ਨੂੰ ਇਕਜੁਟ ਅਤੇ ਇਕ ਲੜੀ ਵਿਚ ਪ੍ਰੋਅ ਕੇ ਰਖਣ ਦੀ ਵਿਉਂਤਬੰਦੀ ਵੀ ਕਾਰਗਰ ਸਾਬਤ ਹੋਈ ਹੈ। ਹਰਵਿੰਦਰ ਸਿੰਘ ਰਿਆੜ ਉਘੇ ਵਿਸ਼ਲੇਸ਼ਨਕਾਰ ਅਤੇ ਵਿਦੇਸ਼ੀ ਪੰਜਾਬੀ ਪਤਰਕਾਰਤਾ ਦੇ ਪਿਤਾਮਾ ਨੇ ਕਿਹਾ ਕਿ ਇਹ ਸਮੁਚੇ ਭਾਈਚਾਰੇ ਦੀ ਜਿਤ ਹੈ ਜਿਨ੍ਹਾਂ ਨੇ ਸਿਖ ਪੰਜਾਬੀ ਔਰਤ ਬੀਬੀ ਅਮਰਜੀਤ ਕੌਰ ਰਿਆੜ ਨੂੰ ਮਾਣ ਬਖਸ਼ਿਆ ਹੈ ਅਤੇ ਉਨ੍ਹਾਂ ਨੂੰ ਪ੍ਰਾਇਮਰੀ ਜਿਤਾ ਕੇ ਅਸੰਬਲੀ ਦਰਵਾਜੇ ਤਕ ਪਹੁੰਚਾ ਦਿਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਮੁਖ ਚੋਣ ਵਿਚ ਭਾਈ ਸ਼ਮੂਲੀਅਤ ਕਰਕੇ ਅਤੇ ਇਕਜੁਟ ਹੋ ਕੇ ਆਪਣੀ ਇਕੋ ਇਕ ਪੰਜਾਬੀ ਔਰਤ ਉਮੀਦਵਾਰ ਨੂੰ ਅਸੰਬਲੀ ਵਿਚ ਪਹੁੰਚਾਉਣਾ ਤੁਹਾਡਾ ਫਰਜ਼ ਬਣ ਗਿਆ ਹੈ। ਸੋ ਡਿਸਟ੍ਰਿਕਟ-19 ਦਾ ਸਮੁਚਾ ਭਾਈਚਾਰਾ ਦਿਨ ਰਾਤ ਇਕ ਕਰਕੇ ਸਮੁਚੇ ਇਲਾਕੇ ਵਿਚ ਘਰ ਘਰ ਜਾ ਕੇ ਬੀਬੀ ਅਮਰਜੀਤ ਕੌਰ ਰਿਆੜ ਲਈ ਇਕ ਇਕ ਵੋਟ ਦੀ ਮੰਗ ਨੂੰ ਅਮਲੀ ਜਾਮਾ ਪਹਿਨਾ ਕੇ ਭਾਰੀ ਜਿਤ ਨਾਲ ਅਸੰਬਲੀ ਵਿਚ ਬਿਠਾਵੇਗਾ ਤਾਂ ਜੋ ਡਿਸਟ੍ਰਿਕ -19 ਨੂੰ ਨਿਊਜਰਸੀ ਦਾ ਸਰਵੋਤਮ ਡਿਸਟ੍ਰਿਕਟ ਬਣਾਉਣ ਲਈ ਸਹੂਲਤਾਂ ਲੈ ਕੇ ਦਿਤੀਆਂ ਜਾ ਸਕਣ।ਬੀਬੀ ਅਮਰਜੀਤ ਕੌਰ ਰਿਆੜ ਵਲੋਂ ਸਮੁਚੀ ਚੋਣ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਹ ਜਿਤ ਡਿਸਟ੍ਰਿਕਟ -19 ਦੇ ਰਿਹਾਇਸ਼ੀਆਂ ਦੀ ਹੈ ਜਿਨ੍ਹਾਂ ਨੇ ਮੈਨੂੰ ਆਪਣੀ ਹਮਾਇਤ ਬਖਸ਼ ਕੇ ਅਸੰਬਲੀ ਦੇ ਦਰਵਾਜੇ ਤਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਮੈਨੂੰ ਪੂਰਨ ਆਸ ਹੈ ਕਿ ਡਿਸਟ੍ਰਿਕਟ -19 ਦੇ ਸਮੂਹ ਰਿਹਾਇਸ਼ੀ ਮੁਖ ਚੋਣ ਸਮੇਂ ਭਾਰੀ ਹਮਾਇਤ ਨਾਲ ਅਸੰਬਲੀ ਦੀ ਕੁਰਸੀ ਤਕ ਪਹੁੰਚਾ ਕੇ ਡਿਸਟ੍ਰਿਕਟ -19 ਦੇ ਵਿਕਾਸ ਦੀ ਨੀਂਹ ਨੂੰ ਪਕਿਆਂ ਕਰਨਗੇ।