ਖੰਨਾ, 7 ਜੂਨ (ਕੇ ਐਲ ਸਹਿਗਲ)- ਘੱਟ ਗਿਣਤੀ ਵਰਗ ਦੇ ਲੋਕਾਂ ਦਾ ਇਕ ਵਫਦ ਸਿਤਾਰ ਮੁਹੰਮਦ ਲਿਬੜਾ, ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਗਵਾਈ ਵਿਚ ਸੁਨੀਲ ਕੁਮਾਰ ਜਾਖੜ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਪੰਜਾਬ ਕਾਂਗਰਸ ਭਵਨ, ਸੈਕਟਰ 15- ਚੰਡੀਗੜ੍ਹ ਵਿਖੇ ਮਿਲਿਆ। ਜਿਸ ਵਿਚ ਜਾਖੜ ਸਾਹਿਬ ਨਾਲ ਘੱਟ ਗਿਣਤੀ ਵਰਗ ਦੇ ਲੋਕਾਂ ਦੇ ਹਿੱਤਾਂ ਸਬੰਧੀ ਚਰਚਾ ਕੀਤੀ ਗਈ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਵਿਚ ਤਬਦੀਲੀ ਸਮੇਂ ਘੱਟ ਗਿਣਤੀ ਵਰਗ ਦੇ ਲੋਕਾਂ ਖਾਸ ਤੌਰ ’ਤੇ ਔਰਤਾਂ ਨੂੰ ਸਹੀ ਨੁਮਾਇੰਦਗੀ ਦੇਣ ਦੀ ਜਰੂਰਤ ਨੂੰ ਜਾਖੜ ਸਾਹਿਬ ਦੇ ਧਿਆਨ ਵਿਚ ਲਿਆਂਦਾ ਗਿਆ। ਜਾਖੜ ਸਾਹਬ ਦੇ ਧਿਆਨ ਵਿਚ ਇਹ ਵੀ ਲਿਆਉਂਦਾ ਗਿਆ ਕਿ ਪਹਿਲਾਂ ਬਣੀ ਪ੍ਰਦੇਸ਼ ਕਾਂਗਰਸ ਕਮੇਟੀ ਵਿਚ ਜਿਥੇ ਈਸਾਈ ਭਾਈਚਾਰੇ ਨਾਲ ਸੰਬੰਧਿਤ 6 – 7 ਵਿਅਕਤੀਆਂ ਨੂੰ ਜਨਰਲ ਸਕੱਤਰ ਬਣਾਕੇ ਪਾਰਟੀ ਨੇ ਕਾਬਿਲੇ ਤਾਰੀਫ ਕੰਮ ਕੀਤਾ ਹੈ। ਤਾਂ ਉਥੇ ਹੀ ਮੁਸਲਿਮ ਸਮਾਜ ਨਾਲ ਸਬੰਧਿਤ ਸਿਰਫ ਇਕ ਹੀ ਵਿਅਕਤੀ ਹੀ ਉਹ ਵੀ ਮਲੇਰਕੋਟਲੇ ਨਾਲ ਸੰਬਧਿਤ ਵਿਅਕਤੀ ਨੂੰ ਹੀ ਜਨਰਲ ਸਕੱਤਰ ਬਣਾਇਆ ਗਿਆ। ਜਦੋਂ ਕਿ ਬਾਕੀ ਪੂਰੇ ਪੰਜਾਬ ਦੇ ਮੁਸਲਿਮ ਸਮਾਜ ਵਿਚੋਂ ਨਾ ਹੀ ਕਿਸੇ ਵਿਅਕਤੀ ਅਤੇ ਨਾਂ ਹੀ ਕਿਸੇ ਔਰਤ ਨੂੰ ਜਨਰਲ ਸਕੱਤਰ ਬਣਾਕੇ ਪ੍ਰਦੇਸ਼ ਕਾਂਗਰਸ ਕਮੇਟੀ ਵਿਚ ਨੁਮਾਇੰਗੀ ਦਿੱਤੀ ਗਈ। ਜਦਕਿ ਪੰਜਾਬ ਵਿਚ ਇਸਾਈ ਭਾਈਚਾਰੇ ਨਾਲੋਂ ਮੁਸਲਿਮ ਸਮਾਜ ਦੇ ਲੋਕਾਂ ਦੀ ਅਬਾਦੀ ਸਰਕਾਰੀ ਅੰਕੜਿਆਂ ਮੁਤਾਬਕ ਦੁੱਗਣੇ ਤੋਂ ਵੀ ਜ਼ਿਆਦਾ ਹੈ ਜੋ ਕਿ ਮੁਸਲਿਮ ਸਮਾਜ ਦੇ ਲੋਕਾਂ ਨਾਲ ਜਿਆਦਤੀ ਹੈ ਇਸ ਤੋਂ ਅੱਗੇ ਜਾਖੜ ਸਾਹਿਬ ਨੂੰ ਹਰਕੇ ਜ਼ਿਲ੍ਹੇ ਅਤੇ ਬਲਾਕ ਪੱਧਰ ਤੇ ਵੀ ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਨੁਮਾਇੰਦਗੀ ਦੇਣ ਦੀ ਮੰਗ ਰੱਖੀ ਗਈ। ਜਿਸ ’ਤੇ ਜਾਖੜ ਸਾਹਿਬ ਨੇ ਭੋਰਸਾ ਦਿੱਤਾ ਕਿ ਪਿਛਲੀ ਵਾਰ ਰਹਿ ਗਈਆਂ ਕਮੀਆਂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਵਿਚ ਤਬਦੀਲੀ ਸਮੇਂ ਦੂਰ ਕੀਤਾ ਜਾਵੇਗਾ। ਇਸ ਵਫਦ ਵਿਚ ਦਿਲਬਰ ਖਾਨ ਮੋਹਾਲੀ ਵਾਇਸ ਪ੍ਰਧਾਨ, ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ, ਸ਼ੌਕਤ ਅਲੀ ਪ੍ਰਾਪਰਟੀ ਡੀਲਰ ਖੰਨਾ, ਫਿਰੋਜ ਖਾਨ ਮਤਾਣੀਆ ਜਨਰਲ ਸਟੋਰ ਖੰਨਾ, ਅਜਮੀਲ ਖਾਨ ਭਾਦਸੋਂ ਜਨਰਲ ਸਕੱਤਰ ਘੱਟ ਗਿਣਤੀ ਵਿਭਾਗ ਪੰਜਾਬ, ਅਲੀ ਹੁਸੈਨ ਖਮਾਣੋ ਪ੍ਰਧਾਨ ਗੁੱਜਰ ਸਮਾਜ, ਤਰਸੇਮ ਖਾਨ ਮਟੌਰ, ਅਯੂਬ ਅਲੀ ਖਾਨ ਭਾਗੂਮਾਜਰ, ਚਰਨਜੀਤ ਖਾਨ, ਇਕਬਾਲ ਖਾਨ ਆਦਿ ਹਾਜ਼ਰ ਸਨ।