ਪਟਿਆਲਾ, 4 ਜੂਨ-ਇੱਥੇ ਕੌਮੀ ਖੇਡ ਸੰਸਥਾ ਐਨ.ਆਈ.ਐਸ. ’ਚ ਚਾਰ ਦਿਨਾਂ ਤੋਂ ਜਾਰੀ ਫੈਡਰੇਸ਼ਨ ਕੱਪ ਕੌਮੀ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ। ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਉੱਤਰ ਪ੍ਰਦੇਸ਼ ਦੀ ਅਨੂ ਰਾਣੀ ਨੇ ਔਰਤਾਂ ਦੇ ਜੈਵਲਿਨ ਥਰੋਅ ਮੁਕਾਬਲੇ ’ਚ ਨਵਾਂ ਕੌਮੀ ਰਿਕਾਰਡ ਬਣਾਇਆ। ਕੌਮੀ ਪੱਧਰ ਦੀ ਇਸ ਖਿਡਾਰਨ ਨੇ ਆਪਣੇ ਹੀ 60.01 ਮੀਟਰ ਦੇ ਕੌਮੀ ਰਿਕਾਰਡ ਨੂੰ ਤੋੜਦਿਆਂ ਨਵਾਂ ਕੀਰਤੀਮਾਨ 61.86 ਮੀਟਰ ਨਾਲ ਸਥਾਪਤ ਕੀਤਾ। ਇਸ ਤੋਂ ਇਲਾਵਾ ਔਰਤਾਂ ਦੀ 400 ਮੀਟਰ ਦੌੜ ’ਚ ਹਰਿਆਣਾ ਦੀ ਅਥਲੀਟ ਨਿਰਮਲ ਦੇਵੀ ਨੇ ਵੀ ਨਵਾਂ ਰਿਕਾਰਡ ਕਾਇਮ ਕੀਤਾ ਹੈ|
ਇਸੇ ਤਰ੍ਹਾਂ ਔਰਤਾਂ ਦੇ ਜੈਵਲਿਨ ਥਰੋਅ ’ਚੋਂ ਦੂਜਾ ਸਥਾਨ ਵੀ ਉੱਤਰ ਪ੍ਰਦੇਸ਼ ਦੀ ਖਿਡਾਰਨ ਸੁਮਨ ਦੇਵੀ ਨੇ 55.03 ਮੀਟਰ ਨਾਲ ਹਾਸਲ ਕੀਤਾ ਜਦਕਿ ਕਰਨਾਟਕਾ ਦੀ ਰਸ਼ਮੀ ਇਸ ਮੁਕਾਬਲੇ ’ਚ 51.12 ਮੀਟਰ ਨਾਲ ਤੀਜੇ ਸਥਾਨ ’ਤੇ ਰਹੀ| ਇਸੇ ਤਰਾਂ ਪੁਰਸ਼ਾਂ ਦੀ 10 ਹਜ਼ਾਰ ਤੇ 5 ਹਜ਼ਾਰ ਮੀਟਰ ਦੀ ਦੌੜ ’ਚ ਤਾਮਿਲਨਾਡੂ ਦੇ ਉੱਘੇ ਖਿਡਾਰੀ ਜੀ. ਲਕਸ਼ਮਣ ਨੇ ਸੋਨੇ ਦੇ ਦੋ ਤਗਮੇ ਫੁੰਡਣ ’ਚ ਕਾਮਯਾਬੀ ਹਾਸਲ ਕੀਤੀ| 10 ਹਜ਼ਾਰ ਮੀਟਰ ਮੁਕਾਬਲੇ ’ਚ ਦੂਜਾ ਸਥਾਨ ਕੇਰਲਾ ਦੇ ਗੋਪੀ ਥੈਂਕਲ ਨੇ ਹਾਸਲ ਕੀਤਾ ਜਦਕਿ 5 ਹਜ਼ਾਰ ਮੀਟਰ ’ਚ ਦੂਜਾ ਸਥਾਨ ਗੁਜਰਾਤ ਦੇ ਮੁਰੀ ਕੁਮਾਰ ਗਾਵਿਤ ਨੇ ਹਾਸਲ ਕੀਤਾ|