ਫਰੀਦਕੋਟ, 4 ਜੂਨ (ਗੁਰਜੀਤ-ਰੋਮਾਣਾ)- ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਫਰੀਦਕੋਟ ਜਿਲ੍ਹੇ ਅੰਦਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ।ਇਸ ਸਬੰਧੀ ਟਰੱਸਟ ਦੇ ਸੇਵਾਦਾਰ ਬਿੰਦਰ ਸਿੰਘ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਟਰੱਸਟ ਵੱਲੋਂ ਲੋਕਾਈ ਦੀ ਸੇਵਾ ਤਹਿਤ ਕੀਤੇ ਜਾ ਰਹੇ ਕੰਮਾਂ ਵਿੱਚ ਲੋੜਵੰਦ ਪਰਿਵਾਰਾਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮਹੀਨੇਵਾਰ ਰਾਸ਼ਨ ਦੀ ਸੇਵਾ ਲਗਾਈ ਗਈ ਹੈ।ਉਹਨਾਂ ਦੱਸਿਆ ਕਿ ਕਿਸੇ ਕਾਰਨ ਪਰਿਵਾਰ ਦੇ ਕਮਾਊ ਮੁਖੀ ਦੇ ਨਾ ਹੋਣ ਕਾਰਨ ਜਾਂ ਅਪਾਹਜ਼ ਹੋ ਜਾਣ ਕਾਰਨ ਲੋੜਵੰਦ ਪਰਿਵਾਰਾਂ ਨੂੰ ਟਰੱਸਟ ਵੱਲੋਂ ਰਾਸ਼ਨ ਦੀ ਸੇਵਾ ਕੀਤੀ ਜਾਂਦੀ ਹੈ।ਉਹਨਾਂ ਦੱਸਿਆ ਕਿ ਜਿਲ੍ਹਾ ਫਰੀਦਕੋਟ ਵਿੱਚ ਫਰੀਦਕੋਟ ਸ਼ਹਿਰ ਦੇ 3, ਕੋਟਕਪੂਰਾ ਸ਼ਹਿਰ ਵਿੱਚ 3, ਰੱਤੀਰੋੜੀ ਟਿੱਬੀਆਂ ਵਿੱਚ 2, ਪਿੰਡ ਜੰਡਵਾਲਾ, ਝੋਟੀਵਾਲਾ, ਗੋਲੇਵਾਲਾ, ਦਾਨਾ ਰੁਮਾਣਾ ਅਤੇ ਜੀਵਨਵਾਲਾ ਦੇ 1-1 ਪਰਿਵਾਰ, ਕੁੱਲ 13 ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ।ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਵਿਖੇ ਟਰੱਸਟ ਵੱਲੋਂ ਪਰਿਵਾਰਾਂ ਨੂੰ ਰਾਸ਼ਨ ਸਪੁਰਦ ਕਰਨ ਸਮੇਂ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ) ਦੇ ਪ੍ਰਧਾਨ ਗੁਰਪਰੀਤ ਸਿੰਘ ਚੰਦਬਾਜਾ ਅਤੇ ਸ਼ਿਵਜੀਤ ਸਿੰਘ ਨੇ ਟਰੱਸਟ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਕਰਨਾ ਪਰਉਪਕਾਰ ਦਾ ਕਾਰਜ ਹੈ ਅਤੇ ਫਰੀਦਕੋਟ ਜਿਲ੍ਹੇ ਵਿੱਚ ਟਰੱਸਟ ਵੱਲੋਂ ਲਗਾਈ ਜਿੰਮੇਵਾਰੀ ਨਿਭਾਉਂਦਿਆਂ ਮਾਣ ਮਹਿਸੂਸ ਕਰਦੇ ਹਨ ਅਤੇ ਉਹਨਾਂ ਦੀ ਕੋਸ਼ਸ਼ ਹੁੰਦੀ ਹੈ ਕਿ ਸੇਵਾ ਸਹੀ ਹੱਥਾਂ ਵਿੱਚ ਹੀ ਜਾਵੇ।ਇਸ ਮੌਕੇ ‘ਤੇ ਹਰਵਿੰਦਰ ਸਿੰਘ ਖਾਲਸਾ, ਡਾ ਗੁਰਇੰਦਰ ਮੋਹਨ ਸਿੰਘ, ਨਿਰਮਲਜੀਤ ਸਿੰਘ ਖਾਲਸਾ, ਇੰਜ: ਮਨਿੰਦਰ ਸਿੰਘ, ਜਗਜੀਤ ਸਿੰਘ, ਦਰਸ਼ਨ ਸਿੰਘ, ਸਹਾਰਾ ਸੁਸਾਇਟੀ ਤੋਂ ਪ੍ਰਵੀਨ ਕਾਲਾ, ਸੀਰ ਸੁਸਾਇਟੀ ਤੋਂ ਮਾਸਟਰ ਮਾਨ ਸਿੰਘ ਅਤੇ ਨੌਜਵਾਨ ਗੁਰਮਤਿ ਸਭਾ ਤੋਂ ਸਰਬਜੋਤ ਸਿੰਘ ਸਾਹਨੀ ਹਾਜਰ ਸਨ।