ਕਰਮਾਂ ਵਾਲੀ …. ਗਿੱਦੜਸਿੰਗੀ….

ਪੰਜਾਬੀਆਂ ਦਾ ਇਹ ਲੋਕ ਵਿਸ਼ਵਾਸ਼ ਹੈ ਗਿੱਦੜਸਿੰਗੀ ਅਜਿਹੀ ਕ੍ਰਿਸ਼ਮਈ ਚੀਜ਼ ਹੈ ਜੋ ਵਿਅਕਤੀ ਦੇ ਵਿਗੜੇ ਕੰਮਾਂ ਨੂੰ ਨੇਪਰੇ ਚਾੜ੍ਹ ਦਿੰਦੀ ਹੈ। ਜਦ ਕਿਸੇ ਨੂੰ ਹਰ ਕੰਮ ਵਿੱਚ ਸਫ਼ਲਤਾ  ਮਿਲਣ ਲੱਗ ਜਾਵੇ ਤਾਂ ਸੱਥਾਂ ਵਿੱਚ ਉਸ ਬਾਰੇ ਏਹੀ ਆਖਿਆ ਜਾਂਦਾ ਹੈ ਕਿ ਇਹਦੇ ਹੱਥ ਜ਼ਰੂਰ ਕੋਈ ਗਿੱਦੜਸਿੰਗੀ ਲੱਗੀ ਹੋਊ। ਲੋਕਾਂ ਦਾ ਮੰਨਣਾ ਹੈ ਕਿ ਠਾਣੇ ਕਚਹਿਰੀਆਂ ਦੇ ਮਾਮਲਿਆਂ ਦੀ ਕਾਮਯਾਬੀ ਵਿੱਚ ਗਿੱਦੜਸਿੰਗੀ ਦੀ ਅਹਿਮ ਭੂਮਿਕਾ ਹੁੰਦੀ ਹੈ ਸੋ ਗਿੱਦੜਸਿੰਗੀ ਨੂੰ ਲੋਕ ਮਨਾਂ ਵਿੱਚ ਨਾਗਮਣੀ ਵਰਗਾ ਜਾਦੂਈ ਮੁਕਾਮ ਹਾਸਿਲ ਹੈ।
ਇਹਨਾਂ ਵਿਸ਼ਵਾਸਾਂ ਵਿੱਚ ਤਰਕ ਬਾਰੇ ਜਾਨਣ ਲਈ ਗਿੱਦੜਸਿੰਗੀ ਦੇ ਮਿਥਿਹਾਸਕ ਅਤੇ ਵਿਗਿਆਨਕ ਤੱਥਾਂ ਬਾਰੇ ਜਾਨਣਾ ਲਾਜ਼ਮੀ ਹੈ। ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ਗਿੱਦੜ ਬਗੈਰ ਸਿੰਗਾਂ ਵਾਲਾ ਜਾਨਵਰ ਹੈ ਅਤੇ ਗਿੱਦੜ ਸਿੰਗੀ ਸ਼ਬਦ ਦੋ ਸ਼ਬਦਾਂ ਗਿੱਦੜ ਅਤੇ ਸਿੰਗ (ਜੈਕਲ ਹੌਰਨ)ਦੇ ਸੁਮੇਲ ਤੋਂ ਹੋਂਦ ਵਿੱਚ ਆਇਆ ਹੈ।
ਇੱਕ ਪੁਰਾਣਿਕ ਮਾਨਤਾ ਅਨੁਸਾਰ ਪੁੰਨਿਆਂ ਦੀ ਰਾਤ ਨੂੰ ਜਦ ਗਿੱਦੜ ਜ਼ਮੀਨ ਵੱਲ ਨੀਵੀਂ ਪਾ ਕੇ ਹੁਆਂਕਦਾ ਹੈ ਤਾਂ ਉਸ ਵੇਲੇ ਕਾਲੀਆਂ ਅਤੇ ਸਫੈਦ ਭਾਵ ਬੁਰੀਆਂ ਅਤੇ ਚੰਗੀਆਂ ਤਾਕਤਾਂ ਦੇ ਪ੍ਰਭਾਵ ਨਾਲ ਉਸਦੇ ਸਿੰਗ ਉੱਗ ਆਉਂਦਾ ਹੈ ਅਤੇ ਉਸ ਸਿੰਗ ‘ਤੇ ਵਾਲ ਵੀ ਫੁੱਟ ਆਉਂਦੇ ਨੇ ਅਤੇ ਸਵੇਰ ਹੋਣ ਤੱਕ ਸਿੰਗ ਗਿੱਦੜ ਦੇ ਸਿਰ ਤੋਂ ਅੱਡ ਹੋ ਜਾਂਦਾ ਹੈ।
ਇਸ  ਚਮਤਕਾਰੀ ਢੰਗ ਨਾਲ ਹੋਂਦ ਵਿੱਚ ਆਏ ਵਾਲਾਂ ਵਾਲੇ ਬੇਰ ਆਕਾਰੀ ਸਿੰਗ ਨੂੰ ਬੜਾ ਬੇਸ਼ਕੀਮਤੀ ਮੰਨਿਆਂ ਜਾਂਦਾ ਹੈ ਅਤੇ ਆਖਿਆ ਜਾਂਦਾ ਹੈ ਕਿ ਜਿਸ ਕਿਸੇ ਨੂੰ ਇਹ ਮਿਲ ਜਾਵੇ ਸਮਝੋ ਉਸ ਹੱਥ ਅਲਾਦੀਨ ਦਾ ਚਿਰਾਗ ਹੱਥ ਆ ਗਿਆ।
ਪਰ ਜੇ ਤਰਕ ਅਧਾਰਿਤ ਵਿਗਿਆਨਕ ਢੰਗ ਨਾਲ ਗੱਲ ਕਰੀਏ ਇਹ ਭਰਮ ਤੋਂ ਵੱਧ ਕੁਝ ਨਹੀਂ ਅਤੇ ਕਿਸੇ ਵੀ ਢੰਗ ਨਾਲ ਗਿੱਦੜ ਜਾਂ ਹੋਰ ਜਾਨਵਰ ਦੇ ਇਸ ਤਰਾਂ ਰਾਤੋ ਰਾਤ ਸਿੰਗ ਉੱਗਣਾ ਸੰਭਵ ਨਹੀਂ ਹੈ।
ਪਰ ਸਮੇਂ ਦੇ ਨਾਲ-ਨਾਲ ਗਿੱਦੜ ਸਿੰਗੀ ਨਾਲ ਹੋਰ ਭਰਮ ਜੁੜਦੇ ਗਏ ਜਿਸ ਅਨੁਸਾਰ ਆਖਿਆ ਜਾਣ ਲੱਗਿਆ ਕਿ ਗਿੱਦੜ ਸਿੰਗੀ ਹੌਲੀ=ਹੌਲੀ ਵੱਡੀ ਹੁੰਦੀ ਅਤੇ ਕੁਝ ਸਮੇਂ ਬਾਅਦ ਹੋਰ ਗਿੱਦੜ ਸਿੰਗੀਆਂ ਵੀ ਪੈਦਾ ਕਰਦੀ ਹੈ। ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਆਪਣੇ ਸਕੂਲ ਦੇ ਵਿਦਿਆਰਥੀਆਂ ਨੇ ਇਸ ਗੱਲ ਦਾ ਦਾਅਵਾ ਕੀਤਾ। ਹੋਰ ਘੋਖ ਕਰਨ ‘ਤੇ ਪਤਾ ਲੱਗਿਆ ਕਿ ਪਿੰਡ ਦੇ ਕਰੀਬ ਪੰਜਾਹ ਫੀਸਦੀ ਘਰਾਂ ਵਿੱਚ ਗਿੱਦੜ ਸਿੰਗੀਆਂ ਸਾਂਭੀਆਂ ਹੋਈਆਂ ਨੇ ਜੋ ਉਹਨਾਂ ਨੂੰ ਜੋਗੀ ਦੇ ਕੇ ਗਏ ਸਨ।
ਡੱਬੀਆਂ ਵਿੱਚ ਬੰਦ ਗਿੱਦੜਸਿੰਗੀਆਂ ਨੂੰ ਸੰਦੂਰ ਵਿੱਚ ਰੱਖਿਆ ਜਾਂਦਾ ਹੈ ਜਿਸ ਨਾਲ ਉਸਦਾ ਆਕਾਰ ਵੱਡਾ ਹੁੰਦਾ ਹੈ ਅਤੇ ਉਹ ਹੋਰ ਬੱਚੇ ਬਣਾਉਂਦੀ ਹੈ। ਅਧਿਆਪਕ ਹੋਣ ਦੇ ਨਾਤੇ ਇਹ ਸਭ ਹਜ਼ਮ ਕਰਨਾਂ ਮੁਸ਼ਕਿਲ ਸੀ ਸੋ ਇਸਦੀ ਤਹਿ ਤੱਕ ਜਾਣਾ ਜਰੂਰੀ ਹੋ ਗਿਆ ਸੀ। ਪੜਤਾਲ ਕਰਦਿਆਂ ਗੱਲ ਸਾਹਮਣੇ ਆਈ ਕਿ ਸਪੇਰੇ ਕਿਸੇ ਮਰੇ ਜਾਨਵਰ ਜਿਵੇਂ ਕੁੱਤਾ ਬਿੱਲੀ ਆਦਿ ਦੇ ਵਾਲਾਂ ਅਤੇ ਮਾਸ ਸਮੇਤ ਨਹੁੰ ਕੱਢ ਲੈਂਦੇ ਨੇ ਫਿਰ ਡੱਬੀਆਂ ‘ਚ ਬੰਦ ਕਰਕੇ ਭੋਲੇ ਭਾਲੇ ਲੋਕਾਂ ਨੂੰ ਮਨਮਰਜ਼ੀ ਦੀਆਂ ਕੀਮਤਾਂ ‘ਤੇ ਵੇਚ ਜਾਂਦੇ ਨੇ। ਜੀਵਾਂ ਵਿੱਚ  ਇਹ ਵਿਗਿਆਨਕ ਵਿਸ਼ੇਸ਼ਤਾ ਹੁੰਦੀ ਹੈ ਕਿ ਮਰਨ ਤੋਂ ਬਾਅਦ ਵੀ ਵਾਲ ਅਤੇ ਨਹੁੰ ਕੈਮੀਕਲ ਆਧਾਰ ‘ਤੇ ਕੰਮ ਕਰਦੇ ਰਹਿੰਦੇ ਹਨ ਅਤੇ ਜੇ ਇਹਨਾਂ ਨੂੰ ਕੈਮੀਕਲ ਮਿਲਦਾ ਰਹੇ ਤਾਂ ਇਹਨਾਂ ਦਾ ਵਾਧਾ ਕੁਝ ਸਮੇਂ ਤੱਕ ਹੁੰਦਾ ਰਹਿੰਦਾ ਹੈ।
ਸੋ ਠੱਗ ਸਪੇਰਿਆਂ ਦੁਆਰਾ ਬਣਾਈਆਂ ਗਿੱਦੜਸਿੰਗੀਆਂ ਸੰਦੂਰ ਤੋਂ ਕੈਮੀਕਲ ਪ੍ਰਾਪਤ ਕਰਕੇ ਕੁਝ ਵੱਡੀਆਂ ਹੋ ਜਾਂਦੀਆਂ ਨੇ ਅਤੇ ਸਮਾਂ ਪਾ ਕੇ ਨਹੁੰਆਂ ਤੋਂ ਮਾਸ ਦੇ ਕੁਝ ਟੁੱਕੜੇ ਅੱਡ ਹੋ ਜਾਂਦੇ ਨੇ ਜਿਨਾਂ ਨੂੰ ਗਿੱਦੜਸਿੰਗੀ ਦੇ ਨਿਆਣੇ ਮੰਨ ਲਿਆ ਜਾਂਦਾ ਹੈ। ਜਦ ਸਕੂਲ ਦੇ ਵਿਦਿਆਰਥੀਆਂ ਨੂੰ ਇਹ ਸਾਰੀ ਗੱਲ ਸਮਝਾਈ ਗਈ ਤਾਂ ਉਹਨਾਂ ਨੇ ਤਾਂ ਆਪਣੇ ਮਾਪਿਆਂ ਨੂੰ ਸਮਝਾ ਕੇ ਸੰਦੂਕਾਂ ਪੇਟੀਆਂ ‘ਚ ਲਕੋਈਆਂ ਗਿੱਦੜਸਿੰਗੀਆਂ ਬਾਹਰ ਸਟਾ ਦਿੱਤੀਆਂ। ਪਰ  ਲੋੜ ਹੈ ਸਾਡੇ ਆਮ ਲੋਕਾਂ ਖਾਸ ਕਰ ਪਿੰਡਾਂ ਵਾਲੇ ਭੋਲੇ-ਭਾਲੇ ਸੱਜਣਾ ਨੂੰ ਸੁਚੇਤ ਹੋਣ ਦੀ ਅਤੇ ਇਹ ਗੱਲ ਸਮਝਣ ਦੀ ਕਿ ਅਸਲ ਗਿੱਦੜਸਿੰਗੀ ਬੰਦੇ ਦੁਆਰਾ ਮਿਹਨਤ ਅਤੇ ਲਗਨ ਨਾਲ ਕੀਤੇ ਕੰਮ ਹਨ ਜਦਕਿ ਠੱਗ ਸਪੇਰੀਆਂ ਦੁਆਰਾ ਮਹਿੰਗੇ ਭਾਅ ਵੇਚੀਆਂ ਜਾ ਰਹੀਆਂ ਗਿੱਦੜਸਿੰਗੀਆਂ ਕਿਸਮਤ ਜਗਾਉਣ ਦੇ ਭਰਮ ਤੋਂ ਵੱਧ ਕੁਝ ਨਹੀਂ…।
ਗੁਰਪ੍ਰੀਤ ਸਰਾਂ
ਸੰਪਰਕ : 95019-00588

Send this to a friend