ਨਿੱਤ ਨਵੀਆਂ ਖਬਰਾਂ ਆਉਣ ਲੱਗੀਆਂ ਅੱਗ ਫੈਲਦੀ ਰੋਜ਼ ਅਫਵਾਹ ਬਣਕੇ

60.
ਨਿੱਤ ਨਵੀਆਂ ਖਬਰਾਂ ਆਉਣ ਲੱਗੀਆਂ
ਅੱਗ ਫੈਲਦੀ ਰੋਜ਼ ਅਫਵਾਹ ਬਣਕੇ।
ਘੜੀਆਂ ਪਲਾਂ ਦੇ ਵਿਚ ਪਰਾਏ ਹੋਗੇ
ਜਿਹੜੇ ਰਹਿੰਦੇ ਸੀ ਸਾਹਾਂ ਨਾਲ ਸਾਹ ਬਣਕੇ।
ਕੱਟ ਵੱਢ ਕੇ, ਮਾਰ ਕੇ ਕਰੇ ਪਾਸੇ
ਅੱਗੇ ਆਏ ਜੋ ਸਰਬਰਾਹ ਬਣਕੇ।
ਬਿੰਦਰ ਸਿਆਂ ਨਾ ਕਿਸੇ ਦਾ ਵੱਸ ਕੋਈ
ਨਾਚ ਮੌਤ ਦਾ ਸਭ ਦੇਖਣ ਗਵਾਹ ਬਣਕੇ।
61.
ਬੈਠੇ ਰੈਡਕਲਿਫ ਤੇ ਮਾਊਂਟਬੈਨ
ਪੈਗ ਪਾ ਕੇ ਮਹਿੰਗੀਆਂ ਵਿਸਕੀਆਂ ਦੇ।
ਦੇਸ਼ ਪੰਜਾਬ ਦਾ ਲਾਉਣ ਹਿਸਾਬਲੱਗੇ
ਘਾਟੇ ਵਾਧੇ ਰਿਸਕ ਤੇ ਰਿਸਕੀਆਂ ਦੇ।
ਕੀ ਕਹਿਣਗੇ ਸਾਨੂੰ ਜਿਨਾਹ ਨਹਿਰੂ
ਫਿਕਰਮੰਦ ਜੋ ਕੁਰਸੀਆਂ ਖਿਸਕੀਆਂ ਦੇ।
ਬਿੰਦਰ ਸਿਆਂ ਲੰਚ ਕਰਦਿਆਂ ਨੇ
ਭਾਗ ਲਿਖੇ ਪੰਜਾਬ ਲਈ ਸਿਸਕੀਆਂ ਦੇ।
62.
ਕਸ਼ਮਕਸ਼ ਅੰਦਰ ਹੋਈ ਭਾਰੀ
ਸਿਖ ਸੋਚਦੇ ਕਿਧਰ ਨੂੰ ਜਾਈਏ ਜੀ।
ਗੱਲਾਂ ਨਹੀਂ ਯਕੀਨ ਜਿਨਾਹ ਉਤੇ
ਗੱਲਾਂ ਵਿੱਚ ਨਾ ਕਿਤੇ ਫਸ ਜਾਈਏ ਜੀ।
ਦਿਲ ਟਿਕੇ ਨਾ ਨਹਿਰੂਆਂ ਗਾਂਧੀਆਂ ਤੇ
ਕੀਹਨੂੰ ਦਿਲ ਦੀ ਗੱਲ ਸਮਝਾਈਏ ਜੀ।
ਬਿੰਦਰ ਸਿਆਂ ਜਦ ਪੇਸ਼ ਨਾ ਕੋਈ ਚੱਲੇ
ਸੱਚੇ ਰੱਬ ਨੂੰ ਫੇਰ ਧਿਆਈਏ ਜੀ।

Send this to a friend