ਹਿੰਦੀ ਕਵੀ ਅਸ਼ੋਕ ਵਾਜਪੇਈ ਦਾ ਹਫਤਾਵਾਰੀ ਕਾਲਮ ’ਕਭੀ-ਕਭਾਰ’ ਮੈਂ ਬਹੁਤ ਪਹਿਲਾਂ ਤੋਂ ਪੜ੍ਹਦਾ ਹਾਂ ਤੇ ਮੇਰੇ ਘਰ ’ਜਨਸਤਾ’ ਅਖਬਾਰ ਇਸੇ ਕਾਲਮ ਕਰਕੇ ਆਉਂਦਾ ਰਿਹਾ ਹੈ।ਇਹ ਕਾਲਮ ਕਵਿਤਾ, ਕਲਾ ਤੇ ਸਮਾਜ ਨਾਲ਼ ਜੁੜੀਆਂ ਅਨੇਕਾਂ ਗੱਲਾਂ ਦੀ ਟੋਹ ਦਿੰਦਾ ਹੈ ਜਿਸ ਨੂੰ ਹੁਣ ਵੀ ਆਨ-ਲਾਈਨ ਪੜ੍ਹਨਾ ਮੇਰੇ ਐਤਵਾਰ ਵਿਚ ਸ਼ਾਮਿਲ ਹੈ। ਪਿਛਲੇ ਦਿਨੀਂ ਉਨ੍ਹਾਂ ਸਾਹਿਤ ਦੀ ਜ਼ਰੂਰਤ ’ਤੇ ਚਰਚਾ ਕਰਦਿਆਂ ਕਿਹਾ ਕਿ ਸਹੀ ਹੈ ਜ਼ਿਆਦਾਤਰ ਲੋਕਾਂ ਨੂੰ ਸਾਹਿਤ ਦੀ ਕੋਈ ਜ਼ਰੂਰਤ ਮਹਿਸੂਸ ਨਹੀਂ ਹੁੰਦੀ, ਉਨ੍ਹਾਂ ਦਾ ਜੀਵਨ ਸ਼ੁਰੂਆਤੀ ਸਿਖਿਆ ’ਚ ਭਾਸਾ ਸਿਖਣ ਲਈ ਸਾਹਿਤ ਪੜ੍ਹਨ ਤੋਂ ਇਲਾਵਾ, ਬਿਨਾਂ ਸਾਹਿਤ ਤੋਂ ਚੰਗਾ-ਭਲਾ ਗੁਜ਼ਰ ਜਾਂਦਾ ਹੈ।ਹਿਸਾਬੀ-ਕਿਤਾਬੀ ਦੁਨੀਆਂ ’ਚ ਸਾਹਿਤ ਨਿਰਉਪਯੋਗੀ ਹੈ। ਪਰ ਲਾਭ-ਹਾਨੀ ਤੋਂ ਪਰੇ ਇਨਸਾਨ ਬਣੇ ਰਹਿਣ ਲਈ ਸਾਹਿਤ ਦੀ ਜ਼ਰੂਰਤ ਸਦਾ ਰਹੇਗੀ। ਸਾਹਿਤ ਤੋਂ ਆਪਣੇ-ਆਪ ਨੂੰ ਦੂਰ ਰੱਖਣਾ ਦਰਅਸਲ ਸੰਵੇਦਨਸ਼ੀਲਤਾ ਨੂੰ ਗੁਆਉਣਾ ਹੈ। ਸ਼ੁਕਰ ਹੈ! ਅਸੀਂ ਥੋੜ੍ਹੇ ਜਿਹੇ ਲੋਕ ਜੋ ਸਾਹਿਤ ਪੜ੍ਹਨ ਲਿਖਣ ਨਾਲ਼ ਜੁੜੇ ਹਾਂ ਦਰਅਸਲ ਆਪਣੇ-ਆਪ ਨਾਲ਼ ਜੁੜੇ ਹਾਂ ਤੇ ਇਹ ਗੱਲ ਵੀ ਪੱਕੀ ਹੈ ਕਿ ਆਪਣੇ-ਆਪ ਨਾਲ ਜੁੜਨ ਦਾ ਮਤਲਬ ਆਵਾਮ ਨਾਲ ਜੁੜਨਾ ਹੈ।ਇਥੇ ਮੈਨੂੰ ਦਰਬਾਰਾ ਸਿੰਘ ਦਾ ਇਕ ਹਾਇਕੂ ਯਾਦ ਆ ਰਿਹਾ ਹੈ: ਅੱਖਾਂ ਡੁੱਲ੍ਹੀਆਂ ਭਰੀਆਂ-/ ਚਲਦੇ ਖੂਹ ਦੀਆਂ ਟਿੰਡਾਂ/ ਫੇਰ ਭਰਨ ਨੂੰ ਮੁੜੀਆਂ (ਲਿਸ਼ਕ)
ਸੀਮਾਂਤ ਸੋਹਲ ਦੀ ਰਬਾਬ
ਜਦੋਂ ਕਿਧਰੇ ਵੀ ’ਰਬਾਬ’ ਸ਼ਬਦ ਕੰਨੀਂ ਪੈਂਦਾ ਹੈ ਤਾਂ ਫਰਹਿੰਦਾ, ਖੁਆਰ ਹੋਏ ਮਰਦਾਨੇ ਨੂੰ ਲੱਭ ਰਿਹਾ ਦਿਸਦਾ ਹੈ ਜਿਸ ਦੇ ਹੱਥ ’ਚ ਰਬਾਬ ਹੁੰਦੀ ਹੈ। ਸੱਤ ਰੁਪਏ ਫਰਹਿੰਦਾ ਨਹੀਂ ਲੈਂਦਾ ਤੇ ਬਾਬੇ ਦੇ ਦਰਸ਼ਨ ਕਰਨ ਦੀ ਇਛਾ ਮਰਦਾਨੇ ਨੂੰ ਪ੍ਰਗਟ ਕਰਦਾ ਹੈ। ਮਰਦਾਨਾ ਰਬਾਬ ਦੀ ਠਾਠ ਬੰਨ੍ਹਦਾ ਹੈ ਪਰ ਬਾਬਾ ਆਖਦਾ ਹੈ, ੂ ਤੇਰਾ ਕੰਮ ਰਬਾਬ ਵਜਾਉਣਾ ਹੈ, ਠਾਠ ਬੰਨ੍ਹਣਾ ਉਹਦੇ ਹੱਥ ਹੈ।ੂ ਮੈਨੂੰ ਲਗਦਾ ਹੈ ਕਿ ਕਵਿਤਾ ਲਿਖਣਾ ਵੀ ਉਹਦੇ ਹੱਥ ਹੈ, ਕਵੀ ਤਾਂ ਐਵੇਂ ਅੱਖਰਾਂ ਦਾ ਜੋੜ ਘਟਾਓ ਹੀ ਕਰਦਾ ਹੈ। ਪਰ ਨਾਲ਼ ਦੀ ਨਾਲ਼ ਮਨ ’ਚ ਆਉਂਦਾ ਹੈ ਕਿ ਫਿਰ ਤਾਂ ਅੱਖਰਾਂ ਦਾ ਵਾਧਾ-ਘਾਟਾ ਵੀ ਕਵੀ ਦੇ ਵੱਸ ’ਚ ਨਹੀਂ।ਕਵੀ ਸੋਹਲ ਆਖਦਾ ਹੈ, ੂ ਚੰਗੀ ਕਵਿਤਾ ਲਿਖਣਾ ਔਖਾ ਕੰਮ ਹੈ। ਇਉਂ ਵੀ ਆਖ ਸਕਦੇ ਹਾਂ ਕਿ ਚੰਗੀ ਕਵਿਤਾ ਦਾ ਹੋ ਜਾਣਾ ਕਵੀ ਲਈ ਸੁਖਦ ਚਮਤਕਾਰ ਦੀ ਤਰ੍ਹਾਂ ਹੁੰਦਾ ਹੈ।ੂ ਗੀਤ ਚਤੁਰਵੇਦੀ ਦੀ ਸਤਰ ਚਮਕਦੀ ਹੈ-ਜਿਹੜਾ ਕੰਮ ਰੱਬ ਆਪ ਨਾ ਕਰ ਸਕਿਆ ਉਹ ਕੰਮ ਉਹਨੇ ਕਵੀ ਨੂੰ ਦੇ ਦਿੱਤਾ। ਇਸੇ ਕਰਕੇ ਸੀਮਾਂਤ ਸੋਹਲ ਕੋਲ਼ ’ਰਬਾਬ’ ਦੀਆਂ ਕਵਿਤਾਵਾਂ ਲਿਖਣ ਦਾ ਕੰਮ ਆਇਆ। ’ਰਬਾਬ’ ਸੋਹਲ ਦੀ ਤੀਜੀ ਕਾਵਿ-ਕਿਤਾਬ ਹੈ, ਜੋ ਉਸਨੇ ਉਸ ਦੋਸਤ ਤੇ ਉਸ ਘੜੀ ਨੂੰ ਸਮਰਪਿਤ ਕੀਤੀ ਹੈ ਜਿਸ ਦੇ ਹੁੰਦਿਆਂ ’ਰਬਾਬ’ ਲਿਖਣ ਦਾ ਵਿਚਾਰ ਆਇਆ। ਮੈਂ ਅਗਲਾ ਪੰਨਾ ਪਰਤਦਾ ਹਾਂ। ’ਦੋ ਸ਼ਬਦ’ ਪੜ੍ਹਦਾ ਹਾਂ। ਸਾਰਾ ਪੰਨਾ ਖਾਲੀ ਹੈ ਤੇ ਹੇਠਾਂ ਲਿਖਿਆ ਹੈ- ਫਿਰ ਕਦੇ … ਇਹ ਦੋਹੇਂ ਪੰਨੇ ਆਪਣੇ-ਆਪ ’ਚ ਵੱਖਰੇ ਨੇ ਜੋ ਕਵੀ ਦੇ ਸੁਭਾਅ ਨੂੰ ਵੀ ਦਰਸਾਉਂਦੇ ਨੇ ਕਵਿਤਾ ਦੇ ਸੁਭਾਅ ਨੂੰ ਵੀ। ਕਵਿਤਾਵਾਂ ਦੇ ਕੋਈ ਸਿਰਲੇਖ ਨਹੀਂ। ਇਹ ਗੱਲ ਹੋਰ ਵੀ ਸੁਕੂਨ ਦਿੰਦੀ ਹੈ। ਸਿਰਲੇਖ ਪਾਠਕ ਨੂੰ ਬੰਨ੍ਹ ਲੈਂਦੇ ਨੇ, ਬਣਿਆ-ਬਣਾਇਆ ਰਾਹ ਦੇ ਦਿੰਦੇ ਨੇ ਤੇ ਬਿਨਾਂ ਸਿਰਲੇਖਾਂ ਦੀ ਕਵਿਤਾ ਪਾਠਕ ਨੂੰ ਅਜ਼ਾਦ ਕਰਦੀ ਹੈ, ਖੁਦ ਰਾਹ ਚੁਣਨ ਦਾ ਮੌਕਾ ਦਿੰਦੀ ਹੈ। ਨਵੀਂ ਕਵਿਤਾ ਦੀ ਇਹੋ ਵਡਿਆਈ ਹੈ। ਤੁਸੀਂ ਵੀ ਦੇਖੋ ਪੰਨਾ 9 ਦੀ ਕਵਿਤਾ: ਤੇਹ ਲੱਗੀ ਹੈ ਬਹੁਤ/ ਬਾਬੇ ਨੂੰ ਵੀ/ ਮਰਦਾਨੇ ਨੂੰ ਵੀ… ਬਾਬੇ ਨੂੰ ਕੁਝ ਘੱਟ/ ਮਰਦਾਨੇ ਨੂੰ ਕੁਝ ਜ਼ਿਆਦਾ… ਮਰਦਾਨੇ ਲਈ/ ਜਲ ਹੀ ਸਿਮਰਨ/ ਬਾਬੇ ਲਈ ਸਿਮਰਣ ਹੀ ਜਲ …। ਕਵਿਤਾ ਦੀਆਂ ਪੰਕਤੀਆਂ ਵਿਚ ਕੋਈ ਚਮਤਕਾਰ ਨਹੀਂ। ਸਹਿਜ ਹਨ। ਸਹਿਵਨ ਹੀ ਪਾਠਕ ਦੇ ਭਰੇ ਮਨ-ਕਟੋਰੇ ’ਚ ਫੁੱਲ ਵਾਂਗ ਤਰ ਜਾਂਦੀਆਂ ਹਨ। ਇਹੋ ਸੀਮਾਂਤ ਸੋਹਲ ਦੀ ਕਵਿਤਾ ਦੀ ਖੂਬੀ ਹੈ। ‘ਪਤਾ ਨਹੀਂ’ ਲਫਜ਼ ਮੈਨੂੰ ਅਕਸਰ ਭਾਉਂਦਾ ਹੈ। ਇਹਦੇ ਵਿਚ ਹਜ਼ਾਰਾਂ ਪਤੇ ਹੁੰਦੇ ਹਨ।
ਇਹ ਪਤੇ ਆਪਣਾ ਪਤਾ ਇਸ ਤਰ੍ਹਾਂ ਦਿੰਦੇ ਹਨ ਜਿਵੇਂ ਇਹ ਤਾਂ ਉਹਦਾ ਆਪਣਾ ਹੀ ਪਤਾ ਹੋਵੇ ਜੋ ਕਿਧਰੇ ਇਧਰ-ਉਧਰ ਹੋ ਗਿਆ ਹੋਵੇ। ਇਹ ਪਤਾ ਦਰਅਸਲ ਆਪਣੇ ਆਪ ਨੂੰ ਮਿਲਨ ਦਾ ਹੀ ਪਤਾ ਹੁੰਦਾ ਹੈ। ਖੜਾਵਾਂ ਜੋ ਅਨੰਤ ਰਾਹ ਤੇ ਅਨੰਤ ਤਲਾਸ਼ ਦਾ ਦੂਜਾ ਨਾਂ ਨੇ , ਨਾਨਕ ਕੋਲ਼ ਆ ਕੇ ਪੂਰੀ ਕਾਇਨਾਤ ਵਿਚ ਅਭੇਦ ਹੋ ਜਾਂਦੀਆਂ ਨੇ : ਪਤਾ ਨਹੀਂ/ ਬਾਬੇ ਦੀਆਂ ਖੜਾਵਾਂ/ ਕਿਸ ਵਣ ਦੇ/ ਕਿਸ ਦਰੱਖਤ ਦੀ/ ਕਿਸ ਟਹਿਣੇ ਤੋਂ ਬਣੀਆਂ … ਕਿਹੜੇ ਵਣ ’ਚ/ ਕਿਸਨੇ ਉਹ ਦਰੱਖਤ ਲਾਇਆ/ ਕੌਣ ਪੁੰਨ ਖੱਟ ਗਿਆ/ ਪਤਾ ਨਹੀਂ ( ਪੰਨਾ 14) । ’ਪਤਾ ਨਹੀਂ’ ਕਵਿਤਾ ਲਈ ਵਰਦਾਨ ਹੈ। ਸਾਰੇ ਪਤੇ ਇਹਦੇ ਵਿਚ ਹੀ ਸਮਾਏ ਹੋਏ ਹੁੰਦੇ ਹਨ। ਸੀਮਾਂਤ ਸੋਹਲ ਦੀ ਕਾਵਿ-ਕਿਤਾਬ ੂ ਰਬਾਬੂ ਵਾਰ-ਵਾਰ ਪੜ੍ਹੇ ਜਾਣ ਵਾਲੀ ਕਿਤਾਬ ਹੈ।
ਸੰਪਾਦਕ ਦਾ ਫਰਜ਼
ਪਰਮਿੰਦਰ ਸੋਢੀ ਦੀ ਕਿਤਾਬ ੂ ਸੰਸਾਰ ਪ੍ਰਸਿੱਧ ਕਥਨ ੂ ਮੇਰੇ ਵਰਗੇ ਸੁਸਤ ਸੁਭਾਅ ਬੰਦੇ ਲਈ ਬੜੇ ਕੰਮ ਦੀ ਚੀਜ਼ ਹੈ। ਜਦੋਂ ਜੀ ਕਰੇ ਕਿਤੋਂ ਵੀ ਖੋਲ੍ਹੋ ਤੇ ਇਕ ਕਥਨ ਪੜ੍ਹ ਕੇ ਉਹਦੇ ਬਾਰੇ ਸੋਚਦੇ ਰਹੋ, ਦੂਜਿਆਂ ਨੂੰ ਦੱਸਦੇ ਰਹੋ ਤੇ ਕਦੇ-ਕਦੇ ਉਹਦੇ ’ਤੇ ਅਮਲ ਵੀ ਕਰ ਲਓ। ਇਹਨੂੰ ਪੜ੍ਹਨ ਲਈ ਖਾਸ ਸਮਾਂ ਕੱਢਣ ਦੀ ਲੋੜ ਨਹੀਂ। ਕਿਉਂਕਿ ਇਹ ਕਿਤਾਬ ’ਤੇ ਸਾਰੀ ਮਿਹਨਤ ਸੋਢੀ ਨੇ ਹੀ ਲਾ ਦਿੱਤੀ ਹੈ।
ਦੁਨੀਆਂ ਭਰ ਦੇ ਕਥਨ ਇਕੱਤਰ ਕਰ ਕੇ ਅਨੁਵਾਦ ਕੀਤੇ। ਅੱਜ ਇਕ ਕਥਨ ਜਿਹੜਾ ਤੁਹਾਡੇ ਨਾਲ਼ ਸਾਂਝਾ ਕਰ ਰਿਹਾ ਹਾਂ ਇਹਨੂੰ ਪੜ੍ਹ ਕੇ ਸੰਪਾਦਕ ਬਲਜੀਤ ਸਿੰਘ ਬਰਾੜ ਤਾਂ ਭਾਵੇਂ ਹੈਰਾਨ ਨਾ ਹੋਵੇ ਕਿਉਂਕਿ ਉਹਨੇ ਇਹ ਕਥਨ ਪਹਿਲਾਂ ਹੀ ਪੜ੍ਹਿਆ ਹੋਵੇਗਾ ਤੇ ਉਹਦਾ ਕਾਰਜ ਵੀ ਇਸ ਕਥਨ ਤੋਂ ਉਲਟ ਹੈ। ਅਲਬਰਟ ਹਬਾਰਡ ਦਾ ਆਖਣਾ ਹੈ, ੂ ਸੰਪਾਦਕ ਇਕ ਅਜਿਹਾ ਆਦਮੀ ਹੁੰਦਾ ਹੈ ਜਿਹੜਾ ਅਖਬਾਰ ਵੱਲੋਂ ਕਣਕ ਨੂੰ ਤੂੜੀ ਤੋਂ ਵੱਖ ਕਰਨ ਲਈ ਨੌਕਰੀ ’ਤੇ ਰੱਖਿਆ ਜਾਂਦਾ ਹੈ ਤਾਂ ਕਿ ਉਹ ਤੂੜੀ ਨੂੰ ਛਾਪਣ ਦਾ ਫਰਜ਼ ਨਿਭਾ ਸਕੇ।ੂ
ਗੁਰਪ੍ਰੀਤ
ਸ਼ਾਇਰ ਅਤੇ ਚਿੰਤਕ
ਵਾਰਡ ਨੰ.1, ਸ਼ਰਮਾ ਸਟਰੀਟ,
ਮਾਨਸਾ-151505
ਸੰਪਰਕ : 98723-75898