ਡਿੱਗਦੀ ਵਿਕਾਸ ਦਰ ਚਿੰਤਾਜਨਕ

ਭਾਰਤੀ ਆਰਥਿਕਤਾ ਲਈ ਚਿੰਤਾਜਨਕ ਸੰਕੇਤ ਸਾਹਮਣੇ ਆ ਰਹੇ ਹਨ। ਦੇਸ਼ ਦੀ ਆਰਥਿਕ ਵਿਕਾਸ ਦਰ ਮਾਰਚ ਤਿਮਾਹੀ ’ਚ 6.1 ਫੀਸਦੀ ਰਹੀ। ਇਸ ਨਾਲ ਪੂਰੇ ਵਿੱਤੀ ਸਾਲ ’ਚ ਵਿਕਾਸ ਦਰ ਤਿੰਨ ਦੇ ਹੇਠਲੇ ਪੱਧਰ 7.1 ਫੀਸਦੀ ’ਤੇ ਆ ਗਈ। ਵਿਕਾਸ ’ਚ ਗਿਰਾਵਟ ਨਾਲ ਭਾਰਤ ਦਾ ਵਿਕਾਸ ਵਾਲਾ ਦੇਸ਼ ਦਾ ਮੈਡਲ ਗਵਾਚਦਾ ਨਜ਼ਰ ਆ ਰਿਹਾ ਹੈ। ਅੰਕੜੇ ਦੱਸਦੇ ਹਨ ਕਿ ਮੁੱਖ ਰੂਪ ਨਾਲ ਵਿਨਿਰਮਾਣ ਖੇਤਰ ਤੇ ਸੇਵਾ ਖੇਤਰ ਦੇ ਖਰਾਬ ਪ੍ਰਦਰਸ਼ਨ ਕਾਰਨ ਆਰਥਿਕ ਵਿਕਾਸ ਦੀ ਗਤੀ ਹੌਲੀ ਹੋਈ ਹੈ। ਆਰਥਿਕਤਾ ਦੇ ਇਹ ਰੁਝਾਨ ਉਸ ਸਮੇਂ ਸਾਹਮਣੇ ਆ ਰਹੇ ਹਨ ਜਦੋਂ ਕੇਂਦਰ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਤਿੰਨ ਸਾਲ ਪੂਰੇ ਕਰ ਲਏ ਹਨ ਅਤੇ ਸਰਕਾਰ ਵੱਲੋਂ ਪ੍ਰਾਪਤੀਆਂ ਲਈ ਜਸ਼ਨ ਮਨਾਏ ਜਾ ਰਹੇ ਹਨ। ਬੇਸ਼ਕ ਨੋਟਬੰਦੀ ਤੋਂ ਬਾਅਦ ਸਰਕਾਰ ਨੇ ਪ੍ਰਾਪਤੀਆਂ ਦੇ ਵੱਡੇ ਦਾਅਵੇ ਕੀਤੇ ਸਨ ਪ੍ਰੰਤੂ ਇਸ ਦੇ ਬੇਹਤਰ ਨਤੀਜੇ ਹਾਲੇ ਤੱਕ ਸਾਹਮਣੇ ਨਹੀਂ ਆਏ। ਵਿੱਤੀ ਸਾਲ 2015-16 ’ਚ ਜੀ ਡੀ ਪੀ ਵਿਕਾਸ ਦਰ 8 ਫੀਸਦੀ ਤੇ ਇਸ ਤੋਂ ਪਹਿਲਾਂ ਵਿੱਤੀ ਸਾਲ ’ਚ 7.5 ਫੀਸਦੀ ਸੀ। ਚਿੰਤਾ ਦੀ ਗੱਲ ਤਾਂ ਇਹ ਹੈ ਕਿ ਖੇਤੀਬਾੜੀ ਖੇਤਰ ਦੇ ਵਧੀਆ ਪ੍ਰਦਰਸ਼ਨ ਦੇ ਬਾਵਜੂਦ 2016-17 ’ਚ ਵਿਕਾਸ ਦਰ ਘੱਟੀ ਹੈ। ਚੀਨ ਦੀ ਆਰਥਿਕ ਵਿਕਾਸ ਦਰ 2017 ਦੀ ਜਨਵਰੀ-ਮਾਰਚ ਤਿਮਾਹੀ ’ਚ 6.9 ਫੀਸਦੀ ਰਹੀ। ਭਾਰਤ ਨੇ ਪਹਿਲੀ ਵਾਰ 2015 ’ਚ ਜੀ ਡੀ ਪੀ ਵਿਕਾਸ ਦੇ ਮਾਮਲੇ ’ਚ ਚੀਨ ਨੂੰ ਪਿੱਛੇ ਛੱਡਿਆ ਸੀ। ਸੀ ਐਸ ਓ ਦੇ ਅੰਕੜਿਆਂ ਅਨੁਸਾਰ ਜੀ ਵੀ ਏ 2016-17 ਦੀ ਚੌਥੀ ਤਿਮਾਹੀ ’ਚ 5.6 ਫੀਸਦੀ ਰਿਹਾ ਜੋ ਇਸ ਤੋਂ ਪਹਿਲਾਂ ਵਿੱਤੀ ਸਾਲ ਦੇ ਇਸੇ ਤਿਮਾਹੀ ’ਚ 8.7 ਫੀਸਦੀ ਸੀ। 31 ਮਾਰਚ ਨੂੰ ਸਮਾਪਤ ਵਿੱਤੀ ਸਾਲ ’ਚ ਜੀ ਵੀ ਏ ਘੱਟ ਕੇ 6.6 ਫੀਸਦੀ ’ਤੇ ਆ ਗਿਆ, ਜੋ ਕਿ 2015-16 ’ਚ 7.9 ਫੀਸਦੀ ਸੀ। ਜੀ ਵੀ ਏ 2016 ਦੀ ਜਨਵਰੀ-ਮਾਰਚ ਤਿਮਾਹੀ ’ਚ ਲਗਾਤਾਰ ਪੰਜ ਤਿਮਾਹੀ ’ਚ ਘੱਟਿਆ ਹੈ। ਆਰਿਥਕ ਮਾਹਰ ਇਹ ਮੰਨਦੇ ਹਨ ਕਿ ਅਜਿਹਾ ਨੋਟਬੰਦੀ ਦੇ ਭੈੜੇ ਅਸਰ ਕਾਰਨ ਹੋ ਰਿਹਾ ਹੈ। ਸਰਕਾਰ ਨੇ 500 ਤੇ 1000 ਦੇ ਵੱਡੇ ਮੁੱਲ ਦੇ ਪਹਿਲੇ ਤੋਂ ਚਲ ਰਹੇ ਨੋਟਾਂ ਨੂੰ ਅੱਠ ਨਵੰਬਰ 2016 ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਇਸ ਨੋਟ ਬਦਲਣ ਦੇ ਕੰਮ ’ਚ 87 ਫੀਸਦੀ ਨਕਦ ਨੋਟ ਚੱਲਣ ਤੋਂ ਬਾਹਰ ਹੋ ਗਏ ਸਨ। ਇਸ ਨਾਲ ਦੇਸ਼ ਨੂੰ ਭਾਰੀ ਸੰਕਟ ਵਿੱਚੋਂ ਗੁਜ਼ਰਨਾ ਪਿਆ। ਨਕਦੀ ਦੀ ਸਮੱਸਿਆ ਤੇ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਹਨ। ਸਰਕਾਰ ਨੂੰ ਨਵੇਂ ਨੋਟ ਛਾਪਣ ਉੱਪਰ 30 ਹਜ਼ਾਰ ਕਰੋੜ ਤੋਂ ਵੱਧ ਦਾ ਖਰਚਾ ਕਰਨਾ ਪਿਆ। ਜਿਸ ਕਾਲੇ ਧੰਨ ਨੂੰ ਸਮਾਪਤ ਕਰਨ ਲਈ ਨੋਟਬੰਦੀ ਦਾ ਫੈਸਲਾ ਲਿਆ ਗਿਆ ਸੀ ਇਸ ਸਬੰਧੀ ਹਾਲੇ ਤੱਕ ਕੋਈ ਵੀ ਪੁਖਤਾ ਅੰਕੜਾ ਸਾਹਮਣੇ ਨਹੀਂ ਆਇਆ। ਸਰਕਾਰ ਇਸ ਸਬੰਧ ਵਿੱਚ ਕੋਈ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਨਹੀਂ। ਉਲਟਾ ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਆਰਥਿਕ ਵਿਕਾਸ ਦਰ ਘਟਣ ਲਈ ਪਿਛਲੀ ਯੂ.ਪੀ.ਏ. ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰੇ ਅਤੇ ਆਰਥਿਕਤਾ ਨੂੰ ਮੁੜ ਲੀਹ ’ਤੇ ਲਿਆਉਣ ਲਈ ਨਵੇਂ ਸਿਰੇ ਤੋਂ ਯਤਨ ਕਰੇ।
– ਬਲਜੀਤ ਸਿੰਘ ਬਰਾੜ

Send this to a friend