ਐਸ.ਏ.ਐਸ.ਨਗਰ(ਮੁਹਾਲੀ), 2 ਜੂਨ -ਭਾਰਤ ਦੇ ਸਾਬਕਾ ਕ੍ਰਿਕਟ ਖ਼ਿਡਾਰੀ ਜਾਵਾਗਲ ਸ੍ਰੀਨਾਥ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਸਕੂਲਾਂ-ਕਾਲਜਾਂ ਵਿੱਚ ਕ੍ਰਿਕਟ ਦਾ ਭਵਿੱਖ ਬੇਹੱਦ ਸੁਨਹਿਰਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਵਿੱਚੋਂ ਦੇਸ਼ ਦੀ ਕ੍ਰਿਕਟ ਦੀ ਲੋੜ ਦੀ ਸਹਿਜੇ ਹੀ ਪੂਰਤੀ ਹੋ ਸਕਦੀ ਹੈ। ਉਹ ਅੱਜ ਬਾਅਦ ਦੁਪਹਿਰ ਮੁਹਾਲੀ ਦੇ ਪੀਸੀਏ ਕ੍ਰਿਕਟ ਸਟੇਡੀਅਮ ਵਿੱਚ ਕਾਲਜਾਂ-ਯੂਨੀਵਰਸਿਟੀਆਂ ਦੇ ਖ਼ਿਡਾਰੀਆਂ ਦੇ ਕੌਮੀ ਪੱਧਰ ਉੱਤੇ ਚੱਲ ਰਹੀ ਰੈੱਡਬੁੱਲ ਕੈਂਪਸ ਕ੍ਰਿਕਟ ਦੇ ਫ਼ਾਈਨਲ ਮੁਕਾਬਲੇ ਤੋਂ ਪਹਿਲਾਂ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ ਵਰੁਣ ਵੀ ਮੌਜੂਦ ਸਨ।
ਸ੍ਰੀਨਾਥ ਨੇ ਰੈੱਡਬੁੱਲ ਕ੍ਰਿਕਟ ਲੜੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨੇ ਸਿੱਖ਼ਿਆ ਸੰਸਥਾਵਾਂ ਵਿੱਚੋਂ ਕ੍ਰਿਕਟ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਵੀ ਵਿਦੇਸ਼ੀ ਟੀਮਾਂ ਨੇ ਵੀ ਇਸ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ ਸੀ ਤੇ ਇਸ ਵਰ੍ਹੇ ਦੇਸ਼ ਦੀਆਂ ਸਮੁੱਚੀਆਂ ਸਿੱਖਿਆ ਸੰਸਥਾਵਾਂ ਵਿੱਚੋਂ ਨੌਜਵਾਨ ਕ੍ਰਿਕਟਰ ਅੱਗੇ ਆਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਖ਼ਿਡਾਰੀ ਅਗਲੇ ਸਮਿਆਂ ਵਿੱਚ ਭਾਰਤੀ ਕ੍ਰਿਕਟ ਟੀਮ ਵਿੱਚ ਆਪਣਾ ਵੱਡਾ ਯੋਗਦਾਨ ਪਾਉਣਗੇ। ਇਸ ਮੌਕੇ ਉਨ੍ਹਾਂ ਬੀਸੀਸੀਆਈ ਨਾਲ ਸਬੰਧਤ ਬਹੁਤੇ ਸਵਾਲਾਂ ਨੂੰ ਟਾਲਦਿਆਂ ਕ੍ਰਿਕਟ ਦੀ ਭਲਾਈ ਲਈ ਯਤਨਸ਼ੀਲ ਰਹਿਣ ਦੀ ਗੱਲ ਆਖ਼ੀ।
ਗੇਂਦਬਾਜ਼ ਵਰੁਣ ਨੇ ਇਸ ਮੌਕੇ ਪੁੱਛੇ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ਆਖ਼ਿਆ ਕਿ ਪਿਛਲੇ ਸਮੇਂ ਸੱਟ ਦੀ ਵਜ੍ਹਾ ਕਾਰਨ ਉਸ ਨੂੰ ਭਾਰਤੀ ਟੀਮ ਤੋਂ ਬਾਹਰ ਰਹਿਣਾ ਪਿਆ। ਉਨ੍ਹਾਂ ਕਿਹਾ ਕਿ ਆਈਪੀਐੱਲ ਦੇ ਤਾਜ਼ਾ ਸ਼ੀਜਨ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ ਤੇ ਹੁਣ ਉਹ ਭਾਰਤੀ ਟੀਮ ਲਈ ਪੂਰੀ ਤਰਾਂ ਫ਼ਿੱਟ ਹੈ। ਇਸ ਮੌਕੇ ਰੈੱਡਬੁੱਲ ਕ੍ਰਿਕਟ ਮੁਕਾਬਲੇ ਦੀਆਂ ਫ਼ਾਈਨਲ ਟੀਮਾਂ ਡੀਏਵੀ ਜਲੰਧਰ ਦੇ ਕਪਤਾਨ ਰਜਤ ਸ਼ਰਮਾ ਤੇ ਐੱਮਐੱਮਸੀਸੀ ਪੁਣੇ ਦੇ ਕਪਤਾਨ ਸ਼ੁਭਮ ਵੀ ਮੌਜੂਦ ਸਨ।