ਤਲਵੰਡੀ ਸਾਬੋ, 2 ਜੂਨ (ਰਾਮ ਰੇਸ਼ਮ ਨਥੇਹਾ)-ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਮੁੱਖ ਅਸਥਾਨ ਗੁ: ਬੇਰ ਸਾਹਿਬ ਦੇਗਸਰ ਛਾਉਣੀ ਨਿਹੰਗ ਸਿੰਘਾਂ ਦਮਦਮਾ ਸਾਹਿਬ ਨੂੰ ਆਂਉਦੇ ਮੁੱਖ ਰਾਸਤੇ ਤੇ ਬੁੱਢਾ ਦਲ ਦੇ ਬਾਰ੍ਹਵੇਂ ਜਥੇਦਾਰ ਬਾਬਾ ਚੇਤ ਸਿੰਘ ਦੀ ਯਾਦ ਵਿੱਚ ਉਸਾਰੇ ਜਾ ਰਹੇ ਯਾਦਗਾਰੀ ਗੇਟ ਦੀ ਉਸਾਰੀ ਦੇ ਕੰਮਾਂ ਦਾ ਬੁੱਢਾ ਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਜਾਇਜਾ ਲਿਆ। ਇੱਥੇ ਦੱਸਣਾ ਬਣਦਾ ਹੈ ਕਿ ਬੁੱਢਾ ਦਲ ਮੁੱਖ ਅਸਥਾਨ ਦੇ ਬਾਹਰ ਖੁੱਲੇ ਥਾਂ ਦੇ ਦੁਆਲੇ ਚਾਰਦਿਵਾਰੀ ਕਰਕੇ ਇੱਕ ਸ਼ਾਨਦਾਰ ਯਾਦਗਾਰੀ ਗੇਟ ਦੀ ਉਸਾਰੀ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਕਰਵਾਈ ਜਾ ਰਹੀ ਹੈ ਤੇ ਉਕਤ ਕਾਰ ਸੇਵਾ ਗੁ:ਬੇਰ ਸਾਹਿਬ ਦੇਗਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਰਜੁਨਦੇਵ ਸਿੰਘ ਸ਼ਿਵਜੀ ਦੀ ਦੇਖਰੇਖ ਹੇਠ ਕਰਵਾਈ ਜਾ ਰਹੀ ਹੈ। ਬੁੱਢਾ ਦਲ ਮੁਖੀ ਨੇ ਬਾਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਲਵੰਡੀ ਸਾਬੋ ਵਿੱਚ ਉਸਾਰੇ ਜਾਣ ਵਾਲੇ ਬੁੱਢਾ ਦਲ ਪਬਲਿਕ ਸਕੂਲ ਸਬੰਧੀ ਸਾਰੀ ਕਾਗਜੀ ਕਾਰਵਾਈ ਪੂਰੀ ਕਰ ਲਈ ਗਈ ਹੈ ਤੇ ਜਲਦੀ ਹੀ ਇਸਦੇ ਨਿਰਮਾਣ ਦਾ ਕਾਰਜ ਵੀ ਆਰੰਭ ਦਿੱਤਾ ਜਾਵੇਗਾ। ਇਸ ਮੌਕੇ ਬਾਬਾ ਅਰਜੁਨਦੇਵ ਸਿੰਘ ਸ਼ਿਵਜੀ ਤੋਂ ਇਲਾਵਾ ਬਾਬਾ ਜੱਸਾ ਸਿੰਘ,ਭਾਈ ਮੇਜਰ ਸਿੰਘ ਮੁਖਤਿਆਰ ਏ ਆਮ,ਭਾਈ ਰਣਯੋਧ ਸਿੰਘ,ਭਾਈ ਹਰਪ੍ਰੀਤ ਸਿੰਘ,ਭਾਈ ਸਰਵਣ ਸਿੰਘ ਮਝੈਲ, ਭਾਈ ਸੁਖਮੰਦਰ ਸਿੰਘ ਮੋਰ, ਭਾਈ ਜੋਗਾ ਸਿੰਘ ਤੇ ਭਾਈ ਪਿਆਰਾ ਸਿੰਘ ਆਦਿ ਹਾਜਿਰ ਸਨ।