ਨਵੀਂ ਦਿੱਲੀ/ਲਖਨਊ— ਸਾਬਕਾ ਸਪਾ ਸਰਕਾਰ ਦੌਰਾਨ ਹੋ ਰਹੇ ਅਪਰਾਧ ਨੂੰ ਲੈ ਕੇ ਭਾਜਪਾ ਲਗਾਤਾਰ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਘੇਰਦੀ ਆਈ ਹੈ ਪਰ ਜਦੋਂ ਹੁਣ ਯੂ.ਪੀ. ਦੀ ਸੱਤਾ ‘ਤੇ ਭਾਜਪਾ ਦੀ ਸਰਕਾਰ ਹੈ ਅਤੇ ਮੁੱਖ ਮੰਤਰੀ ਦੇ ਤੌਰ ‘ਤੇ ਆਦਿੱਤਿਯਨਾਥ ਯੋਗੀ ਹਨ ਤਾਂ ਅਪਰਾਧ ‘ਤੇ ਰੋਕ ਕਿਉਂ ਨਹੀਂ ਲੱਗ ਰਹੀ ਹੈ। ਜੋ ਲਗਾਤਾਰ ਇਹ ਬੋਲਦੇ ਆਏ ਹਨ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਈ ਤਾਂ ਯੂ.ਪੀ. ਨੂੰ ਅਪਰਾਧ ਮੁਕਤ ਬਣਾਉਣਗੇ ਪਰ ਯੂ.ਪੀ. ਸਰਕਾਰ ਦੇ ਅੰਕੜੇ ਤਾਂ ਕੁਝ ਹੋਰ ਹੀ ਕਹਿ ਰਹੇ ਹਨ।
ਅੰਕੜਿਆਂ ਅਨੁਸਾਰ 16 ਮਾਰਚ ਤੋਂ 30 ਮਾਰਚ ਦਰਮਿਆਨ ਅਪਰਾਧ ‘ਚ 27 ਫੀਸਦੀ ਦਾ ਵਾਧਾ ਹੋਇਆ ਹੈ। ਯੂ.ਪੀ. ਸਰਕਾਰ ਦੇ ਅੰਕੜਿਆਂ ਅਨੁਸਾਰ ਤਾਂ ਨਵੀਂ ਸਰਕਾਰ ਦੇ ਬਣਨ ਤੋਂ ਬਾਅਦ ਸਿਰਫ ਡੇਢ ਮਹੀਨੇ ‘ਚ ਪਿਛਲੇ 2 ਸਾਲਾਂ ਦੀ ਤੁਲਨਾ ‘ਚ ਜ਼ੁਰਮ ‘ਚ 27 ਫੀਸਦੀ ਦਾ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ ਲੁੱਟ ਅਤੇ ਰੇਪ ਦੀਆਂ ਘਟਨਾਵਾਂ ‘ਚ ਸਭ ਤੋਂ ਵਧ ਵਾਧਾ ਹੋਇਆ ਹੈ।
ਹਾਲ ਹੀ ‘ਚ ਯੂ.ਪੀ. ਦੇ ਗੋਂਡਾ ‘ਚ ਕਾਨੂੰਨ ਵਿਵਸਥਾ ਦੀ ਸਮੀਖਿਆ ਕਰਨ ਆਏ ਮੁੱਖ ਮੰਤਰੀ ਯੋਗੀ ਦੇ ਜਾਣ ਦੇ ਸਿਰਫ 2 ਘੰਟੇ ਬਾਅਦ ਹੀ ਸ਼ਹਿਰ ‘ਚ ਪੁਲਸ ਚੌਕੀ ਤੋਂ 200 ਮੀਟਰ ਦੀ ਦੂਰੀ ‘ਤੇ 2 ਲੋਕਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਇਸ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਇੰਨਾ ਹੀ ਨਹੀਂ ਸਰਕਾਰ ਬਣਦੇ ਹੀ ਮਹਿਲਾ ਸੁਰੱਖਿਆ ਲਈ ਐਂਟੀ ਰੋਮੀਓ ਸਕਵਾਇਡ ਬਣਾਈ ਗਈ ਤਾਂ ਲੱਗਾ ਕਿ ਔਰਤਾਂ ਹੁਣ ਸੁਰੱਖਿਅਤ ਰਹਿਣਗੀਆਂ ਪਰ ਰਾਮਪੁਰ ਛੇੜਛਾੜ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਨਤਾ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ।