ਬਾਬਾ ਬਕਾਲਾ ਸਾਹਿਬ, 28 ਮਈ (ਗੁਰਪ੍ਰੀਤ ਧੰਜਲ)- ਡੀ.ਐਸ.ਪੀ. ਬਾਬਾ ਬਕਾਲਾ ਸਾਹਿਬ ਸ. ਲਖਵਿੰਦਰ ਸਿੰਘ ਮੱਲ੍ਹ ਦੀਆਂ ਹਿਦਾਇਤਾਂ ਅਨੁਸਾਰ ਚੌਂਕੀ ਇੰਚਾਰਜ ਏ.ਐਸ.ਆਈ. ਬਲਵਿੰਦਰ ਸਿੰਘ, ਐੱਚ. ਸੀ. ਚਰਨ ਸਿੰਘ, ਐੱਚ. ਸੀ. ਕੁਲਬੀਰ ਸਿੰਘ, ਸਾਗਰ ਕੁਮਾਰ, ਸੁਖਰਾਜ ਸਿੰਘ, ਗੁਰਸਾਹਿਬ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਅਧਾਰ ਤੇ ਹਰਮਨ ਫਿਲਿੰਗ ਸਟੇਸ਼ਨ ਠੱਠੀਆਂ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਚੋਰੀ ਦੇ ਮੋਟਰਸਾਇਕਲ ਸਮੇਤ ਇਕ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਨਾਕਾਬੰਦੀ ਦੌਰਾਨ ਪੁਲਿਸ ਨੇ ਦੋ ਸ਼ੱਕੀ ਮੋਟਰ ਸਾਇਕਲ ਸਵਾਰ ਨੌਜਵਾਨਾਂ ਨੂੰ ਰੁਕਣ ਲਈ ਇਸ਼ਾਰਾ ਕੀਤਾ, ਜਿੰਨ੍ਹਾਂ ਵਿਚੋਂ ਇਕ ਮੋਟਰ ਸਾਇਕਲ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ, ਜਦਕਿ ਫੜ੍ਹੇ ਗਏ ਚੋਰ ਗਗਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ, ਵਾਸੀ ਜਲਾਲ ਉਸਮਾਂ ਨੂੰ ਪੁਲਿਸ ਨੇ ਮੋਟਰ ਸਾਇਕਲ ਸਮੇਤ ਫੜ੍ਹਨ ਵਿਚ ਕਾਮਯਾਬੀ ਹਾਸਿਲ ਕੀਤੀ। ਜਿਸ ਪਾਸੋਂ ਚੋਰੀ ਦਾ ਇਕ ਮੋਟਰ ਸਾਇਕਲ ਬਿਨਾਂ ਨੰਬਰ ਪਲੇਟ ਅਤੇ ਬਿਨਾਂ ਕਾਗਜ਼ਾਤ ਤੋਂ ਬਰਾਮਦ ਹੋਇਆ, ਫੜ੍ਹੇ ਗਏ ਮੋਟਰ ਸਾਇਕਲ ਚੋਰ ਵਲੋਂ ਭਗੋੜੇ ਦੀ ਪਹਿਚਾਣ ਨਿਸ਼ਾਨ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਸਠਿਆਲਾ ਵਜੋਂ ਦੱਸੀ ਜਾ ਰਹੀ ਹੈ। ਗ੍ਰਿਫਤਾਰ ਚੋਰ ਨੇ ਦੱਸਿਆ ਕਿ ਉੁਸਨੇ ਇਹ ਮੋਟਰ ਸਾਇਕਲ ਮੱਸਿਆ ਵਾਲੇ ਦਿਨ ਗੁ: ਬਾਬਾ ਬਕਾਲਾ ਸਾਹਿਬ ਦੇ ਸਾਹਮਣਿਉਂ ਜਲੇਬੀ ਵਾਲੀ ਦੁਕਾਨ ਪਾਸੋਂ ਚੁਰਾਇਆ ਸੀ। ਪੁਲਿਸ ਨੇ ਦੋਸ਼ੀ ਖਿਲਾਫ ਧਾਰਾ 379/411 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਦੋਸ਼ੀ ਨੂੰ ਮਾਣਯੋਗ ਐਸ.ਡੀ.ਜੇ.ਐਮ. ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕਰਕੇ ਚੋਰ ਨੂੰ ਜੇਲ੍ਹ ਭੇਜ ਦਿੱਤਾ ਹੈ।