ਰਾਮੁਪੁਰਾ ਫੂਲ, 28 ਮਈ (ਮਨਪ੍ਰੀਤ ਸਿੰਘ ਗਿੱਲ)- ਨੇੜਲੇ ਪਿੰਡ ਖੋਖਰ ਵਿਖੇ ਡੇਰਾ ਬਾਬਾ ਕਾਲੂ ਨਾਥ ਗਊਸ਼ਾਲਾ ਦੇ ਤੂੜੀ ਵਾਲੇ ਵੱਡੇ ਹਾਲ ਕਮਰੇ ਵਿਚ ਤੂੜੀ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਸਵੇਰੇ 5.40 ਵਜੇ ਫਾਇਰ ਬਿਗ੍ਰੇਡ ਰਾਮਪੁਰਾ ਫੂਲ ਦਫਤਰ ‘ਚ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਫਾਇਰ ਬਿਗ੍ਰੇਡ ਦੀਆਂ 2 ਗੱਡੀਆਂ ਮੌਕੇ ‘ਤੇ ਪਹੁੰਚੀਆਂ।ਅੱਗ ਲੱਗਣ ਦੀ ਸੂਚਨਾ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਪੀਕਰ ਵਿਚ ਵੀ ਦਿੱਤੀ ਗਈ। ਜਿਸ ਤੋਂ ਬਾਅਦ ਪਿੰਡਵਾਸੀ ਇਕੱਠੇ ਹੋ ਗਏ ਅਤੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵਿਚ ਜੁੱਟ ਗਏ। ਲਗਭਗ 7 ਘੰਟਿਆਂ ਦੀ ਜਦੋਜਹਿਦ ਬਾਅਦ 12.45 ਵਜੇ ਪਿੰਡ ਵਾਸੀਆਂ ਵਲੋਂ 2 ਫਾਇਰ ਬਿਗ੍ਰੇਡ ਅਤੇ 1 ਜੇ.ਸੀ.ਬੀ. ਮਸ਼ੀਨ ਰਾਹੀਂ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਪਿੰਡ ਦੇ ਸਰਪੰਚ ਸੁਰਜੀਤ ਸਿੰਘ ਅਤੇ ਪੰਚਾਇਤ ਮੈਂਬਰ ਜਗਸੀਰ ਕੁਮਾਰ ਨੇ ਦੱਸਿਆ ਕਿ ਇਸ ਕਮਰੇ ਵਿਚ 450 ਟਰਾਲੀਆਂ ਤੂੜੀ ਸੀ ਜਿਸ ਵਿਚੋਂ ਲਗਭਗ 100 ਟਰਾਲੀਆਂ ਤੂੜੀ ਸੜ ਗਈ ਪਰ ਕਿਸੇ ਪਸ਼ੂ ਜਾਂ ਇਨਸਾਨ ਦੀ ਜਾਨ ਦਾ ਨੁਕਸਾਨ ਨਹੀਂ ਹੋਇਆ ਪਰ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ ਅੱਗ ਬੁਝਾਉਣ ਲਈ ਪਹੁੰਚੀਆਂ ਗੱਡੀਆਂ ਵਿਚੋਂ ਅੱਗ ਬੁਝਾਉਣ ਵੇਲੇ ਇਕ ਨਵੀਂ ਗੱਡੀ ਜਿਸ ਦਾ ਆਰਜੀ ਨੰਬਰ ਫਭ65 ਅਧ (ਠ) 7973 ਹੈ ਜੋ ਤਕਰੀਬਨ 20 ਦਿਨ ਪਹਿਲਾ ਹੀ ਰਾਮਪੁਰਾ ਫੂਲ ਫਾਈਰ ਬਿਗ੍ਰੇਡ ਨੂੰ ਸੋਪੀ ਸੀ ਜਿਸ ਦਾ ਗੇਅਰ ਫਸ ਜਾਣ ਕਾਰਨ ਕਾਫੀ ਸਮਾਂ ਉਹ ਚਾਲੂ ਨਾ ਹੋ ਸਕੀ ਜਿਸ ਨਾਲ ਅੱਗ ਬੁਝਾਉਣ ‘ਚ ਹੋਰ ਦੇਰੀ ਹੋਈ।ਰਾਮਪੁਰਾ ਫੂਲ ਦੀ ਇਸ ਗੱਡੀ ਦੀ ਦੂਜੀ ਵਾਰ ਵਰਤੋਂ ਕੀਤੀ ਗਈ ਸੀ ਇਸ ਤੋਂ ਪਹਿਲਾਂ ਰਾਮਪੁਰਾ ਬੱਸ ਅਗਨੀ ਕਾਂਡ ਵੇਲੇ ਵੀ ਇਸ ਗੱਡੀ ‘ਤੇ ਕਈ ਸਵਾਲ ਖੜੇ ਹੋਏ ਸਨ।
ਫਾਇਰਬਿਗ੍ਰੇਡ ਗੱਡੀਆਂ ਦੀ ਕੁਆਲਟੀ ਸ਼ੱਕ ਦੇ ਘੇਰੇ ਵਿੱਚ- ਜਿਕਰਯੋਗ ਹੈ ਕਿ ਜਿਸ ਗੱਡੀ ਦਾ ਗੇਅਰ ਅੜਣ ਨਾਲ ਅੱਗ ਬੁਝਾਉਣ ਵਿੱਚ ਦੇਰੀ ਹੋਈ ਇਹ ਗੱਡੀ ਉਹਨਾਂ ਗੱਡੀਆਂ ਵਿਚੋਂ ਇੱਕ ਹੈ ਜੋ ਇਕ ਸਾਲ ਪਹਿਲਾਂ ਮਈ 2016 ਵਿਚ ਉਸ ਸਮੇਂ ਦੀ ਅਕਾਲੀ ਸਰਕਾਰ ਨੇ 96 ਗੱਡੀਆਂ ਟਾਟਾ ਕੰਪਨੀ ਤੋਂ ਖਰੀਦੀਆਂ ਸਨ ਅਤੇ ਉਸ ਦੌਰਾਨ ਭਾਜਪਾ ਦੇ ਅਨਿਲ ਜੋਸੀ ਸਥਾਨਕ ਸਰਕਾਰਾਂ ਦੇ ਮੰਤਰੀ ਸਨ। ਦੱਸਣਾ ਬਣਦਾ ਹੈ ਕਿ ਉਸ ਸਮੇਂ ਤੋਂ ਹੀ ਇਨਾਂ ਗੱਡੀਆਂ ਵਿਚ ਤਕਨੀਕੀ ਖਾਮੀਆਂ ਪਾਈਆਂ ਜਾ ਰਹੀਆਂ ਹਨ ਇਨਾਂ ਦੀ ਕਾਰਗੁਜਾਰੀ ‘ਤੇ ਸਵਾਲੀਆ ਚਿੰਨ ਲਗਦੇ ਰਹੇ ਹਨ।