ਸਰਦੂਲਗੜ੍ਹ-ਮਾਨਸਾ ਸੜਕ ਮੂੱਖ ਦੇ ਵਿਚਕਾਰ ਪਲਟੀ ਫੂਸੇ ਵਾਲੀ ਟਰਾਲੀ ਨੇ ਕੀਤੀ ਸੜਕ ਜਾਮ

image ਸਰਦੂਲਗੜ੍ਹ, 28 ਮਈ (ਬਲਜੀਤ ਪਾਲ)- ਸਰਦੂਲਗੜ੍ਹ ਮਾਨਸਾ ਮੁੱਖ ਸੜਕ ’ਤੇ ਘੱਗਰ ਦੇ ਪੁਲ ਤੋਂ ਦੋ ਕੁ ਸੌ ਮੀਟਰ ਦੂਰ ਵਾਇਆ  ਭੂੰਦੜ ਹਰਿਆਣਾ ਵੱਲ ਜਾਂਦੀ ਅੰਤਰ ਰਾਜੀ ਸੜਕ ਦੇ ਸਾਹਮਣੇ ਫੂਸੇ ਨਾਲ ਭਰੀ ਇੱਕ ਟਰਾਲੀ ਦੇ ਸੜਕ ਦੇ ਵਿਚਕਾਰ ਪਲਟ ਜਾਣ ਕਾਰਨ 19 ਘੰਟੇ ਦੇ ਕਰੀਬ  ਆਵਜਾਈ ਪ੍ਰਭਾਵਿਤ ਰਹੀ । ਸੜਕ ਪੂਰੀ ਤਰ੍ਹਾਂ ਬੰਦ ਹੋ ਜਾਣ ਕਾਰਨ ਸਿਰਸੇ  ਤੋਂ ਪੰਜਾਬ ਆਉਣ ਅਤੇ ਇੱਧਰੋਂ ਹਰਿਆਣਾ ਵੱਲ ਜਾਣ ਵਾਲੇ ਵਾਹਨ ਰੁਕ  ਰੁਕ ਕੇ ਤੁਰਦੇ ਰਹੇ। ਜਦੋਂ ਸਥਾਨਕ ਪ੍ਰਸਾਸ਼ਨ ਦੀ ਸੁਸਤੀ ਕਾਰਨ ਕਈ ਘੰਟੇ ਆਵਾਜਾਈ ਬਹਾਲ ਨਾ ਹੋਈ ਤਾਂ ਵਾਹਨ ਚਾਲਕਾਂ ਨੇ ਸੜਕ ਕਿਨਾਰੇ ਖੜ੍ਹੇ ਦਰਖ਼ਤਾਂ ਅਤੇ ਨੇੜਲੀਆਂ ਦੁਕਾਨਾਂ ਅੱਗੋਂ ਸਮਾਨ ਆਦਿ ਪਾਸੇ ਕਰਕੇ ਆਰਜੀ ਰਸਤਾ ਲੱਭਿਆ। ਜ਼ਿਕਰਯੋਗ ਸਰਦੂਲਗੇਵਾਲਾ ਤੋਂ ਜੈਪੁਰ ਜਾ ਰਹੀ ਤੂੜੀ ਦੀ ਇਹ ਟਰਾਲੀ ਸਰਦੂਲੇਵਾਲਾ ਪਿੰਡ ਤੋਂ ਭਰੀ ਗਈ ਸੀ। ਰਾਤ ਦੇ ਦਸ ਵਜੇ ਹੀ ਇਹ ਟਰਾਲੀ ਪਲਟ ਗਈ ਸੀ। ਸਵੇਰੇ ਦਸ ਵਜੇ ਟਰਾਲੀ ਦੇ ਮਾਲਕਾ ਨੇ ਇੱਕ ਹੋਰ ਟਰਾਲੀ ਲਿਆ ਕੇ ਤੂੜੀ ਭਰਨੀ ਸ਼ੁਰੂ ਕੀਤੀ। ਸ਼ਾਮ ਦੇ ਪੰਜ ਵਜੇ ਖ਼ਬਰ ਲਿਖੇ ਜਾਣ ਤੱਕ ਵੀ ਸੜਕ ਬੰਦ ਸੀ ਅਤੇ ਤੂੜੀ ਵਾਲੀਆਂ ਦੋ ਟਰਾਲੀਆਂ ਸੜਕ ਦੇ ਵਿਚਕਾਰ ਸਨ । ਟ੍ਰੈਫਿਕ ਵਿਭਾਗ ਦੇ ਇੱਕ ਕਰਮਚਾਰੀ ਨੇ ਕਿਹਾ ਅਸੀਂ ਓਵਰਲੋਡ ਇਸ ਟਰਾਲੀ ਦਾ ਕੋਈ ਚਲਾਨ ਤਾਂ ਨਹੀਂ ਕੀਤਾ ਪਰ ਅਸੀਂ ਮੌਕੇ ’ਤੇ ਮੌਜੂਦ ਟਰੈਕਟਰ ਚਾਲਕ ਅਤੇ ਹੋਰਨਾਂ ਨੂੰ ਜਲਦੀ ਨਾਲ ਸੜਕ ਚਾਲੂ ਕੀਤੇ ਜਾਣ ਦੀ ਗੱਲ ਜਰੂਰ ਕਹੀ ਸੀ। ਇਸ ਰਸਤੇ ਕਈ ਚੱਕਰ ਲਗਾਉਣ ਵਾਲੀਆਂ ਬੱਸਾਂ ਦੇ ਚਾਲਕਾਂ ਅਤੇ ਹੋਰ ਵਾਹਨ ਚਾਲਕਾਂ ਨੇ ਕਿਹਾ ਕਿ ਅੱਜ ਦਿਨ ਭਰ ਬਹੁਤ ਪ੍ਰਸ਼ਾਨੀ ਰਹੀ। ਕੱਚੇ ਅਤੇ ਭੀੜੇ ਰਸਤੇ ਕਾਰਨ ਵਾਰ ਵਾਰ ਜਾਂਮ ਲੱਗਣ ਕਰਕੇ ਕਾਫੀ ਦੇਰੀ ਹੁੰਦੀ ਰਹੀ। ਕਿਸੇ ਵੀ ਪੁਲੀਸ ਕਰਮਚਾਰੀ ਨੇ ਰਸਤਾ ਖੁੱਲ੍ਹਵਾਉਣ ਲਈ ਮੱਦਦ ਨਹੀਂ ਕੀਤੀ। ਅਵਾਜਾਈ ਦਾ ਆਰਜੀ ਕੱਚਾ ਰਸਤਾ ਬਣਾਏ ਜਾਣ ਉਡਦੀ ਧੂੜ ਕਾਰਨ ਦੁਕਾਨਦਾਰ ਵੀ ਕਾਫੀ ਪ੍ਰੇਸ਼ਾਨ ਰਹੇ।

Send this to a friend