ਬੀਕੇਯੂ ਸਿੱਧੂਪੁਰ ਵੱਲੋਂ ਐਸਐਸਪੀ ਦਫ਼ਤਰ ਅੱਗੇ ਧਰਨਾ ਦੇਣ ਦੀ ਧਮਕੀ

image ਸੰਗਰੂਰ, 28 ਮਈ (ਹਰਜੀਤ ਸਿੰਘ ਹਸਨਪੁਰੀ)- ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਨੇ ਪਿੰਡ ਜਲੂਰ ਵਿਚ ਰਾਖਵੀਂ ਪੰਚਾਇਤੀ ਜ਼ਮੀਨ ਦੀ ਬੋਲੀ ਮੌਕੇ ਵਾਪਰੀ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ। ਯੂਨੀਅਨ ਵਲੋਂ ਘਟਨਾ ਲਈ ਜਿਥੇ ਪ੍ਰਸ਼ਾਸਨ ਦੀ ਢਿੱਲ ਮੱਠ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਥੇ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦਲਿਤ ਵਰਗ ਦੇ ਪੰਜ ਵਰਕਰਾਂ ਖ਼ਿਲਾਫ਼ ਦਰਜ ਕੀਤੇ ਕੇਸ ਵਿਚ ਇਰਾਦਾ ਕਤਲ ਦੇ ਦੋਸ਼ ਦਾ ਵਾਧਾ ਕਰ ਕੇ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਕਿਸਾਨ ਜਥੇਬੰਦੀ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਅਜਿਹਾ ਨਾ ਹੋਇਆ ਤਾਂ ਕਿਸਾਨ ਯੂਨੀਅਨ ਵੱਲੋਂ 6 ਜੂਨ ਨੂੰ ਜ਼ਿਲਾ ਪੁਲੀਸ ਮੁਖੀ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਇਥੇ ਗੁਰਦੁਆਰਾ ਮਹਿਲ ਮੁਬਾਰਕ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੀ ਅਹਿਮ ਮੀਟਿੰਗ ਜ਼ਿਲਾ ਪ੍ਰਧਾਨ ਬਿਕਰਮਜੀਤ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਆਗੂ ਵਾਰ ਵਾਰ ਪ੍ਰਸ਼ਾਸਨ ਪਾਸੋਂ ਇਹ ਮੰਗ ਕਰਦੇ ਆ ਰਹੇ ਸਨ ਕਿ ਜ਼ਮੀਨ ਦੀ ਬੋਲੀ ਤੋਂ ਪਹਿਲਾਂ ਪਿਛਲੇ ਸਾਲ ਜ਼ਮੀਨ ਲੈਣ ਵਾਲੇ ਦਲਿਤ ਕਿਸਾਨ ਦੀ ਫ਼ਸਲ ਦਾ ਜੋ ਨੁਕਸਾਨ ਹੋਇਆ ਸੀ ਉਸ ਨੂੰ ਕਣਕ ਅਤੇ ਤੂੜੀ ਦਿਵਾਈ ਜਾਵੇ ਪਰੰਤੂ ਪ੍ਰਸ਼ਾਸਨ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਚੁੱਪ ਚੁਪੀਤੇ 26 ਮਈ ਦੀ ਬੋਲੀ ਰੱਖ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਬੰਧਤ ਬੋਲੀਕਾਰ ਕਿਸਾਨ ਦੇ ਹੱਕ ਵਿਚ 22 ਮਈ ਨੂੰ ਰੋਸ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਸੀ ਪਰੰਤੂ ਪ੍ਰਸ਼ਾਸਨ ਵਲੋਂ ਦਿੱਤੇ ਭਰੋਸੇ ਕਾਰਨ ਕਿਸਾਨ ਜਥੇਬੰਦੀ ਵਲੋਂ ਧਰਨਾ ਮੁਲਤਵੀ ਕਰ ਦਿੱਤਾ ਸੀ। ਜਥੇਬੰਦੀ ਵਲੋਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਸੁਚੇਤ ਕੀਤਾ ਗਿਆ ਸੀ ਕਿ ਪਰੰਤੂ ਬੋਲੀ ਮੌਕੇ ਮੌਜੂਦ ਪੁਲੀਸ ਅਧਿਕਾਰੀਆਂ ਦੇ ਢਿੱਲੇ ਪ੍ਰਬੰਧਾਂ ਦੀ ਬਦੌਲਤ ਦੋਵੇਂ ਧਿਰਾਂ ਆਪਸ ਵਿਚ ਭਿੜ ਗਈਆਂ। ਉਨ੍ਹਾਂ ਮੰਗ ਕੀਤੀ ਕਿ ਬੋਲੀ ਮੌਕੇ ਘਟਨਾ ਨੂੰ ਅੰਜਾਮ ਦੇਣ ਲਈ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਕੇਸ ਵਿਚ ਇਰਾਦਾ ਕਤਲ ਦੇ ਦੋਸ਼ ਦਾ ਵਾਧਾ ਕੀਤਾ ਜਾਵੇ। ਜੇ ਪ੍ਰਸ਼ਾਸਨ ਵਲੋਂ ਅਜਿਹਾ ਨਾ ਕੀਤਾ ਗਿਆ ਤਾਂ 6 ਜੂਨ ਨੂੰ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਅੱਗੇ ਵੱਡੀ ਗਿਣਤੀ ਵਿਚ ਕਿਸਾਨ ਰੋਸ ਧਰਨਾ ਦੇਣਗੇ। ਮੀਟਿੰਗ ਨੂੰ ਕਾਕਾ ਸਿੰਘ ਕੋਟੜਾ, ਮਾਨ ਸਿੰਘ ਰਾਜਪੁਰਾ, ਗੁਰਬਖ਼ਸ ਸਿੰਘ ਬਲਵੇੜ੍ਹਾ, ਰੇਸ਼ਮ ਸਿੰਘ ਯਾਤਰੀ, ਗੁਰਮੀਤ ਸਿੰਘ, ਤੇਜ ਸਿੰਘ, ਬਲਦੇਵ ਸਿੰਘ ਬਠਿੰਡਾ, ਉਗਰ ਸਿੰਘ ਮਾਨਸਾ, ਜਸਵੰਤ ਸਿੰਘ ਜੰਡਿਆਲੀ, ਰਣ ਸਿੰਘ ਚੱਠਾ, ਹਰਜੀਤ ਸਿੰਘ ਜਲੂਰ, ਮੰਗੂ ਸਿੰਘ ਜਲੂਰ, ਗੁਰਲਾਲ ਸਿੰਘ ਜਲੂਰ ਆਦਿ ਸ਼ਾਮਲ ਹੋਏ।

Send this to a friend