ਹਰਿਆਣਾ ਤੋਂ ਸਸਤੀ ਸ਼ਰਾਬ ਲਿਆ ਕੇ ਮਹਿੰਗੀ ਵੇਚਣ ਵਾਲਾ ਗਿਰੋਹ ਬਰਨਾਲਾ ਪੁਲਿਸ ਨੇ ਕੀਤਾ ਕਾਬੂ

image ਬਰਨਾਲਾ, 23 ਮਈ (ਨਿਰਮਲ ਸਿੰਘ ਪੰਡੋਰੀ)- ਬਰਨਾਲਾ ਪੁਲਿਸ ਨੇ ਨਸ਼ੇ ਦੇ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਦੇ ਗੁਆਂਢੀ ਰਾਜਾਂ ਤੋਂ ਸਸਤੀ ਸ਼ਰਾਬ ਲਿਆ ਕੇ ਇੱਧਰ ਮਹਿੰਗੀ ਵੇਚਣ ਵਾਲੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਬਲਜੋਤ ਸਿੰਘ ਰਾਠੌਰ ਨੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਉਕਤ ਗਿਰੋਹ ਦੇ ਮੈਂਬਰਾਂ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕਰਨ ਸਮੇਂ ਦੱਸਿਆ ਕਿ ਸਵਰਨ ਸਿੰਘ ਖੰਨਾ ਐਸਪੀ (ਡੀ), ਸੁਰਿੰਦਰਪਾਲ ਸਿੰਘ ਐਸਪੀ ( ਐਚ) ਅਤੇ ਸਹਾਇਕ ਥਾਣੇਦਾਰ ਪ੍ਰਿਤਪਾਲ ਸਿੰਘ ਇੰਚਾਰਜ ਐਕਸਾਈਜ ਸੈੱਲ ਬਰਨਾਲਾ ਨੇ ਇੱਕ ਮੁਖ਼ਬਰੀ ਦੇ ਆਧਾਰ ਤੇ ਸਾਂਝੇ ਸਰਚ ਅਪਰੇਸ਼ਨ ਦੌਰਾਨ ਉਕਤ ਗਿਰੋਹ ਨੂੰ ਕਾਬੂ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਦੋਸ਼ੀ ਲਖਵਿੰਦਰ ਸਿੰਘ ਉਰਫ਼ ਦੁੱਲਾ ਪੁੱਤਰ ਜਸਮੇਲ ਸਿੰਘ,ਸੁਖਵੀਰ ਸਿੰਘ ਸੁੱਖੀ ਪੁੱਤਰ ਜਗਰੂਪ ਸਿੰਘ,ਅੰਮ੍ਰਿਤਪਾਲ ਸਿੰਘ ਪੁੱਤਰ ਤੇਜਾ ਸਿੰਘ,ਲਖਵੀਰ ਸਿੰਘ ਲੱਖੀ ਪੁੱਤਰ ਜਗਰੂਪ ਸਿੰਘ, ਮਨਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ( ਸਾਰੇ ਵਾਸੀ ਚੀਮਾ ) ਅਤੇ ਹੁਕਮ ਸਿੰਘ ਨੀਟਾ ਪੁੱਤਰ ਸੁਰਜਨ ਸਿੰਘ ਵਾਸੀ ਸੁਖਪੁਰਾ ਨੇ ਰਲ ਕੇ ਇੱਕ ਗਿਰੋਹ ਬਣਾਇਆ ਹੋਇਆ ਹੈ ਜੋ ਹਰਿਆਣਾ ਤੋਂ 650 ਰੂਪੈ ਸ਼ਰਾਬ ਦਾ ਡੱਬਾ ਲਿਆ ਕੇ 1100/1200 ਦੇ ਹਿਸਾਬ ਨਾਲ ਵੇਚਦੇ ਸਨ ਅਤੇ ਸਰਕਾਰ ਨੂੰ ਭਾਰੀ ਚੂਨਾ ਲਗਾ ਰਹੇ ਸਨ। ਉਕਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਸਮੇਂ 90 ਡੱਬੇ ਠੇਕਾ ਸ਼ਰਾਬ ਦੇਸੀ ਮਾਰਕਾ ਰਸੀਲਾ ਸੰਤਰਾ ਹਰਿਆਣਾ ਅਤੇ ਸ਼ਰਾਬ ਲਿਆਉਣ ਤੇ ਪਿੰਡਾਂ ਵਿੱਚ ਸਪਲਾਈ ਕਰਨ ਲਈ ਵਰਤੀਆਂ ਜਾਂਦੀਆਂ ਗੱਡੀਆਂ ਪੀਬੀ 04-ਆਰ 4486 ਸਵਿਫ਼ਟ ਕਾਰ,ਪੀਬੀ 19 ਐਚ 5768 ਛੋਟਾ ਹਾਥੀ ਅਤੇ ਪੀਬੀ 10 ਏਐਫ 6182 ਨੂੰ ਵੀ ਕਬਜ਼ੇ ਵਿੱਚ ਲਿਆ ਹੈ। ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 53 ਮਿਤੀ 22-5-2017 ਅ/ਧ 61/01/14 ਆਬਕਾਰੀ ਐਕਟ ਅਧੀਨ ਦਰਜ ਕੀਤਾ ਗਿਆ ਹੈ। ਇਸਤੋਂ ਇਲਾਵਾ ਥਾਣਾ ਰੂੜੇਕੇ ਦੇ ਸਹਾਇਕ ਥਾਣੇਦਾਰ ਗੁਰਸੇਵਕ ਸਿੰਘ ਨੇ ਮੁਖ਼ਬਰੀ ਦੇ ਅਧਾਰ ਤੇ  ਬੂਟਾ ਸਿੰਘ ਪੁੱਤਰ ਨੇਕ ਸਿੰਘ ਵਾਸੀ ਪੱਖੋ ਕਲਾਂ ਦੇ ਰਿਹਾਇਸ਼ੀ ਘਰੋਂ ਰੇਡ ਕਰਕੇ 7 ਡੱਬੇ ਠੇਕਾ ਸ਼ਰਾਬ ਦੇਸੀ ਮਾਰਕਾ ਜਲਵਾ ਬਰਾਮਦ ਕਰਕੇ ਮੁਕੱਦਮਾ ਨੰਬਰ 41 ਮਿਤੀ 10-5-2017 ਅ/ਧ 61/01/14 ਆਬਕਾਰੀ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ।

Send this to a friend