ਐਨੇ ਮਾੜੇ ਹਾਲਾਤਾਂ ’ਚ ਚੰਗੇ ਨਤੀਜੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ…?

image ਬਰਨਾਲਾ/ਸ਼ਹਿਣਾ, 20 ਮਈ (ਨਿਰਮਲ ਸਿੰਘ ਪੰਡੋਰੀ, ਗੁਰਮੀਤ ਸਿੰਘ ਬਰਨਾਲਾ)- ਰਾਈਟ-ਟੂ-ਐਜੂਕੇਸ਼ਨ ਅਨੁਸਾਰ ਭਾਵੇਂ ਕਿਸੇ ਵੀ ਪ੍ਰਾਇਮਰੀ ਸਕੂਲ ’ਚ ਸਿੰਗਲ ਟੀਚਰ ਨਹੀਂ ਹੋਣਾ ਚਾਹੀਦਾ, ਫਿਰ ਵੀ ਇਕੱਲੇ ਸ਼ਹਿਣਾ ਬਲਾਕ ਦੇ 8 ਪ੍ਰਾਇਮਰੀ ਸਕੂਲਾਂ ’ਚ ਸਿਰਫ਼ ਇੱਕ-ਇੱਕ ਹੀ ਅਧਿਆਪਕ ਹੈ। ਇਸ ਸਬੰਧੀ ਬਲਾਕ ਸ਼ਹਿਣਾ ਦੇ ਸਿੰਗਲ ਟੀਚਰ ਸਕੂਲਾਂ ਸਪ੍ਰਸ ਸੰਧੂ ਕਲਾਂ, ਸਪ੍ਰਸ ਕੋਠੇ ਖਿਉਣ ਸਿੰਘ, ਸਪ੍ਰਸ ਕੋਠੇ ਭਾਨ(ਛੰਨਾਂ ਰੋਡ),ਸਪ੍ਰਸ ਲੀਲੋ ਕੋਠੇ,ਸਪ੍ਰਸ ਜੰਡਸਰ, ਸਪ੍ਰਸ ਕਰਮਪੁਰਾ,ਸਪ੍ਰਸ ਕੋਠੇ ਅਮਰ ਸਿੰਘ,ਸਪ੍ਰਸ ਮੌੜ ਮਕਸੂਥਾਂ ਦੇ ਅਧਿਆਪਕਾਂ ਦਾ ਇੱਕ ਵਫ਼ਦ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਬੀ.ਪੀ.ਈ ਓ.ਸ਼ਹਿਣਾ ਹਾਕਮ ਸਿੰਘ ਨੂੰ ਮਿਲਿਆ। ਵਫ਼ਦ ਚ ਸ਼ਾਮਿਲ ਸੁਰਜੀਤ ਵਿਧਾਤੇ ਤੇ ਰਾਜਨ ਰਾਜਿੰਦਰ  ਨੇ ਦੱਸਿਆ ਕਿ ਉਹ ਪਿਛਲੇ 10-10 ਸਾਲਾਂ ਤੋਂ ਇੱਕ ਹੀ ਸਕੂਲ ਚ ਕੰਮ ਕਰ ਰਹੇ ਹਨ,ਸਿੰਗਲ ਟੀਚਰ ਹੋਣ ਕਾਰਨ ਉਹਨਾਂ ਨੂੰ  ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਪੰਜਾਂ ਜਮਾਤਾਂ ਨੂੰ ਇਕੱਲਿਆ ਹੀ ਪੜ੍ਹਾਉਣਾ ਪੈ ਰਿਹਾ ਹੈ, ਜਿਸ ਕਰਕੇ ਪੰਜ ਜਮਾਤਾਂ ਦਾ ਸਿਲੇਬਸ ਪੂਰਾ ਕਰਵਾਉਣ ਤੋਂ ਬਿਨਾਂ ਉਹ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਹੋਰ ਗਤੀਵਿਧੀਆਂ ਕਰਵਾਉਣ ਤੋਂ ਅਸਮਰੱਥ ਹੁੰਦੇ ਹਨ। ਮੈਡਮ ਕਰਮਜੀਤ ਸ਼ਹਿਣਾ  ਤੇ ਜਸਵੀਰ ਕੌਰ ਮੌੜ ਮਕਸੂਥਾਂ ਨੇ ਦੱਸਿਆ ਕਿ ਉਹਨਾਂ ਨੂੰ ਇਕੱਲਿਆਂ ਖੇਤਾਂ ’ਚ ਸਥਿਤ ਆਪਣੇ ਸਕੂਲ ਜਾਣ ’ਚ ਬਹੁਤ ਮੁਸ਼ਕਿਲ  ਆਉਂਦੀ ਹੈ,ਕਿਉਂਕਿ ਜਿੱਥੇ ਰਾਹ ਸੁੰਨੇ ਹਨ ਉੱਥੇ ਕੋਈ ਬੱਸ ਸਰਵਿਸ ਵੀ ਨਹੀਂ ਹੈ ਜਿਸ ਕਰਕੇ ਉਹਨਾਂ ਨੂੰ ਜਾਣ ਸਮੇਂ ਅਸੁਰੱਖਿਅਤ ਰਸਤੇ ਰਾਹੀਂ ਜਾਣਾ ਪੈਂਦਾ ਹੈ ਅਤੇ ਹਰ ਸਮੇਂ ਕਿਸੇ ਅਣਸੁਖਾਂਵੀ ਘਟਨਾ ਦਾ ਡਰ ਬਣਿਆ ਰਹਿੰਦਾ ਹੈ ਅਤੇ ਵਿਭਾਗ ਵੱਲੋਂ ਤੁਰੰਤ ਡਾਕ ਦੇਣ ਜਾਣ ਸਮੇਂ ਇਕੱਲੇ ਬੱਚਿਆਂ ਨੂੰ ਛੱਡ ਕੇ ਜਾਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ।ਪਰਗਟ ਸਿੰਘ ਤੇ ਸਿਕੰਦਰ ਅਲੀ ਨੇ ਦੱਸਿਆ ਕਿ ਉਹਨਾਂ ਕੋਲ 60 ਤੋਂ ਉੱਪਰ ਬੱਚੇ ਹੋਣ ਤੇ ਵੀ ਉਹ ਸਕੂਲ ’ਚ ਪਿਛਲੇ ਲੰਮੇ ਸਮੇਂ ਤੋਂ ਸਿੰਗਲ ਟੀਚਰ ਹਨ।ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਹਿਲੀ ਨਿਯੁਕਤੀ 2008 ਤੋਂ ਇੱਕ ਹੀ ਸਕੂਲ ’ਚ ਨੌਕਰੀ ਕਰ ਰਿਹਾ ਹੈ,ਸਿੰਗਲ ਟੀਚਰ ਹੋਣ ਕਾਰਣ ਬਦਲੀ ਦੀ ਕੋਈ ਆਸ ਨਾ ਦਿਸਦੀ ਦੇਖ ਉਸਨੂੰ ਲਗਦਾ ਹੈ ਕਿ ਇਸੇ ਸਕੂਲ ਚ‘ ਹੀ ਉਸਦੀ ਰਿਟਾਇਰਮੈਂਟ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਪ੍ਰਗਟ ਸਿੰਘ ਪਿਛਲੇ 9 ਸਾਲਾਂ ਤੋਂ ਨਾਭੇ ਤੋਂ ਭਦੌੜ ਲੱਗਭੱਗ 226 ਕਿਲੋਮੀਟਰ ਆਉਣ -ਜਾਣ ਦਾ ਸਫ਼ਰ ਤੈਅ ਕਰ ਰਿਹਾ  ਹੈ, ਜਿਸ ਨਾਲ ਉਹ ਮਾਨਸਿਕ ਤੇ ਸਰੀਰਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਹੈ।ਸਪ੍ਰਸ ਕਰਮਪੁਰਾ ਦੇ ਅਧਿਆਪਕ ਹਰਜਿੰਦਰ ਭੱਟੀ ਨੇ ਦੱਸਿਆ ਕਿ ਘਰ ਵਿੱਚ ਉਸਦੇ ਮਾਤਾ-ਪਿਤਾ, ਭਰਾ ਦੇ ਭਿਆਨਕ ਬਿਮਾਰੀ ਤੋਂ ਪੀੜਿਤ ਹੋਣ ਦੇ ਬਾਵਜੂਦ ਉਹ ਸਿੰਗਲ ਟੀਚਰ ਹੋਣ ਕਾਰਣ ਆਪਣੇ ਬਣਦੇ ਹੱਕ ਮੁਤਾਬਿਕ ਇੱਕ ਤਿਹਾਈ ਜਾਂ ਅੱਧੇ ਦਿਨ ਦੀ ਛੁੱਟੀ ਨਹੀਂ ਲੈ ਸਕਦਾ ਅਤੇ ਨਾ ਹੀ ਉਹ ਅਚਨਚੇਤ ਘਰ ’ਚ ਢਿੱਲ -ਮੱਠ ਹੋਣ ਤੇ ਬੱਚਿਆਂ ਨੂੰ ਇਕੱਲੇ ਛੱਡ ਕੇ ਜਾ ਸਕਦਾ ਹੈ। ਪਲਵਿੰਦਰ ਸਿੰਘ ਸਪ੍ਰਸ ਕੋਠੇ ਖਿਉਣ ਸਿੰਘ ਨੇ ਦੱਸਿਆ ਕਿ ਸਿੰਗਲ ਟੀਚਰ ਹੋਣ ਕਾਰਣ ਉਹ ਬੱਚਿਆ ਨੂੰ ਖੇਡਾਂ, ਸਭਿਆਚਾਰਕ ਮੁਕਾਬਲਿਆਂ ਆਦਿ ’ਚ ਚਾਹੁੰਦੇ ਹੋਏ ਵੀ ਸਕੂਲ ਖਾਲੀ ਛੱਡ ਕੇ ਨਹੀਂ ਲਿਜਾ ਪਾਉਂਦਾ ਜਿਸ ਕਰਕੇ ਬੱਚਿਆਂ ਦਾ ਮੁਕਾਬਲੇ ਚ ਹਿੱਸਾ ਲੈਣਾ ਇੱਕ ਸੁਪਨਾ ਬਣ ਕੇ ਰਹਿ ਜਾਂਦਾ ਹੈ ਤੇ ਉਹ ਛੇਵੀਂ ਜਮਾਤ ’ਚ ਜਾਣ ਤੋਂ ਬਾਅਦ ਵੀ ਫਿਰ ਕਿਸੇ ਮੁਕਾਬਲੇ ਦਾ ਹਿੱਸਾ ਬਣਨ ਤੋਂ ਘਬਰਾਉਂਦੇ ਰਹਿੰਦੇ ਹਨ।ਅੰਤ ’ਚ ਵਫ਼ਦ ਨੇ ਬੀ.ਪੀ.ਈ.ਓ.ਨੂੰ ਮੰਗ ਪੱਤਰ ਦੇ ਕੇ ਉਹਨਾਂ ਦੇ ਸਕੂਲਾਂ ’ਚ ਅਧਿਆਪਕ ਭੇਜਣ ਦੀ ਮੰਗ ਕੀਤੀ ਅਤੇ ਆ ਰਹੀਆਂ ਹੋਰ ਮੁਸ਼ਕਲਾਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ। ਬੀ.ਪੀ.ਈ.ਓ. ਹਾਕਮ ਸਿੰਘ ਨੇ ਆਪਣੇ ਪੱਧਰ ਦੀਆਂ ਸਮੱਸਿਆਵਾਂ ਦੇ ਹੱਲ ਤੁਰੰਤ ਕਰਨ ਲਈ ਕਿਹਾ ਅਤੇ ਅਧਿਆਪਕ ਭੇਜਣ ਸਬੰਧੀ ਉੱਚ -ਅਧਿਕਾਰੀਆਂ ਦੇ ਮਸਲਾ ਧਿਆਨ ’ਚ ਲਿਆਉਣ ਦਾ ਭਰੋਸਾ ਦਿੱਤਾ । ਇਸ ਗੱਲ ਦਾ ਵੀ ਪਤਾ ਲੱਗਿਆ ਹੈ ਕਿ ਜੰਡਸਰ ਅਤੇ ਕੋਠੇ ਲੀਲੋਂ ਪਹਿਲਾਂ ਇੱਕ ਤੋਂ ਵੱਧ ਟੀਚਰ ਸਨ ਜਿਨਾਂ ਦੀ ਬਦਲੀ ਸੰਬੰਧੀ ਬਣੇ ਨਿਯਮਾਂ ਨੂੰ ਛਿੱਕੇ ਟੰਗ ਕੇ ਬਦਲੀ ਕੀਤੀ ਗਈ ਹੈ। ਉਕਤ ਸਕੂਲਾਂ ਦੇ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਕਈ ਵਾਰ ਆਪਣੀਆ ਸਮੱਸਿਆਵਾਂ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀਆਂ ਹਨ ਪ੍ਰੰਤੂ ਕਿਸੇ ਨੇ ਸਾਡੀ ਗਾਲ ਨਾ ਸੁਣੀ। ਇਸ ਸੰਬੰਧੀ ਡਿਪਟੀ ਡੀਈਓ ਸਰਬਸੁਖਜੀਤ ਸਿੰਘ ਨੇ ਕਿਹਾ ਕਿ 1-30 ਦੀ ਰੇਸ਼ੋ ਮੁਤਾਬਕ ਘੱਟ ਗਿਣਤੀ ਵਾਲੇ ਸਕੂਲਾਂ ਵਿੱਚ ਟੀਚਰ ਨਹੀਂ ਭੇਜਿਆ ਜਾ ਸਕਦਾ ਪ੍ਰੰਤੂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਇਸ ਗੱਲ ਦਾ ਕੀ ਜਵਾਬ ਹੈ ਕਿ ਜਦੋਂ ਇਨ੍ਹਾਂ ਸਕੂਲਾਂ ਦੇ ਸਿੰਗਲ ਟੀਚਰ ਡੀਈਓ ਦਫਤਰ ਦੇ ਤੁਰੰਤ ਡਾਕ ਪਹੁੰਚਾਉਣ ਦੇ ਹੁਕਮਾਂ ਤੇ ਅਮਲ ਕਰਦੇ ਹੋਏ ਇਕੱਲੇ ਬੱਚਿਆਂ ਨੂੰ ਛੱਡ ਕੇ ਡਾਕ ਦੇਣ ਜਾਂਦੇ ਹੋਣਗੇ ਤਾਂ ਪਿੱਛੇ ਬੱਚਿਆਂ ਦੀ ਜ਼ਿੰਮੇਵਾਰੀ ਕਿਸਦੀ ਹੈ।

Send this to a friend