ਨਵੀਂ ਦਿੱਲੀ, 9 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਨੂੰ ਉਮੀਦਵਾਰ ਐਲਾਨਣਾ ਲਗਭਗ ਤੈਅ ਹੈ। ਇਸ ਸਬੰਧ ‘ਚ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਮੋਦੀ ਦੇ ਨਾਂਅ ‘ਤੇ ਮੋਹਰ ਲਗਾ ਕੇ ਇਸ ਨੂੰ ਅੱਗੇ ਵਧਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਭਾਜਪਾ ਵੱਲੋਂ ਇਸ ਸਬੰਧ ‘ਚ ਐਲਾਨ ਅਗਲੇ ਕੁਝ ਦਿਨਾਂ ਵਿਚ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਮੋਦੀ ਦੇ ਨਾਂਅ ‘ਤੇ ਸਹਿਮਤੀ ਆਰ ਐਸ ਐਸ ਤੇ ਭਾਜਪਾ ਦਰਮਿਆਨ ਹੋਈ ਦੋ ਦਿਨਾਂ ਤਾਲਮੇਲ ਬੈਠਕ ਦੌਰਾਨ ਬਣੀ, ਇਸ ਬੈਠਕ ‘ਚ ਭਾਜਪਾ ਤੇ ਆਰ ਐਸ ਐਸ ਦੇ ਸਾਰੇ ਵੱਡੇ ਨੇਤਾ ਮੌਜੂਦ ਸਨ। ਆਰ ਐਸ ਐਸ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਾਲਮੇਲ ਮੀਟਿੰਗ ਦੌਰਾਨ ਭਾਜਪਾ ਨੂੰ ਆਪਣੀ ਪਸੰਦ ਤੋਂ ਜਾਣੂ ਕਰਵਾ ਦਿੱਤਾ ਹੈ ਤੇ ਮੋਦੀ ਦੇ ਨਾਂਅ ਦਾ ਐਲਾਨ ਕਰਨ ਦੀ ਮਿਤੀ ਬਾਰੇ ਫੈਸਲਾ ਭਾਜਪਾ ਪ੍ਰਧਾਨ ਰਾਜਨਾਥ ਸਿੰਘ ‘ਤੇ ਛੱਡ ਦਿੱਤਾ ਹੈ।