June 19, 2026 7:49 pm

ਭਾਰਤੀ ਫੌਜ ਦੇ ਗੁਰਦੁਆਰਿਆਂ ਵਿੱਚ ਮਰਿਯਾਦਾ ਯਕੀਨੀ ਬਣਾਉਣ ਲਈ ਮੱਕੜ ਕਰਨਗੇ ਫੌਜੀ ਅਧਿਕਾਰੀਆਂ ਨਾਲ ਗੱਲ : ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ

ਤਲਵੰਡੀ ਸਾਬੋ, 9 ਸਤੰਬਰ (ਰਣਜੀਤ ਸਿੰਘ ਰਾਜੂ)-ਦੇਸ਼ ਦੀ ਫੌਜ ਦੀਆਂ ਛਾਉਣੀਆਂ ਅੰਦਰ ਬਣੇ ਗੁਰਦੁਆਰਾ ਸਾਹਿਬਾਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਸਹੀ ਢੰਗ ਨਾਲ ਲਾਗੂ ਨਾ ਹੋਣ ਦੇ ਮਾਮਲੇ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੰਭੀਰਤਾ ਨਾਲ ਲਿਆ ਹੈ, ਜਿਸ ਲਈ ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਮਰਿਆਦਾ ਕਾਇਮ ਕਰਨ ਲਈ ਕਿਹਾ ਹੈ। ਗਿਆਨੀ ਗੁਰਬਚਨ ਸਿੰਘ ਦਮਦਮਾ ਸਾਹਿਬ ਦੇ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਵਿਖੇ ਧਾਰਮਿਕ ਸ਼ਖਸੀਅਤ ਅਤੇ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਮੁਖੀ ਬਾਬਾ ਮਿੱਠਾ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ‘ਤੇ ਅਫਸੋਸ ਕਰਨ ਲਈ ਪੁੱਜੇ ਹੋਏ ਸਨ।
akaltakatsahib
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਦੀਆਂ ਛਾਉਣੀਆਂ ਅਤੇ ਯੂਨਿਟਾਂ ਦੇ ਅੰਦਰ ਬਣੇ ਗੁਰਦੁਆਰਾ ਸਾਹਿਬਾਨਾਂ ਵਿੱਚ ਮਰਿਯਾਦਾ ਸਹੀ ਤਰੀਕੇ ਨਾਲ ਲਾਗੂ ਨਾ ਹੋਣ ਦੀਆਂ ਸ਼ਿਕਾਇਤਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਯੂਨਿਟਾਂ ਵਿੱਚ ਸਥਿਤ ਗੁਰਦੁਆਰਿਆਂ ਵਿੱਚ ਆਮ ਤੌਰ ‘ਤੇ ਕਿਸੇ ਪੱਕੇ ਗ੍ਰੰਥੀ ਜਾਂ ਮਰਿਯਾਦਾ ਦੀ ਜਾਣਕਾਰੀ ਰੱਖਣ ਵਾਲੇ ਫੌਜੀ ਜਵਾਨ ਦੀ ਬਜਾਏ ਆਮ ਫੌਜੀ ਜਵਾਨਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਸਿੱਖ ਮਰਿਯਾਦਾ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀ ਹੁੰਦੀ। ਅਜਿਹੇ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਨਾਦਰ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਸਬੰਧੀ ਸ਼ਿਕਾਇਤ ਮਿਲਣ ਤਂੋ ਬਾਅਦ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੂੰ ਕਿਹਾ ਹੈ ਕਿ ਉਹ ਭਾਰਤੀ ਫੌਜ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਫੌਜ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਪੱਕੇ ਤੌਰ ‘ਤੇ ਪਰਪੱਕ ਗ੍ਰੰਥੀ ਰੱਖਣ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਫੌਜ ਦੇ ਮੰਦਰਾਂ ਵਿੱਚ ਪੱਕੇ ਪੁਜਾਰੀ ਰੱਖੇ ਗਏ ਹਨ ਉਸੇ ਤਰਾਂ ਗ੍ਰੰਥੀਆਂ ਦੀ ਨਿਯੁਕਤੀ ਵੀ ਪੱਕੇ ਤੌਰ ‘ਤੇ ਹੋਵੇ। ਇਸ ਤੋਂ ਪਹਿਲਾਂ ਉਨ੍ਹਾਂ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਛੋਟਾ ਸਿੰਘ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਬਾਬਾ ਕਾਕਾ ਸਿੰਘ ਅਤੇ ਹੋਰ ਕਮੇਟੀ ਮੈਂਬਰਾਂ ਨਾਲ ਬਾਬਾ ਮਿੱਠਾ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਅਫਸੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਬਾਬਾ ਮਿੱਠਾ ਸਿੰਘ ਦੇ ਅਕਾਲ ਚਲਾਣੇ ਨੂੰ ਸਿੱਖ ਪੰਥ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। ਉਨ੍ਹਾਂ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਪ੍ਰਬੰਧਕ ਬਾਬਾ ਛੋਟਾ ਸਿੰਘ ਨੂੰ ਦਸਤਾਰ ਵੀ ਭਂੇਟ ਕੀਤੀ, ਜਦੋ ਕਿ ਪ੍ਰਬੰਧਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ, ਗੁ. ਬੁੰਗਾ ਮਸਤੂਆਣਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਭਾਈ ਸੰਤ ਸਿੰਘ ਪਟਵਾਰੀ, ਬਾਬਾ ਤੇਜਾ ਸਿੰਘ ਹੈੱਡ ਗ੍ਰੰਥੀ, ਭਾਈ ਗੁਰਬਖਸ਼ ਸਿੰਘ ਗ੍ਰੰਥੀ, ਬਾਬਾ ਮਹਿੰਦਰ ਸਿੰਘ ਸੈਕਟਰੀ, ਜ਼ਿਲ੍ਹਾ ਯੋਜਨਾ ਬੋਰਡ ਮੁਕਤਸਰ ਸਾਹਿਬ ਦੇ ਚੇਅਰਮੈਨ ਡਿੰਪੀ ਢਿੱਲੋਂ ਵੀ ਵਿਸੇਸ਼ ਤੌਰ ‘ਤੇ ਹਾਜ਼ਰ ਸਨ।

Send this to a friend